ਸੂਬੇ ਦੀਆਂ ਜੇਲ੍ਹਾਂ ਵਿੱਚ ਹੁੰਦੀ ਨਸ਼ਿਆਂ ਦੀ ਸਪਲਾਈ ਤੇ ਕਾਬੂ ਕਰਨ ਵਿੱਚ ਨਾਕਾਮ ਕਿਉਂ ਹੈ ਸਰਕਾਰ

ਪੌਣੇ ਦੋ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕਾਂਗਰਸ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਵੇਲੇ ਪੰਜਾਬ ਦੀ ਜਨਤਾ ਨਾਲ ਵਾਇਦਾ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਵਲੋਂ ਸੱਤਾ ਵਿੱਚ ਆਉਣ ਸਾਰ ਸ਼ਿਆਂ ਦੀ ਸੱਮਸਿਆ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਦੇ ਸਾਰੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਬੁਰੀ ਤਰ੍ਹਾਂ ਬਰਬਾਦ ਕਰਨ ਵਾਲੀ ਨਸ਼ਿਆਂ ਦੀ ਇਸ ਲਾਹਨਤ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਸਰਕਾਰ ਦਾ ਚਾਰਜ ਸੰਭਾਲਣ ਤੋਂ ਬਾਅਦ ਇਸ ਸੰਬੰਧੀ ਪੰਜਾਬ ਪੁਲੀਸ ਦੇ ਵਿਸ਼ੇਸ਼ ਕਾਰਜ ਦਸਤੇ (ਐਸ ਆਈ ਟੀ) ਦਾ ਗਠਨ ਕਰਕੇ ਉਸਨੂੰ ਨਸ਼ਿਆਂ ਦੀ ਸਪਲਾਈ ਤੇ ਰੋਕ ਲਗਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ ਅਤੇ ਇਸ ਟੀਮ ਵਲੋਂ ਪਿਛਲੇ ਪੌਣੇ ਦੋ ਸਾਲਾਂ ਦੌਰਾਨ ਸੈਂਕੜੇ ਨਹੀਂ ਬਲਕਿ ਹਜਾਰਾਂ ਦੀ ਗਿਣਤੀ ਵਿੱਚ ਨਸ਼ਾਂ ਸਪਲਾਈ ਕਰਨ ਵਾਲਿਆਂ (ਜਿਹਨਾਂ ਵਿੱਚੋਂ ਵੱਡੀ ਗਿਣਤੀ ਨਸ਼ੇੜੀਆਂ ਦੀ ਹੀ ਹੈ) ਨੂੰ ਕਾਬੂ ਕਰਕੇ ਨਸ਼ਿਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਵੀ ਕੀਤੇ ਗਏ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਇਸ ਦੌਰਾਨ ਨਾ ਤਾਂ ਨਸ਼ਿਆਂ ਦੀ ਸਪਲਾਈ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੀ ਕੋਈ ਕਮੀ ਆਈ ਹੈ|
ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਇਸ ਕਾਰੋਬਾਰ ਤੇ ਰੋਕ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਦੂਜੇ ਪਾਸੇ ਸੂਬੇ ਦੀਆਂ ਜੇਲ੍ਹਾਂ (ਜਿੱਥੇ ਸਰਕਾਰੀ ਤੰਤਰ ਦੀ ਨਿਗਰਾਨੀ ਬਗੈਰ ਪੱਤਾ ਤਕ ਨਹੀਂ ਖੜਕਦਾ) ਵਿੱਚ ਵੀ ਕੈਦੀਆਂ ਨੂੰ ਵੱਡੇ ਪੱਧਰ ਤੇ ਨਸ਼ਿਆਂ ਦੇ ਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਸੂਬੇ ਦੀਆਂ ਵੱਖ ਵੱਖ ਜੇਲਾਂ ਵਿੱਚ ਕੈਦੀਆਂ ਨੂੰ ਕੀਤੀ ਜਾਂਦੀ ਨਸ਼ੀਲੀਆਂ ਵਸਤੂਆਂ ਦੀ ਸਪਲਾਈ ਦੀ ਸਮੱਸਿਆ ਗੰਭੀਰ ਹਾਲਤ ਵਿੱਚ ਹੈ| ਜੇਲ੍ਹਾਂ ਵਿੱਚ ਕੈਦੀਆਂ ਕੋਲੋਂ ਸਮੇਂ ਸਮੇਂ ਤੇ ਹੁੰਦੀ ਨਸ਼ਿਆਂ ਦੇ ਸਾਮਾਨ ਦੀ ਬਰਾਮਦਗੀ ਨਾਲ ਇਸ ਸਮੱਸਿਆ ਦੀ ਗੰਭੀਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਅਤੇ ਸੂਬੇ ਦੀਆਂ ਜੇਲ੍ਹਾਂ ਵਿੱਚ ਪੈਸਾ ਖਰਚਣ ਵਾਲੇ ਜਾਂ ਰਸੂਖਦਾਰ ਕੈਦੀਆਂ ਨੂੰ ਹਰ ਤਰ੍ਹਾਂ ਦੇ ਐਸ਼ੋ ਆਰਾਮ ਅਤੇ ਨਸ਼ਾਖੋਰੀ ਦਾ ਸਾਮਾਨ ਆਸਾਨੀ ਨਾਲ ਉਪਲਬਧ ਕਰਵਾਏ ਜਾਣ ਦੇ ਇਲਜਾਮ ਆਮ ਲੱਗਦੇ ਹਨ|
ਜੇਲ੍ਹਾਂ ਵਿੱਚ ਹੁੰਦੀ ਨਸ਼ਿਆਂ ਦੀ ਇਹ ਸਪਲਾਈ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੈ ਅਤੇ ਜਾਹਿਰ ਹੈ ਕਿ ਜੇਲ੍ਹਾਂ ਵਿੱਚ ਚਲਣ ਵਾਲਾ ਇਹ ਕਾਲਾ ਕਾਰੋਬਾਰ ਜੇਲ੍ਹ ਪ੍ਰਸ਼ਾਸ਼ਨ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਚਲਾਇਆ ਜਾ ਸਕਦਾ| ਨਸ਼ਿਆਂ ਦੀ ਇਹ ਸਪਲਾਈ ਸੂਬੇ ਦੀਆਂ ਸਖਤ ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਵੀ ਕੀਤੀ ਜਾਂਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਲੋਂ ਜਿੱਥੇ ਜੇਲ੍ਹ ਪ੍ਰਸ਼ਾਸ਼ਨ ਨੂੰ ਖੁਸ਼ ਰੱਖਿਆ ਜਾਂਦਾ ਹੈ ਉੱਥੇ ਕੈਦੀਆਂ ਵਿੱਚ ਹੀ ਮੌਜੂਦ ਇਹਨਾਂ ਦੇ ਏਜੰਟ ਹੋਰਨਾਂ ਕੈਦੀਆਂ ਨੂੰ ਨਸ਼ਿਆਂ ਦੀ ਵਿਕਰੀ ਕਰਦੇ ਹਨ|
10 ਕੁ ਸਾਲ ਪਹਿਲਾਂ ਉਸ ਵੇਲੇ ਦੇ ਪੰਜਾਬ ਪੁਲੀਸ ਦੇ ਡੀ ਜੀ ਪੀ (ਜੇਲ੍ਹਾਂ) ਸ੍ਰੀ ਸ਼ਸ਼ੀਕਾਂਤ ਨੇ ਖੁਲਾਸਾ ਕੀਤਾ ਸੀ ਕਿ ਜੇਲ੍ਹਾਂ ਵਿੱਚ ਚਲਣ ਵਾਲਾ ਨਸ਼ਿਆਂ ਦਾ ਇਹ ਪੂਰਾ ਕਾਰੋਬਾਰ ਵੱਡੇ ਸਿਆਸਤਦਾਨਾਂ ਅਤੇ ਨੋਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਾਇਆ ਜਾਂਦਾ ਹੈ ਅਤੇ ਇਸੇ ਕਾਰਨ ਇਸਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਨੂੰ ਸ਼ੁਰੂ ਹੁੰਦਿਆਂ ਹੀ ਵਿਚਾਲੇ ਰੋਕ ਦਿੱਤਾ ਜਾਂਦਾ ਹੈ| ਉਹਨਾਂ ਵਲੋਂ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਸੂਬੇ ਦੀ ਜੇਲ੍ਹਾਂ ਵਿੱਚ ਨਸ਼ਿਆਂ ਦੀ ਸਪਲਾਈ ਤੇ ਰੋਕ ਲਗਾਉਣ ਲਈ ਉਹਨਾਂ ਵਲੋਂ ਆਰੰਭ ਕੀਤੀ ਗਈ ਸਖਤ ਕਾਰਵਾਈ ਨੂੰ ਬੰਦ ਕਰਵਾਉਣ ਲਈ ਉਹਨਾਂ ਉੱਪਰ ਨਾ ਸਿਰਫ ਦਬਾਓ ਪਾਇਆ ਗਿਆ ਸੀ ਬਲਕਿ ਅਜਿਹਾ ਨਾ ਕਰਨ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ|
ਕੈਪਟਨ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੀਆਂ ਜੇਲ੍ਹਾਂ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕੇ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ| ਇਸਦੇ ਨਾਲ ਨਾਲ ਇਸ ਕੰਮ ਵਿੱਚ ਲੱਗੇ ਜ੍ਹੇਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਵੀ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਸੂਬੇ ਦੀ ਜੇਲ੍ਹਾਂ ਤੋਂ ਨਸ਼ਿਆਂ ਦੇ ਇਸ ਕੋਹੜ ਦਾ ਖਾਤਮਾ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *