ਸੂਬੇ ਦੀ ਖਸਤਾ ਹਾਲ ਸਰਕਾਰੀ ਬਸ ਸੇਵਾ ਵਿੱਚ ਸੁਧਾਰ ਕਰਨਾ ਸਰਕਾਰ ਦੀ ਜਿੰਮੇਵਾਰੀ

ਸੂਬੇ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਆਮ ਜਨਤਾ ਨੂੰ ਜਨਤਕ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਸਰਕਾਰ ਦੀ ਜਨਤਕ ਆਵਜਾਈ ਵਿਵਸਥਾ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਹੈ| ਸਰਕਾਰ ਵਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ ਦੀਆਂ ਬੱਸਾਂ ਚਲਾਈਆਂ ਜਾਂਦੀਆਂ ਹਨ ਅਤੇ ਇਹਨਾਂ ਤੋਂ ਇਲਾਵਾ ਸੂਬੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਵੀ ਚਲਦੀਆਂ ਹਨ|
ਸਰਕਾਰ ਵਲੋਂ ਸਮੇਂ ਸਮੇਂ ਤੇ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ ਦੇ ਬੇੜੇ ਵਿੱਚ ਵਿੱਚ ਸ਼ਾਮਿਲ ਕਰਨ ਲਈ ਵੱਡੀ ਗਿਣਤੀ ਨਵੀਆਂ ਬਸਾਂ ਦੀ ਖਰੀਦ ਵੀ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਹਨਾਂ ਨਵੀਆਂ ਬਸਾਂ ਰਾਂਹੀ ਆਮ ਲੋਕਾਂ ਨੂੰ ਵਧੀਆ ਸਫਰ ਦੀ ਸਹੂਲੀਅਤ ਮੁਹਈਆ ਹੋਵੇਗੀ| ਪਰੰਤੂ ਇਸ ਸਭ ਕੁੱਝ ਦੇ ਬਾਵਜੂਦ ਸੂਬੇ ਵਿੱਚ ਚਲਦੀਆਂ ਜਿਆਦਾਤਰ ਸਰਕਾਰੀ ਬਸਾਂ (ਖਾਸ ਕਰ ਪੇਂਡੂ ਖੇਤਰ ਦੀਆਂ) ਹੁਣੇ ਵੀ ਖਸਤਾ ਹਾਲਤ ਵਿੱਚ ਹੀ ਹਨ ਅਤੇ ਇਹਨਾਂ ਉੱਪਰ ਹੁਣੇ ਵੀ ‘ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ’ ਵਾਲੀ ਗੱਲ ਪਹਿਲਾਂ ਵਾਂਗ ਹੀ ਢੁੱਕਦੀ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਪੀ ਆਰ ਟੀ ਸੀ ਵਲੋਂ ਜਿਹੜੀਆਂ ਨਵੀਆਂ ਬਸਾਂ ਦੀ ਖਰੀਦ ਕੀਤੀ ਜਾਂਦੀ ਹੈ ਉਹ ਜਾਂ ਤਾਂ ਡਿਪੂਆਂ ਵਿੱਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਜਾਂ ਫਿਰ ਲੰਬੇ ਰੂਟਾਂ ਤੇ ਭੇਜੀਆਂ ਜਾਂਦੀਆਂ ਹਨ| ਛੋਟੇ ਸ਼ਹਿਰੀ ਰੂਟਾਂ ਅਤੇ ਪੇਂਡੂ ਰੂਟਾਂ ਤੇ ਤਾਂ ਅਜਿਹੀਆਂ ਪੁਰਾਣੀਆਂ ਖਸਤਾਹਾਲ ਬੱਸਾਂ ਹੀ ਚਲਦੀਆਂ ਹਨ ਜਿਹਨਾਂ ਵਿੱਚੋਂ ਵੱਡੀ ਗਿਣਤੀ ਬੱਸਾਂ ਤਾਂ ਧੱਕਾ ਸਟਾਰਟ ਹਨ|
ਬਦਰੰਗ ਹੋ ਚੁੱਕੀਆਂ ਅਤੇ ਚਲਣ ਵੇਲੇ ਖੜਕਦੀਆਂ ਇਹ ਬੱਸਾਂ ਅਕਸਰ ਆਪਣੀ ਮੰਜਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਜਵਾਬ ਦੇ ਜਾਂਦੀਆਂ ਹਨ ਜਿਸ ਕਾਰਨ ਇਹਨਾਂ ਵਿਚ ਸਫਰ ਕਰ ਰਹੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹਨਾਂ ਵਿੱਚੋਂ ਜਿਆਦਾਤਰ ਦੀਆਂ ਸੀਟਾਂ ਟੁੱਟੀਆਂ ਹੁੰਦੀਆਂ ਹਨ ਅਤੇ ਸ਼ੀਸ਼ੇ ਖੜਕਦੇ ਰਹਿੰਦੇ ਹਨ| ਲੋਕਾਂ ਨੂੰ ਮਜਬੂਰੀ ਵਿੱਚ ਇਹਨਾਂ ਬੱਸਾਂ ਵਿਚ ਸਫਰ ਕਰਨਾ ਪੈਂਦਾ ਹੈ| ਸਟਾਰਟ ਹੋਣ ਵੇਲੇ ਇਹ ਸਰਕਾਰੀ ਬੱਸਾਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਵੀ ਕੱਢਦੀਆਂ ਕਰਦੀਆਂ ਹਨ ਜਿਸ ਕਾਰਨ ਕਈ ਵਾਰ ਤਾਂ ਛੋਟੇ ਬੱਚੇ ਡਰ ਕੇ ਰੋਣ ਤਕ ਲੱਗ ਜਾਂਦੇ ਹਨ| ਉਂਝ ਤਾਂ ਸਰਕਾਰ ਵਲੋਂ ਏ. ਸੀ ਬੱਸਾਂ ਵੀ ਚਲਾਈਆਂ ਜਾਂਦੀਆਂ ਹਨ ਪਰੰਤੂ ਇਹ ਬਸਾਂ ਵੀ ਲੰਬੇ ਰੂਟਾਂ ਤੇ ਹੀ ਚਲਦੀਆਂ ਹਨ ਅਤੇ ਲੋਕਲ ਰੂਟਾਂ ਤੇ ਇਹਨਾਂ ਦੀ ਸਹੂਲੀਅਤ ਨਹੀਂ ਮਿਲਦੀ| ਇਹਨਾਂ ਸਰਕਾਰੀ ਏ. ਸੀ ਬੱਸਾਂ ਵਿੱਚੋਂ ਵੀ ਵੱਡੀ ਗਿਣਤੀ ਬਸਾਂ ਪੁਰਾਣੀਆਂ ਹੋ ਜਾਣ ਅਤੇ ਉਚਿਤ ਰੱਖ ਰਖਾਓ ਦੀ ਘਾਟ ਕਾਰਨ ਮਾੜੀ ਹਾਲਤ ਵਿੱਚ ਹਨ|
ਇਸ ਸਾਰੇ ਕੁੱਝ ਦਾ ਸਿੱਧਾ ਫਾਇਦਾ ਨਿੱਜੀ ਬਸ ਆਪਰੇਟਰਾਂ ਨੂੰ ਹੀ ਹੁੰਦਾ ਹੈ ਜਿਹਨਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਦੁਰਵਿਵਹਾਰ ਕਾਰਨ ਆਮ ਲੋਕ ਸਰਕਾਰੀ ਬੱਸਾਂ ਵਿਚ ਚੜ੍ਹਨਾ ਜਿਆਦਾ ਸੁਰਖਿਅਤ ਸਮਝਦੇ ਹਨ ਪਰੰਤੂ ਸਰਕਾਰੀ ਬਸਾਂ ਦੀ ਮਾੜੀ ਹਾਲਤ ਕਾਰਨ ਉਹ ਮਜਬੂਰੀ ਵਿੱਚ ਨਿੱਜੀ ਬਸਾਂ ਵਿੱਚ ਸਫਰ ਕਰਦੇ ਹਨ| ਇਹਨਾਂ ਪ੍ਰਾਈਵੇਟ ਬੱਸਾਂ ਉਪਰ ਬੋਰਡ ਲੰਬੇ ਰੂਟ ਦੇ ਲੱਗੇ ਹੁੰਦੇ ਪਰ ਬੱਸ ਇਸ ਰੂਟ ਦੇ ਅੱਧ ਵਿਚਕਾਰ ਹੀ ਜਾਂਦੀ ਹੁੰਦੀ ਹੈ ਅਤੇ ਉੱਥੇ ਜਾ ਕੇ ਇਹ ਬਸਾਂ ਵਾਲੇ ਸਵਾਰੀਆਂ ਨੂੰ ਕਿਸੇ ਹੋਰ ਬੱਸ ਵਿਚ ਚੜ੍ਹਾ ਦਿੰਦੇ ਹਨ ਜੋਸ ਕਾਰਨ ਸਵਾਰੀਆਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਉਹਨਾਂ ਨੂੰਅ ਖੱਜਲਖੁਆਰੀ ਵੀ ਸਹਿਣੀ ਪੈਂਦੀ ਹੈ ਪਰੰਤੂ ਇਹ ਨਿੱਜੀ ਆਪਰੇਟਰ ਜਰੂਰ ਮੋਟਾ ਮੁਨਾਫਾ ਕਮਾਉਂਦੇ ਹਨ| ਇਸ ਸਾਰੇ ਕੁੱਝ ਤੋਂ ਤੰਗ ਲੋਕ ਸਰਕਾਰੀ ਬੱਸਾਂ ਵਿਚ ਹੀ ਸਫਰ ਕਰਨ ਨੂੰ ਤਰਜੀਹ ਦਿੰਦੇ ਹਨ ਪਰੰਤੂ ਸਰਕਾਰੀ ਬਸਾਂ ਦੀ ਖਸਤਾ ਹਾਲਤ ਉਹਨਾਂ ਦੀ ਪਰੇਸ਼ਾਨੀ ਨੂੰ ਹੋਰ ਵੀ ਵਧਾ ਦਿੰਦੀ ਹੈ|
ਪੰਜਾਬ ਦੀ ਨਵੀਂ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਜਨਤਾ ਨੂੰ ਬਿਹਤਰ ਆਵਾਜਾਈ ਸਹੂਲਤਾ ਮੁਹਈਆ ਕਰਵਾਉਣ ਲਈ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਸੂਬੇ ਵਿੱਚ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਹਾਸਿਲ ਹੋਣ| ਇਸ ਵਾਸਤੇ ਜਰੂਰੀ ਹੈ ਕਿ ਖਸਤਾਹਾਲ ਹੋ ਚੁੱਕੀਆਂ ਬਸਾਂ ਨੂੰ ਰੂਟਾਂ ਤੇ ਉਤਾਰਨ ਦੀ ਥਾਂ ਕੰਡਮ ਕੀਤਾ ਜਾਵੇ ਅਤੇ ਇਹਨਾਂ ਦੀ ਥਾਂ ਨਵੀਆਂ ਬਸਾਂ ਨੂੰ ਸਵਾਰੀਆਂ ਢੋਣ ਦੇ ਕੰਮ ਤੇ ਲਗਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸੁਰਖਿਅਤ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲੀਅਤ ਮਿਲੇ ਅਤੇ ਉਹਨਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਹਾਸਿਲ ਹੋਵੇ|

Leave a Reply

Your email address will not be published. Required fields are marked *