ਸੂਬੇ ਲਈ ਮਾਰੂ ਸਾਬਿਤ ਹੋਵੇਗਾ ਇੱਥੋਂ ਦੀ ਆਬੋਹਵਾ ਵਿੱਚ ਘੁਲਦਾ ਪ੍ਰਦੂਸ਼ਨ ਦਾ ਜਹਿਰ

ਕੁੱਝ ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਵਲੋਂ ਵਿਸ਼ਵ ਦੇ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦੂਸ਼ਨ ਦੇ ਪੱਧਰ ਦੀ ਸਥਿਤੀ ਬਾਰੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਪੰਜਾਬ ਦੇ 4 ਸ਼ਹਿਰਾਂ ਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 25 ਸ਼ਹਿਰਾਂ ਦੀ ਸੂਚੀ ਵਿੱਚ ਥਾਂ ਮਿਲਣ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੁੱਝ ਸਾਲ ਪਹਿਲਾਂ ਤਕ ਆਪਣੀ ਸਾਫ ਸੁਥਰੀ ਆਬੋਹਵਾ ਲਈ ਜਾਦੇ ਜਾਂਦੇ ਸਾਡੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਦੀ ਆਬੋਹਵਾ ਕਿੰਨੀ ਬੁਰੀ ਤਰ੍ਹਾਂ ਪਲੀਤ ਹੋ ਚੁੱਕੀ ਹੈ| ਇਸ ਸੂਚੀ ਵਿੱਚ ਲੁਧਿਆਣਾ ਨੂੰ 12ਵਾਂ, ਖੰਨਾ ਨੂੰ 16ਵਾਂ, ਅਮ੍ਰਿਤਸਰ ਨੂੰ 21ਵਾਂ ਅਤੇ ਗੋਬਿੰਦਗੜ੍ਹ ਨੂੰ 22ਵਾਂ ਸਥਾਨ ਹਾਸਿਲ ਹੋਇਆ ਹੈ| ਹਾਲਾਂਕਿ ਵਿਸ਼ਵ ਦੇ ਸਭਤੋਂ ਵੱਧ ਪ੍ਰਦੂਸ਼ਿਤ ਪਹਿਲੇ 10 ਸ਼ਹਿਰਾਂ ਵਿਚਲੇ ਚਾਰ ਸ਼ਹਿਰਾਂ ਵਿੱਚ ਗਵਾਲੀਅਰ, ਇਲਾਹਾਬਾਦ, ਪਟਨਾ ਅਤੇ ਰਾਏਪੁਰ ਨੂੰ ਕ੍ਰਮਵਾਰ ਦੂਜਾ, ਤੀਜਾ, ਛੇਵਾਂ ਅਤੇ ਸੱਤਵਾਂ ਸਥਾਨ ਮਿਲਿਆ ਹੈ ਅਤੇ ਇਹਨਾਂ ਸ਼ਹਿਰਾਂ ਦੀ ਆਬੋਹਵਾ ਹੋਰ ਵੀ ਮਾੜੀ ਹਾਲਤ ਵਿੱਚ ਹੈ ਪਰੰਤੂ ਪੰਜਾਬ ਦੇ ਇਹਨਾਂ ਚਾਰ ਸ਼ਹਿਰਾਂ ਵਿੱਚ ਵੱਧ ਚੁੱਕੇ  ਪ੍ਰਦੂਸ਼ਨ ਦੇ ਪੱਧਰ ਨੂੰ ਇਸ ਤੁਲਨਾ ਨਾਲ ਕੋਈ ਰਾਹਤ ਲਹੀਂ ਮਿਲਦੀ ਬਲਕਿ ਇਹ ਹਾਲਾਤ ਸਰਕਾਰਾ ਦੀ ਅਣਦੇਖੀ ਕਾਰਨ ਦੇਸ਼ ਪਰ ਵਿੱਚ ਸ਼ਹਿਰਾ ਦੀ ਆਬੋਹਵਾ ਦੇ ਲਗਾਤਾਰ ਪਲੀਤ ਹੋਣ ਦੀ ਹੀ ਗਵਾਹੀ ਭਰਦੀ ਹੈ|
ਸੂਬੇ ਦੇ ਸ਼ਹਿਰਾਂ ਦੇ ਵਾਤਾਵਰਨ ਵਿਚਲੇ ਪ੍ਰਦੂਸ਼ਨ ਦੇ ਪੱਧਰ ਵਿੱਚ ਹੋਏ ਇਸ ਵਾਧੇ ਨਾਲ ਜਾਹਿਰ ਹੁੰਦਾ ਹੈ ਕਿ ਸਰਕਾਰ ਦੀ ਅਣਦੇਖੀ ਕਾਰਨ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤੀ ਗਈ ਵਾਤਾਵਰਨ ਦੇ ਘਾਣ ਦੀ ਕਾਰਵਾਈ ਨੇ ਸਾਡੀ ਆਬੋਹਵਾ ਨੂੰ ਕਿੰਨੀ ਬੁਰੀ ਤਰ੍ਹਾਂ ਨੁਕਾਨ ਪਹੁੰਚਾਇਆ ਹੈ| ਪਿਛਲੇ ਦਸ ਸਾਲਾ ਦੌਰਾਨ ਪੰਜਾਬ ਦੀ ਸੱਤਾ ਤੇਕ ਕਾਬਿਜ ਰਹੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਦਾਅਵਿਆਂ ਦਾ ਮਖੌਲ ਉੜਾਉਣ ਵਾਲੀ ਇਹ ਰਿਪੋਰਟ ਇਹ ਜਾਹਿਰ ਕਰਦੀ ਹੈ ਕਿ ਵਿਕਾਸ ਦੀ ਅੰਨੀ ਦੌੜ ਦੇ ਨਾਮ ਤੇ ਵਾਤਾਵਰਨ ਨੂੰ ਜਿਸ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਗਿਆ ਹੈ ਉਸੇ ਦਾ ਨਤੀਜਾ ਹੈ ਕਿ ਹਾਲਾਤ ਇਸ ਕਦਰ ਬਦਤਰ ਹੋ ਗਏ ਹਨ| ਵਿਸ਼ਵ ਸਿਹਤ ਸੰਗਠਨ ਦੀ ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਦੇ ਪ੍ਰਦੂਸ਼ਨ ਕੰਟਰੋਲ ਵਿਭਾਗ ਦੀ ਕਾਰਗੁਜਾਰੀ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ| ਇਸਤੋਂ ਪਹਿਲਾਂ ਵੀ ਪ੍ਰਦੂਸ਼ਨ ਕੰਟਰੋਲ ਬੋਰਡ ਉੱਪਰ ਪ੍ਰਦੂਸ਼ਨ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲੱਗਦੇ ਰਹੇ ਹਨ|
ਸੂਬੇ ਦੇ ਇਹਨਾਂ ਤਮਾਮ ਸ਼ਹਿਰਾਂ ਵਿੱਚ ਪ੍ਰਦੂਸ਼ਨ ਦਾ ਪੱਧਰ ਅਚਾਨਕ ਹੀ ਇੰਨਾ ਜਿਆਦਾ ਨਹੀਂ ਵਧਿਆ ਹੈ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਵਾਤਾਵਰਨ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰਨ ਵਾਲੀਆਂ ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦੀ ਨਾਲਾਇਕੀ ਦੇ ਕਾਰਨ ਹੀ ਸਾਡੇ ਵਾਤਾਵਰਨ ਦੀ ਇੰਨੀ ਬਦਤਰ ਹਾਲਤ ਹੋਈ ਹੈ| ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਕਾਰਗੁਜਾਰੀ ਤਾਂ ਕਬੂਤਰ ਵਲੋਂ ਖੁਦ ਨੂੰ ਬਿੱਲੀ ਤੋਂ ਬਚਾਉਣ ਲਈ ਅੱਖਾਂ ਬੰਦ ਕਰਨ ਵਰਗੀ ਹੀ ਰਹੀ ਹੈ ਜਿਸਦਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਸਨੀਕਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ|
ਸਾਡੇ ਸਾਫ ਸੁਥਰੇ ਵਾਤਾਵਰਨ ਦੀ ਹਵਾ ਹੁਣ ਇੰਨੀ ਜਿਆਦਾ ਪਲੀਤ ਹੋ ਚੁੱਕੀ ਹੈ ਕਿ ਇੱਥੇ ਸਾਹ ਲੈਣ ਵਾਲੇ ਲੋਕਾਂ ਨੂੰ ਹਵਾ ਵਿੱਚ ਘੁਲੇ ਇਸ ਜਹਿਰ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਪੰਜਾਬ ਦੇ ਇਹਨਾਂ ਚਾਰ ਮੁੱਖ ਸ਼ਹਿਰਾਂ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਇਸ ਸੂਚੀ ਵਿੱਚ ਥਾਂ ਮਿਲਣ ਕਾਰਨ ਵਾਤਾਵਰਨ ਦੀ ਸ਼ੁੰਧਤਾ ਦੇ ਮਾਮਲੇ ਵਿੱਚ ਪੰਜਾਬ ਦੇ ਬਦਤਰ ਹਾਲਾਤ ਦਾ ਅੰਦਾਜਾ ਆਸਾਨੀ ਲਾਲ ਲਗਾਇਆ ਜਾ ਸਕਦਾ ਹੈ| ਸੂਬੇ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਪੰਜਾਬ ਦੀ ਆਬੋਹਵਾ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦੇ ਪੱਧਰ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ, ਪਰੰਤੂ ਇਸ ਵਿਭਾਗ ਦੀ ਹੁਣ ਤਕ ਦੀ ਕਾਰਗੁਜਾਰੀ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲੀ ਸਾਬਿਤ ਹੋਈ ਹੈ|
ਇਸ ਸੰਬੰਧੀ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਅਤੇ ਇਸਤੋਂ ਪਹਿਲਾਂ ਕਿ ਪੰਜਾਬ ਦੀ ਆਬੋਹਵਾ ਵਿੱਚ ਘੁਲ ਰਹੇ ਇਸ ਜਹਿਰ ਦੀ ਮਾਤਰਾ ਸਾਰੇ ਹੱਦ ਬੰਨੇ ਟੱਪ ਜਾਵੇ ਨਵੀਂ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਲਗਾਤਾਰ ਵੱਧਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜੰਗੀ ਪੰਧਰ ਤੇ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪ੍ਰਦੂਸ਼ਨ ਦੇ ਪੱਧਰ ਨੂੰ ਕਾਬੂ ਕਰਕੇ ਆਮ ਲੋਕਾਂ ਨੂੰ ਇਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *