ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀਆਂ ਦੀ ਸਾਂਭ ਸੰਭਾਲ ਦੀ ਜਿੰਮਵਾਰੀ ਵੀ ਲਵੇ ਸਰਕਾਰ

ਪੰਜਾਬ ਵਿੱਚ ਅਜਿਹੇ ਕਈ ਸਾਬਕਾ ਖਿਡਾਰੀ ਰਹਿੰਦੇ ਹਨ ਜਿਹਨਾਂ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਉੱਚਾ ਕੀਤਾ ਹੈ ਪਰੰਤੂ ਇਹ ਤ੍ਰਾਸਦੀ ਹੀ ਹੈ ਕਿ ਇਹਨਾਂ ਵਿੱਚੋਂ ਜਿਆਦਾਤਰ ਸਾਬਕਾ ਖਿਡਾਰੀਆਂ ਨੂੰ ਆਪਣੀ ਰੋਜ਼ੀ ਰੋਟੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ| ਅਜਿਹੇ ਬਹੁਤ ਸਾਰੇ ਸਾਬਕਾ ਖਿਡਾਰੀ ਤਾਂ ਆਪਣੇ ਘਰ ਦਾ ਖਰਚਾ ਚਲਾਉਣ ਲਈ ਆਪਣੇ ਤਮਗੇ ਅਤੇ ਮੈਡਲ ਤਕ  ਵੇਚ ਚੁੱਕੇ ਹਨ| ਕੋਈ ਸਾਬਕਾ ਖਿਡਾਰੀ ਨਾਰੀਅਲ ਪਾਣੀ ਵੇਚ ਰਿਹਾ ਹੈ ਅਤੇ ਕੋਈ ਚਾਹ ਦਾ ਖੋਖਾ ਲਾਉਂਦਾ ਹੈ| ਕੋਈ ਵੈਲਡਿੰਗ ਦੀ ਦੁਕਾਨ ਉੱਪਰ ਹੈਲਪਰ ਬਣਿਆ ਹੋਇਆ ਹੈ ਅਤੇ ਅਜਿਹੇ ਕਈ ਸਾਬਕਾ ਖਿਡਾਰੀ ਪ੍ਰਾਈਵੇਟ ਤੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵਿੱਚ ਪੰਜ ਸੱਤ ਹਜ਼ਾਰ ਮਹੀਨਾ ਉੱਪਰ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ|
ਇਹ ਉਹ ਸਾਬਕਾ ਖਿਡਾਰੀ ਹਨ ਜਿਹਨਾਂ ਨੇ ਆਪਣੇ ਖੇਡ ਕੈਰੀਅਰ ਦੌਰਾਨ ਖੇਡਾਂ ਵਿੱਚ ਭਾਵੇਂ ਬਹੁਤ ਮੱਲਾਂ ਮਾਰੀਆਂ ਹੁੰਦੀਆਂ ਹਨ ਪਰ ਇਹ ਪੜਾਈ ਵਿੱਚ ਅਵੇਸਲੇ ਰਹਿ ਜਾਂਦੇ ਹਨ ਜਿਸ ਕਰਕੇ ਇਹਨਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲਦੀ ਅਤੇ ਬਾਅਦ ਵਿੱਚ ਜਦੋਂ ਇਹ ਖਿਡਾਰੀ ਸਾਬਕਾ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਥਾਂ ਥਾਂ ਤੇ ਧੱਕੇ ਖਾਣੇ ਪੈਂਦੇ ਹਨ| ਸੂਬਾ ਅਤੇ ਕੇਂਦਰ ਸਰਕਾਰ ਵਲੋਂ  ਭਾਵੇਂ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਦੀ ਬਿਹਤਰੀ ਲਈ ਕਈ ਕਦਮ ਚੁੱਕੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਇਹ ਕਾਰਵਾਈ ਪੂਰੀ ਨਹੀਂ ਪੈਂਦੀ| ਸਾਡੇ ਬਹੁਤ ਸਾਰੇ ਖਿਡਾਰੀ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਚੰਗੇ ਅਹੁਦਿਆਂ ਉਪਰ ਤੈਨਾਤ ਹਨ ਅਤੇ ਵੱਡੀ ਗਿਣਤੀ ਖਿਡਾਰੀਆਂ ਨੂੰ ਸਰਕਾਰ ਵਲੋਂ ਪੁਲੀਸ ਵਿੱਚ ਵੀ ਪਹਿਲ ਦੇ ਆਧਾਰ ਉੱਪਰ ਨੌਕਰੀ ਵੀ ਦਿੱਤੀ ਜਾਂਦੀ ਹੈ| ਅਜਿਹਾ ਕਰਕੇ ਸਰਕਾਰ ਆਪਣੇ ਫਰਜ਼ ਨੂੰ ਪੂਰਾ ਹੋਇਆ ਵੀ ਸਮਝਦੀ ਹੈ ਪਰੰਤੂ ਇਸਦੇ ਬਾਵਜੂਦ ਸੂਬੇ ਵਿੱਚ ਅਜਿਹੇ ਖਿਡਾਰੀਆਂ ਦੀ ਵੱਡੀ ਗਿਣਤੀ ਮੌਜੂਦ ਹੈ ਜਿਹਨਾਂ ਕੋਲ ਆਪਣੇ ਰੁਜਗਾਰ ਦੇ ਲੋੜੀਂਦੇ ਸਾਧਨ ਨਾ ਹੋਣ ਕਾਰਨ ਉਹਨਾਂ ਲਈ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਛੋਟੀਆਂ ਮੋਟੀਆਂ ਨੌਕਰੀਆਂ ਜਾਂ ਮਜਦੂਰੀ ਤਕ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ|
ਸੂਬੇ ਵਿੱਚ ਅਜਿਹੇ ਵੱਡੀ ਗਿਣਤੀ ਸਾਬਕਾ ਖਿਡਾਰੀ  ਬੇਰੁਜਗਾਰੀ ਦੀ ਮਾਰ ਝੱਲ ਰਹੇ ਹਨ ਜਿਹਨਾਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਵੇਲੇ ਕਿਸੇ ਦੀ ਪਰਵਾਹ ਨਹੀਂ ਹੁੰਦੀ ਸੀ ਅਤੇ ਉਹਨਾਂ ਵਲੋਂ ਆਪਣਾ ਪੂਰਾ ਧਿਆਨ ਖੇਡਾਂ ਵੱਲ ਲਾਇਆ ਹੋਣ ਕਾਰਨ  ਉਹਨਾਂ ਨੇ ਰੁਜਗਾਰ ਹਾਸਿਲ ਕਰਨ ਧਿਆਨ ਨਹੀਂ ਦਿੱਤਾ| ਪਰੰਤੂ ਹੁਣ ਜਦੋਂ ਉਹ ਖੇਡ ਦੇ ਮੈਦਾਨ ਤੋਂ ਬਾਹਰ ਹੋ ਚੁੱਕੇ ਹਨ ਉਹਨਾਂ ਲਈ ਖੁਦ ਦਾ ਜੀਵਨ ਨਿਰਵਾਹ ਕਰਨਾ ਬਹੁਤ ਔਖਾ ਹੈ| ਅਜਿਹੇ ਵੱਡੀ ਗਿਣਤੀ ਖਿਡਾਰੀ ਕੋਈ ਨੌਕਰੀ ਨਾ ਮਿਲਣ ਕਾਰਨ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੇ ਹਨ ਅਤੇ ਇਹਨਾਂ ਦੇ ਪਰਿਵਾਰ ਵਾਲੇ ਵੀ ਇਹਨਾਂ ਨੂੰ ਬੋਝ ਸਮਝਦੇ ਹਨ|
ਇਹਨਾਂ ਸਾਬਕਾ ਖਿਡਾਰੀਆਂ ਨੂੰ ਜਿਦਗੀ ਦੀ ਇਸ ਸ਼ਾਮ ਦੌਰਾਨ ਤਾਹਨੇ ਮਿਹਨਿਆਂ ਵਿੱਚ ਗੁਜਾਰਾ ਕਰਨਾ ਪੈਂਦਾ ਹੈ ਅਤੇ ਇਹਨਾਂ ਦੀ ਚੜ੍ਹਤ ਵੇਲੇ ਜਿਹੜੇ ਵਿਅਕਤੀ ਇਹਨਾਂ ਨਾਲ ਫੋਟੋ ਖਿਚਵਾਉਣ ਲਈ ਘੰਟਿਆਂ ਬੱਧ ਖੜ੍ਹੇ ਰਹਿੰਦੇ ਸਨ, ਹੁਣ ਉਹ ਉਹਨਾਂ ਨੂੰ ਮਿਲਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ| ਜਦੋਂ ਇਹ ਸਾਬਕਾ ਖਿਡਾਰੀ ਕਿਸੇ ਕੰਮ ਲਈ ਆਪਣੇ ਪਿੰਡ ਦੇ ਸਰਪੰਚ ਜਾਂ ਵਾਰਡ ਦੇ ਕੌਂਸਲਰ ਦੇ ਘਰ ਜਾਂਦੇ ਹਨ ਤਾਂ ਅੱਗੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸਰਦਾਰ ਸਾਹਿਬ ਘਰ ਨਹੀਂ ਜਦੋਂਕਿ ਜਿਸਨੂੰ ਉਹ ਮਿਲਣ ਗਏ ਹੁੰਦੇ ਹਨ ਉਸਦੀ ਉੱਚੀ-ਉੱਚੀ ਗੱਲਾਂ ਕਰਨ ਦੀ ਆਵਾਜ਼ ਬਾਹਰ ਤੱਕ ਆ ਰਹੀ ਹੁੰਦੀ ਹੈ|
ਪੰਜਾਬ ਦੀ ਨਵੀਂ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਮੌਜੂਦਾ ਖਿਡਾਰੀਆਂ ਦੇ ਨਾਲ ਹੀ ਸਾਬਕਾ ਖਿਡਾਰੀਆਂ ਦੀ ਵੀ ਸਾਰ ਲਵੇ ਅਤੇ ਇਹਨਾਂ ਸਾਬਕਾ ਖਿਡਾਰੀਆਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆਂ ਕਰਵਾਏ ਜਾਣ ਤਾਂ ਜੋ ਉਹ ਆਪਣਾ ਅਤੇ ਪਰਿਵਾਰ ਦਾ ਗੁਜਾਰਾ ਚਲਾ ਸਕਣ| ਇਹ ਠੀਕ ਹੈ ਕਿ ਸਰਕਾਰ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਪਰ ਇਹਨਾਂ ਸਾਬਕਾ ਖਿਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਸਵੈਰੁਜਗਾਰ ਦੇ ਮੌਕੇ ਮੁਹਈਆ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਇਹ ਸਾਬਕਾ ਖਿਡਾਰੀ ਵੀ ਸਨਮਾਨਜਨਕ ਢੰਗ ਨਾਲ ਆਪਣੀ ਜਿੰਦਗੀ ਬਤੀਤ ਕਰ ਸਕਣ| ਇਹਨਾਂ ਸਾਬਕਾ ਖਿਡਾਰੀਆਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *