ਸੂਬੇ ਦੇ ਲੋਕਤੰਤਰ ਲਈ ਕਾਲਾ ਦਿਨ

ਪੰਜਾਬ ਵਿਧਾਨਸਭਾ ਵਿੱਚ ਬੀਤੇ ਕੱਲ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਵਲੋਂ ਜਬਰੀ ਬਾਹਰ ਕੱਢਿਆ ਗਿਆ (ਜਿਸ ਦੌਰਾਨ ਇੱਕ ਮਹਿਲਾ ਵਿਧਾਇਕ ਜਖਮੀ ਹੋਈ ਅਤੇ ਇੱਕ ਵਿਧਾਇਕ ਦੀ ਪੱਗ ਵੀ ਉਤਰ ਗਈ) ਨੇ ਪੂਰੇ ਸੂਬੇ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ| ਕੱਲ ਦਾ ਦਿਨ ਪੰਜਾਬ ਦੇ ਲੋਕਤੰਤਰ ਵਾਸਤੇ ਗਹਿਰੇ ਕਾਲੇ ਦਿਨ ਵਜੋਂ ਯਾਦ ਰੱਖਿਆ  ਜਾਵੇਗਾ| ਪੰਜਾਬ ਵਿਧਾਨਸਭਾ ਵਿੱਚ ਆਪਣੇ ਦੋ ਸਾਥੀ ਵਿਧਾਇਕਾਂ ਦੀ ਮੁਅੱਤਲੀ ਦੇ ਵਿਰੋਧ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਪੀਕਰ ਤੇ ਇੱਕ ਪਾਸੜ ਕਾਰਵਾਈ ਦਾ ਇਲਜਾਮ ਲਗਾਉਂਦਿਆਂ ਸਦਨ ਵਿੱਚ ਨਾਹਰੇਬਾਜੀ ਤੇ ਰੋਕ ਲਗਾਉਣ ਲਈ ਸਪੀਕਰ ਵਲੋਂ ਕੀਤੀ ਗਈ ਅਪੀਲ ਜਦੋਂ ਵਿਅਰਥ ਰਹੀ ਤਾਂ ਸਪੀਕਰ ਵਲੋਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਸਦਨ ਦੀ ਪੂਰੇ ਦਿਨ ਦੀ ਕਾਰਵਾਈ ਤੋਂ ਮੁਅੱਤਲ ਕਰਦਿਆਂ ਮਾਰਸ਼ਲਾਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਇਹਨਾਂ ਵਿਧਾਇਕਾਂ ਨੂੰ ਹਾਊਸ ਵਿੱਚੋਂ ਜਬਰੀ ਬਾਹਰ ਕੱਢ ਦਿੱਤਾ ਜਾਵੇ|
ਉਸ ਤੋਂ ਬਾਅਦ ਮਾਰਸ਼ਲਾਂ ਵਲੋਂ ਆਮ ਆਦਮੀ ਪਾਰਟੀ ਦੇ ਇੱਕਲੇ ਇਕੱਲੇ ਵਿਧਾਇਕ ਨੂੰ ਚੁੱਕ ਕੇ ਵਿਧਾਨਸਭਾ ਹਾਲ ਤੋਂ ਬਾਹਰ ਕੱਢਿਆ ਜਾਂਦਾ ਰਿਹਾ| ਆਪਣੀ ਇਸ ਕਾਰਵਾਈ ਦੌਰਾਨ ਇਸ ਦੌਰਾਨ ਮਾਰਸ਼ਲਾਂ ਵਲੋਂ ਪੂਰੀ ਸਖਤੀ ਵਿਖਾਈ ਗਈ ਅਤੇ ਵਿਧਾਇਕਾਂ ਨੂੰ ਖਿੱਚ ਖਿੱਚ ਕੇ ਬਾਹਰ ਕੱਢੇ ਜਾਣ ਦੀ ਕਾਰਵਾਈ ਦੌਰਾਨ ਉਹਨਾਂ ਦੀ ਖਿੱਚ ਧੂਹ ਤਕ ਕੀਤੀ ਗਈ| ਮਾਰਸ਼ਲਾਂ ਦੀ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਵਿਧਾਇਕ ਸਿਰ ਵਿੱਚ ਸੱਟ ਲੱਗਣ ਕਾਰਨ ਜਖਮੀ ਹੋ ਗਈ ਅਤੇ ਦੋ ਵਿਧਾਇਕਾਂ ਦੀਆਂ ਪੱਗਾ ਲੱਥ ਗਈਆਂ| ਇੱਕ ਵਿਧਾਇਕ ਦੀ ਹੱਡੀ ਵੀ ਟੁੱਟ ਗਈ ਜਿਸ ਕਾਰਨ ਜਖਮੀ ਵਿਧਾਇਕਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਉਣਾ ਪਿਆ|
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇਸ ਤਰੀਕੇ ਨਾਲ ਜਬਰੀ ਬਾਹਰ ਕੱਢਣ ਦੀ ਕਾਰਵਾਈ ਦੇ ਖਿਲਾਫ ਅਕਾਲੀ ਭਾਜਪਾ ਗਠਜੋੜ ਵਲੋਂ ਵੀ ਸਦਨ ਵਿੱਚੋਂ ਵਾਕਆਉਟ ਕਰ ਦਿੱਤਾ ਗਿਆ| ਹਾਲਾਂਕਿ ਸਦਨ ਦੀ ਕਾਰਵਾਈ ਨੂੰ ਇਸਦੇ ਬਾਅਦ ਵੀ ਜਾਰੀ ਰੱਖਿਆ ਗਿਆ ਅਤੇ ਸਿਰਫ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੀ ਸ਼ਮੂਲੀਅਤ ਨਾਲ ਇਸਨੂੰ ਚਲਾਇਆ ਗਿਆ| ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੀ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਟਕਰਾਅ ਦੀ ਨੌਬਤ ਤਾਂ ਆਉਂਦੀ ਦਿਖ ਰਹੀ ਸੀ ਪਰੰਤੂ ਇਸ ਗੱਲ ਦਾ ਅੰਦਾਜਾ ਕਿਸੇ ਨੂੰ ਵੀ ਨਹੀਂ ਰਿਹਾ ਹੋਵੇਗਾ ਕਿ ਇਹ ਟਕਰਾਅ ਇਸ ਕਦਰ ਵੱਧ ਜਾਵੇਗਾ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਧਾਨਸਭਾ ਦੇ ਸਪੀਕਰ ਨੂੰ ਇਹ ਵਿਸ਼ੇਸ਼ ਅਧਿਕਾਰ ਹਾਸਿਲ ਹੈ ਕਿ ਉਹ ਸਦਨ ਦਾਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਵਿਧਾਇਕ ਨੂੰ ਸਦਨ ਵਿੱਚੋਂ ਜਬਰੀ ਬਾਹਰ ਕੱਢਨ ਲਈ ਮਾਰਸ਼ਲਾਂ ਨੂੰ ਕਹਿ ਸਕਦੇ ਹਨ ਪਰੰਤੂ ਆਮ ਤੌਰ ਤੇ ਸਪੀਕਰ ਵਲੋਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਉਦੋਂ ਤਕ ਟਾਲਾ ਵੱਟਿਆ ਜਾਂਦਾ ਹੈ ਜਦੋਂ ਤਕ ਹਾਲਾਤ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਨਾ ਹੋ ਜਾਣ| ਵਿਧਾਨਸਭਾ ਦੇ ਸਪੀਕਰ ਚਾਹੁੰਦੇ ਇਸ ਕਾਰਵਾਈ ਨੂੰ ਟਾਲ ਸਕਦੇ ਸਨ ਪਰੰਤੂ ਉਹਨਾਂ ਵਲੋਂ ਸਦਨ ਵਿੱਚ ਹੰਗਾਮਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਬਰੀ ਬਾਹਰ ਕੱਢਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਜਿਸਦਾ ਨਤੀਜਾ ਸਾਰਿਆਂ ਦੇ ਸਾਮ੍ਹਣੇ ਹੈ|
ਦੂਜੇ ਪਾਸੇ  ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਜਿਵੇਂ ਇਹ ਤੈਅ ਕਰਕੇ ਆਏ ਸੀ ਕਿ ਉਹਨਾਂ ਨੇ ਹਰ ਹਾਲ ਵਿੱਚ ਵੱਧ ਤੋਂ ਵੱਧ ਹੰਗਾਮਾ ਕਰਕੇ ਵਿਧਾਨਸਭਾ ਦੀ ਕਾਰਵਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਰਵਈਆ ਵੀ ਭੜਕਾਹਟ ਨੂੰ ਵਧਾਉਣ ਵਾਲਾ ਸੀ| ਸੰਭਵ  ਹੈ ਕਿ ਇਸਦੇ ਪਿਛੇ ਉਹਨਾਂ ਦਾ ਮੰਤਵ ਖੁਦ ਨੂੰ ਪ੍ਰਚਾਰ ਦੇ ਕੇਂਦਰ ਬਿੰਦੂ ਵਿੱਚ ਲਿਆਉਣਾ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਣਾ ਰਿਹਾ ਹੋਵੇ, ਜਿਸ ਵਿਚ ਉਹ ਕਾਫੀ ਹੱਦ ਤਕ ਕਾਮਯਾਬ ਵੀ  ਰਹੇ|
ਇਸ ਸਾਰੇ ਕੁੱਝ ਨਾਲ ਲੋਕਤੰਤਰ ਦਾ ਜਿਹੜਾ ਘਾਣ ਹੋਇਆ ਹੈ ਉਸਦੀ ਭਰਪਾਈ ਸ਼ਾਇਦ ਹੀ ਹੋ ਪਾਏ| ਤ੍ਰਾਸਦੀ ਇਹ ਹੈ ਕਿ ਸਾਡੇ ਰਾਜਨੇਤਾ ਹੁਣੇ ਵੀ ਇਸ ਹਿਸਾਬ ਕਿਤਾਬ ਵਿੱਚ ਉਲਝੇ ਹੋਏ ਹਨ ਕਿ ਕੱਲ ਦੇ ਘਟਨਾਚੱਕਰ ਤੋਂ ਆਪਣੀਆਂ ਸਿਆਸੀ ਰੋਟੀਆਂ  ਕਿਵੇਂ ਸੇਕੀਆਂ ਜਾਣ| ਜਾਹਿਰ ਹੈ ਕਿ ਜਦੋਂ  ਲੋਕਤੰਤਰ ਦੇ ਨੁਮਾਇੰਦੇ ਖੁਦ ਹੀ ਲੋਕਤੰਤ ਦੇ ਘਾਣ ਦੀ ਕਾਰਵਾਈ ਵਿੱਚ ਰੁੱਝੇ ਹੋਣ ਤਾਂ ਫਿਰ ਸੁਧਾਰ ਦੀ ਕੋਈ ਆਸ ਕਿਵੇਂ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *