ਸੂਬੇ ਦੇ ਸ਼ਹਿਰਾਂ ਲਈ ਖਜ਼ਾਨਾ ਸਾਬਤ ਹੋਈ ਨਵੀਂ ਆਊਟਡੋਰ ਇਸ਼ਤਿਹਾਰ ਨੀਤੀ: ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 12 ਜਨਵਰੀ (ਸ.ਬ.) ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ਼ਹਿਰੀ ਸਥਾਨਕ ਇਕਾਈਆਂ ਨੂੰ ਆਰਥਿਕ ਤੌਰ ਉਤੇ ਆਤਮ ਨਿਰਭਰ ਕਰਨ ਅਤੇ ਸ਼ਹਿਰਾਂ ਨੂੰ ਇਕਸਾਰ ਸੁੰਦਰ ਦਿੱਖ ਦੇਣ ਲਈ ਬਣਾਈ ਗਈ ਆਊਟ ਡੋਰ ਇਸ਼ਤਿਹਾਰ ਨੀਤੀ ਸੂਬੇ ਦੇ ਸ਼ਹਿਰਾਂ ਲਈ ਖਜ਼ਾਨਾ ਸਾਬਤ ਹੋਈ ਹੈ ਅਤੇ ਉਸਨੇ ਪਹਿਲੇ ਹੀ ਸਾਲ ਵਿੱਚ ਸ਼ਹਿਰਾਂ ਦੀ ਆਮਦਨ ਵਿੱਚ ਭਾਰੀ ਵਾਧਾ ਕੀਤਾ ਹੈ|
ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਸ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਨੂੰ ਨਵੀਂ ਨੀਤੀ ਰਾਹੀਂ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿੱਚ 1473 ਫੀਸਦੀ ਵਾਧਾ ਹੋਇਆ ਹੈ| ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ਉਪਰੰਤ ਕੱਲ੍ਹ ਹੀ ਟੈਂਡਰ ਖੋਲ੍ਹਿਆ ਜਿਸ ਰਾਹੀਂ ਨਗਰ ਨਿਗਮ ਲੁਧਿਆਣਾ ਨੂੰ ਪਹਿਲੇ ਸਾਲ ਹੀ 27.54 ਕਰੋੜ ਰੁਪਏ ਦੀ ਕਮਾਈ ਹੋਵੇਗੀ ਜਦੋਂਕਿ ਪਿਛਲੇ ਸਾਲ ਨੀਤੀ ਦੀ ਅਣਹੋਂਦ ਕਾਰਨ ਇਹ ਕਮਾਈ ਸਿਰਫ 1.75 ਕਰੋੜ ਰੁਪਏ ਹੋਈ ਸੀ| ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਲੁਧਿਆਣਾ ਨੂੰ ਕੁੱਲ ਕਮਾਈ ਸਿਰਫ 30 ਕਰੋੜ ਰੁਪਏ ਸੀ ਜਦੋਂਕਿ ਹੁਣ ਨਵੇਂ ਟੈਂਡਰ ਨਾਲ ਲੁਧਿਆਣਾ ਨੂੰ ਆਉਂਦੇ 9 ਸਾਲਾਂ ਵਿੱਚ ਕੁੱਲ 289 ਕਰੋੜ ਰੁਪਏ ਦੀ ਕਮਾਈ ਹੋਵੇਗੀ ਜੋ ਕਿ ਪਿਛਲੀ ਸਰਕਾਰ ਨਾਲੋਂ 800 ਫੀਸਦੀ ਵੱਧ ਹੈ|
ਸ. ਸਿੱਧੂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 167 ਸ਼ਹਿਰਾਂ ਨੂੰ ਆਊਟਡੋਰ ਇਸ਼ਤਿਹਾਰ ਨੀਤੀ ਰਾਹੀਂ 2015-16 ਵਿੱਚ ਸਿਰਫ 11.97 ਕਮਾਈ ਹੋਈ ਸੀ ਜਦੋਂਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2017-18 ਵਿੱਚ 32.50 ਕਰੋੜ ਰੁਪਏ ਦੀ ਕਮਾਈ ਹੋਈ| ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡੀ ਸਰਕਾਰ ਦੌਰਾਨ ਤਿੰਨ ਗੁਣਾ ਵਾਧਾ ਹੋਇਆ ਪਰ ਹਾਲੇ ਵੀ ਇਸ ਖੇਤਰ ਵਿੱਚ ਬਹੁਤ ਸਮਰੱਥਾ ਹੋਣ ਕਰਕੇ ਇਹ ਕਮਾਈ ਘੱਟ ਸੀ| ਉਨ੍ਹਾਂ ਕਿਹਾ ਕਿ ਇਸ ਆਮਦਨ ਨੂੰ ਵਧਾਉਣ ਲਈ ਸਾਡੀ ਸਰਕਾਰ ਵੱਲੋਂ 21 ਮਾਰਚ 2018 ਨੂੰ ਕਾਰਗਰ ਆਊਟਡੋਰ ਇਸ਼ਤਿਹਾਰ ਨੀਤੀ ਬਣਾਈ ਗਈ ਜਿਸ ਉਪਰੰਤ ਸ਼ਹਿਰਾਂ ਦੀ ਆਰਥਿਕ ਆਤਮ ਨਿਰਭਰਤਾ ਲਈ ਰਾਹ ਪੱਧਰਾ ਹੋ ਗਿਆ ਹੈ|
ਸ੍ਰ. ਸਿੱਧੂ ਨੇ ਦੱਸਿਆ ਕਿ ਨਵੀਂ ਨੀਤੀ ਤੋਂ ਬਾਅਦ ਨਗਰ ਨਿਗਮ ਮੋਗਾ ਦੀ ਸਲਾਨਾ ਕਮਾਈ 30 ਲੱਖ ਰੁਪਏ ਤੋਂ ਵੱਧ ਕੇ 1 ਕਰੋੜ ਰੁਪਏ, ਪਠਾਨਕੋਟ ਦੀ 20 ਲੱਖ ਰੁਪਏ ਤੋਂ ਵੱਧ ਕੇ 67 ਲੱਖ ਰੁਪਏ ਹੋ ਗਈ ਹੈ| ਅੰਮ੍ਰਿਤਸਰ ਤੇ ਮੁਹਾਲੀ ਦੀ ਸਲਾਨਾ ਕਮਾਈ ਦਾ ਟੀਚਾ 20-20 ਕਰੋੜ ਰੁਪਏ ਸਲਾਨਾ ਮਿੱਥਿਆ ਗਿਆ ਹੈ ਅਤੇ ਜਲੰਧਰ ਦੀ ਘੱਟੋ-ਘੱਟ ਰਾਖਵੀਂ ਕੀਮਤ 18.15 ਕਰੋੜ ਰੁਪਏ ਰੱਖੀ ਗਈ ਹੈ| ਉਨ੍ਹਾਂ ਕਿਹਾ ਕਿ ਇਸ ਨੀਤੀ ਰਾਹੀਂ ਸਾਰੇ 167 ਸ਼ਹਿਰਾਂ ਵਿੱਚੋਂ ਆਊਟਡੋਰ ਇਸ਼ਤਿਹਾਰਾਂ ਰਾਹੀਂ 150 ਕਰੋੜ ਤੋਂ ਵੱਧ ਆਮਦਨ ਦਾ ਟੀਚਾ ਮਿੱਥਿਆ ਗਿਆ ਹੈ| ਉਨ੍ਹਾਂ ਕਿਹਾ ਕਿ ਇਹ ਵਧੀ ਹੋਈ ਆਮਦਨ ਸਬੰਧਤ ਸ਼ਹਿਰਾਂ ਦੇ ਵਿਕਾਸ ਉਪਰ ਹੀ ਖਰਚ ਹੋਵੇਗੀ ਜਿਸ ਨਾਲ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਆਰਥਿਕ ਤੌਰ ਉਤੇ ਆਤਮ ਨਿਰਭਰ ਹੋ ਜਾਣਗੀਆਂ|
ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ ਵੇਨੂ ਪ੍ਰਸਾਦ, ਪੀ ਐਮ ਆਈ ਡੀ ਸੀ ਦੇ ਸੀ ਈ ਓ ਸ੍ਰੀ ਅਜੋਏ ਸ਼ਰਮਾ, ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਤੇ ਸ. ਸਿੱਧੂ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *