ਸੂਬੇ ਦੇ ਟਰਾਂਸਪੋਰਟ ਖੇਤਰ ਵਿੱਚ ਵੱਡੇ ਪੱਧਰ ਤੇ ਲਿਆਂਦੇ ਜਾਣਗੇ ਸੁਧਾਰ: ਅਰੁਣਾ ਚੌਧਰੀ

ਸੂਬੇ ਦੇ ਟਰਾਂਸਪੋਰਟ ਖੇਤਰ ਵਿੱਚ ਵੱਡੇ ਪੱਧਰ ਤੇ ਲਿਆਂਦੇ ਜਾਣਗੇ ਸੁਧਾਰ: ਅਰੁਣਾ ਚੌਧਰੀ
ਪੰਜਾਬ ਵਿੱਚ ਡਾਇਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ : ਸਿੱਧੂ
ਐਸ.ਏ.ਐਸ .ਨਗਰ , 23 ਮਾਰਚ (ਸ.ਬ.) ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਤੇ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਹੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ, ਪੰਜਾਬ ਅਰੁਣਾ ਚੌਧਰੀ ਨੇ ਸਰਕਾਰੀ ਕਾਲਜ ਫੇਜ਼-6 ਦੇ 34ਵੇਂ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਟਰਾਂਸਪੋਰਟ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਂਦੇ ਜਾਣਗੇ|
ਇਸ ਤੋਂ ਪਹਿਲਾਂ ਸ਼ਮ੍ਹਾ ਰੌਸ਼ਨ ਕਰ ਕੇ ਸਮਾਗਮ ਦਾ ਆਗਾਜ਼ ਕਰਨ ਉਪਰੰਤ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ, ਸ੍ਰ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਡਾਇਰੀ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਕਿਸਾਨਾਂ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਵਿਸੇਸ਼ ਉਪਰਾਲੇ ਕੀਤੇ ਜਾਣਗੇ| ਸ੍ਰ: ਸਿੱਧੂ ਨੇ ਇਸ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਕਾਲਜ਼ ਦੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ| ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ਼ ਐਸ.ਏ.ਐਸ਼.ਨਗਰ ਇੱਕ ਨਾਂਮਵਰ ਸੰਸਥਾ ਹੈ ਅਤੇ ਇੱਥੋਂ ਪੜ੍ਹ ਕੇ ਗਏ ਵਿਦਿਆਰਥੀਆਂ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੂਬੇ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ ਇਸ ਕਾਲਜ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਜੋੜਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਇਸ ਕਾਲਜ਼ ਨੂੰ ਚੰਡੀਗੜ੍ਹ ਦੇ ਕਾਲਜ਼ਾਂ ਦੇ ਪੈਟਰਨ ਤੇ ਲਿਆਂਦਾ ਜਾ ਸਕੇ|
ਪੱਤਰਕਾਰਾਂ ਨਾਲ ਕਿਰਤ ਵਿਭਾਗ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਸਭ ਤੋਂ ਅਹਿਮ ਵਿਭਾਗ ਹੈ ਜੋ ਕਿ ਲੋਕ ਸੇਵਾ ਨੂੰ ਸਮਰਪਿਤ ਹੈ| ਇਸ ਲਈ ਇਸ ਵਿਭਾਗ ਵਿਚ ਨਵੀਆਂ ਤਬਦੀਲੀਆਂ ਲਿਆਂਦੀਆਂ ਜਾਣਗੀਆਂ| ਪੱਤਰਕਾਰਾਂ ਵੱਲੋਂ ਮੁਹਾਲੀ ਵਿਖੇ ਲੇਬਰ ਸ਼ੈਡ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿੱਥੇ ਲੋੜ ਪਈ ਉਨ੍ਹਾਂ ਢੁੱਕਵੀਆਂ ਥਾਵਾਂ ਤੇ ਲੋੜੀਂਦੇ ਲੇਬਰ ਸ਼ੈਡ ਬਣਾਏ ਜਾਣਗੇ ਤਾਂ ਜੋ ਲੇਬਰ ਨੂੰ ਗਰਮੀ ਸਰਦੀ ਦੇ ਦਿਨਾਂ ਵਿਚ ਬੈਠਣ ਆਦਿ ਦੀ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ| ਇਸ ਤੋਂ ਪਹਿਲਾਂ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ, ਪੰਜਾਬ ਅਰੁਣਾ ਚੌਧਰੀ ਅਤੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ, ਸ੍ਰ: ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ|
ਸਮਾਗਮ ਵਿੱਚ ਕੁੱਲ 06 ਰੋਲ ਆਫ਼ ਆਨਰ, 38 ਕਾਲਜ ਕਲਰ, 26 ਮੈਮੋਰੀਅਲ ਐਵਾਰਡ, ਅਕਾਦਮਿਕ ਖੇਤਰ, ਖੇਡਾਂ ਦੇ ਖੇਤਰ ਅਤੇ ਹੋਰ ਸਹਿ ਗਤੀਵਿਧੀਆਂ ਦੇ ਖੇਤਰ ਵਿੱਚ 400 ਤੋਂ ਵੱਧ ਇਨਾਮ ਅਤੇ ਮੈਰਿਟ ਸਰਟੀਫਿਕੇਟ ਵੰਡੇ ਗਏ| ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਆਰ.ਪੀ.ਸਿੰਘ ਅਤੇ ਹੋਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ| ਇਸ ਤੋਂ ਪਹਿਲਾਂ ਕਾਲਜ਼ ਦੇ ਸਲਾਨਾ ਇਨਾਮ ਵੰਡ ਸਮਾਂਰੋਹ ਵਿਚ ਪੁੱਜਣ ਤੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਸ੍ਰ:ਸਿੱਧੂ ਸਮੇਤ ਹੋਰਨਾਂ ਪੁੱਜੀਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਿਆ| ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ, ਪ੍ਰੋ:ਜਸਪਾਲ ਸਿੰਘ, ਐਡਵੋਕੇਟ ਕਮਰਵੀਰ ਸਿੰਘ ਸਿੱਧੂ, ਕੌਂਸਲਰ ਨਰਾਇਣ ਸਿੰਘ ਸਿੱਧੂ ਅਤੇ ਨਛੱਤਰ ਸਿੰਘ ਇਸ ਤੋਂ ਇਲਾਵਾ ਗੁਰਚਰਨ ਸਿੰਘ ਭਮਰਾ, ਜੀ.ਐਸ.ਰਿਆੜ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *