ਸੂਬੇ ਵਿੱਚ ਖੇਡਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਸਰਕਾਰ

ਬੀਤੇ ਕੁੱਝ ਦਹਾਕਿਆਂ ਦੌਰਾਨ ਖੇਡਾਂ ਦੇ ਖੇਤਰ ਵਿੱਚ ਪੰਜਾਬ ਲਗਾਤਾਰ ਪਿਛੜਦਾ ਰਿਹਾ ਹੈ ਅਤੇ ਹੁਣ ਤਾਂ ਹਾਲ ਇਹ ਹੈ ਕਿ ਸਾਡਾ ਗੁਆਂਢੀ ਸੂਬਾ ਹਰਿਆਣਾ ਇਸ ਖੇਤਰ ਵਿੱਚ ਸਾਨੂੰ ਪਿੱਛੇ ਛੱਡ ਕੇ ਬਹੁਤ ਅੱਗੇ ਲੰਘ ਗਿਆ ਹੈ| ਕੋਈ ਸਮਾਂ ਹੁੰਦਾ ਸੀ ਜਦੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਡੰਕਾ ਵੱਜਦਾ ਸੀ ਅਤੇ ਸਾਡੀ ਪੂਰੇ ਦੇਸ਼ ਵਿੱਚ ਸਰਦਾਰੀ ਹੁੰਦੀ ਸੀ ਪਰੰਤੂ ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਪੰਜਾਬ ਦੇ ਖਿਡਾਰੀ ਲਗਾਤਾਰ ਪਿਛੜਦੇ ਜਾ ਰਹੇ ਹਨ| ਇਸਦਾ ਮੁੱਖ ਕਾਰਨ ਇਹ ਹੈ ਕਿ ਸੂਬੇ ਦੇ ਖਿਡਾਰੀਆਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਤੱਕ ਹਾਸਿਲ ਨਹੀਂ ਹੁੰਦੀਆਂ ਜਦੋਂਕਿ ਹੋਰਨਾਂ ਸੂਬਿਆਂ ਵਿੱਚ ਖਿਡਾਰੀਆਂ ਨੂੰ ਢੇਰਾਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਕਾਰਨ ਪੰਜਾਬ ਦੇ ਖਿਡਾਰੀ ਲਗਾਤਾਰ ਪਿਛੜਦੇ ਜਾ ਰਹੇ ਹਨ|
ਇਸ ਸੰਬੰਧੀ ਜੇਕਰ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਤਾਂ ਮਿਲਦੀਆਂ ਹੀ ਹਨ, ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ| ਦੂਜੇ ਪਾਸੇ ਪੰਜਾਬ ਦੇ ਖੇਡ ਵਿਭਾਗ ਦੀ ਹੁਣ ਤੱਕ ਦੀ ਕਾਰਗੁਜਾਰੀ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਥਾਂ ਉਹਨਾਂ ਵਿੱਚ ਨਿਰਾਸ਼ਾ ਭਰਨ ਵਾਲੀ ਹੀ ਰਹੀ ਹੈ ਅਤੇ ਇਸਦਾ ਸਿੱਧਾ ਅਸਰ ਖਿਡਾਰੀਆਂ ਦੇ ਪ੍ਰਦਰਸ਼ਨ ਤੇ ਪੈਂਦਾ ਹੈ| ਕੁਝ ਖੇਡ ਮਾਹਿਰ ਇਹ ਵੀ ਮੰਨਦੇ ਹਨ ਕਿ ਸੂਬੇ ਵਿੱਚ ਖੇਡ ਵਿਭਾਗ ਵਿੱਚ ਪਾਰਦਰਸ਼ਿਤਾ ਦੀ ਘਾਟ ਹੋਣ ਕਾਰਨ ਚੰਗੇ ਖਿਡਾਰੀਆਂ ਨੂੰ ਅੱਗੇ ਵੱਧਣ ਦੇ ਮੌਕੇ ਹੀ ਘੱਟ ਮਿਲਦੇ ਹਨ ਅਤੇ ਉਹਨਾਂ ਦੇ ਖੇਡਾਂ ਵਿੱਚ ਪਿਛੜਨ ਦਾ ਇਹ ਵੀ ਇੱਕ ਵੱਡਾ ਕਾਰਨ ਹੈ| ਇਹਨਾਂ ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਖੇਡਾਂ ਵਿੱਚ ਵੀ ਭਾਈ ਭਤੀਜਾਵਾਦ ਹਾਵੀ ਹੋ ਗਿਆ ਹੈ ਅਤੇ ਅਕਸਰ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਚੰਗੇ ਖਿਡਾਰੀ ਨੂੰ ਮੌਕਾ ਦੇਣ ਦੀ ਥਾਂ ਖੁੱਡੇ ਲਾਈਨ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਅਸੀਂ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਪਿਛੜ ਰਹੇ ਹਾਂ|
ਦੇਸ਼ ਦੇ ਹਾਕੀ ਪ੍ਰੇਮੀ ਅੱਜ ਵੀ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਭਾਰਤੀ ਹਾਕੀ ਟੀਮ ਦੀ ਪੂਰੇ ਵਿਸ਼ਵ ਵਿਚ ਸਰਦਾਰੀ ਹੁੰਦੀ ਸੀ| ਭਾਰਤੀ ਹਾਕੀ ਦੇ ਸੁਨਹਿਰੀ ਯੁਗ ਵਜੋਂ ਜਾਣੇ ਜਾਂਦੇ ਉਸ ਸਮੇਂ ਦੌਰਾਨ ਭਾਰਤੀ ਹਾਕੀ ਟੀਮ ਵਿਚ ਜਿਆਦਾਤਰ ਖਿਡਾਰੀ ਪੰਜਾਬ ਤੋਂ ਹੀ ਹੁੰਦੇ ਸਨ ਪਰ ਸਮੇਂ ਦੇ ਨਾਲ ਜਿਵੇਂ ਜਿਵੇਂ ਭਾਰਤੀ ਹਾਕੀ ਟੀਮ ਵਿਚ ਪੰਜਾਬੀ ਖਿਡਾਰੀਆਂ ਦੀ ਗਿਣਤੀ ਘਟਦੀ ਗਈ, ਉਸੇ ਤਰ੍ਹਾਂ ਹੀ ਭਾਰਤੀ ਹਾਕੀ ਟੀਮ ਦੀਆਂ ਪ੍ਰਾਪਤੀਆਂ ਵੀ ਘੱਟਦੀਆਂ ਗਈਆਂ| ਸਿਰਫ ਹਾਕੀ ਹੀ ਨਹੀਂ ਬਲਕਿ ਹੋਰਨਾਂ ਖੇਡਾਂ ਵਿੱਚ ਵੀ ਅੱਜ ਕੱਲ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾਣ ਲੱਗ ਪਿਆ ਹੈ ਕਿ ਪੰਜਾਬ ਦੀ ਧਰਤੀ ਵਿੱਚ ਹੁਣ ਚੰਗੇ ਖਿਡਾਰੀ ਪੈਦਾ ਹੀ ਨਹੀਂ ਹੁੰਦੇ|
ਇਸ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਅਸਲੀਅਤ ਇਹੀ ਹੈ ਕਿ ਇਸ ਵੇਲੇ ਪੰਜਾਬ ਨੂੰ ਹਰੇਕ ਖੇਡ ਵਿੱਚ ਹੀ ਵਧੀਆ ਖਿਡਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਖੇਡਾਂ ਦੀ ਹਾਲਾਤ ਵਿੱਚ ਸੁਧਾਰ ਕਰਨ ਲਈ ਸ਼੍ਰੋਮਣੀ ਕਮੇਟੀ ਸਮੇਤ ਕੁੱਝ ਹੋਰ ਧਾਰਮਿਕ ਸੰਸਥਾਵਾਂ ਜਰੂਰ ਅੱਗੇ ਆਈਆਂ ਹਨ ਜਿਨ੍ਹਾਂ ਵਲੋਂ ਨਾ ਸਿਰਫ ਚੰਗੇ ਅਤੇ ਉਭਰਦੇ ਖਿਡਾਰੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਬਲਕਿ ਕਈ ਸੰਸਥਾਵਾਂ ਵਲੋਂ ਆਪੋ ਆਪਣੀਆਂ ਕਬੱਡੀ ਅਤੇ ਹਾਕੀ ਟੀਮਾਂ ਵੀ ਬਣਾਈਆਂ ਗਈਆਂ ਹਨ ਅਤੇ ਇਹਨਾਂ ਟੀਮਾਂ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਚੰਗੀ ਖੁਰਾਕ ਦੇਣ ਦੇ ਨਾਲ ਹੀ ਹੋਰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ|
ਪਰੰਤੂ ਇਸ ਸਭ ਦੇ ਬਾਵਜੂਦ ਪੰਜਾਬ ਖੇਡਾਂ ਦੇ ਖੇਤਰ ਵਿਚ ਪਿਛੜਦਾ ਜਾ ਰਿਹਾ ਹੈ| ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਕਰਵਾਏ ਜਾਣ ਵਾਲੇ ਖੇਡ ਮੇਲਿਆਂ ਤੇ ਵੀ ਰਾਜਨੀਤੀ ਹਾਵੀ ਹੋ ਗਈ ਹੈ ਅਤੇ ਇਹਨਾਂ ਮੇਲਿਆਂ ਦੌਰਾਨ ਵੀ ਪ੍ਰਬੰਧਕਾਂ ਦਾ ਧਿਆਨ ਖੇਡਾਂ ਦੇ ਚੰਗੇ ਆਯੋਜਨ ਦੀ ਥਾਂ ਆਪਣੇ ਪਸੰਦੀਦਾ ਆਗੂਆਂ ਨੂੰ ਮੁੱਖ ਮਹਿਮਾਨ ਬਣਾਉਣ ਅਤੇ ਉਹਨਾਂ ਦਾ ਸਨਮਾਨ ਕਰਨ ਵੱਲ ਵੱਧ ਰਹਿੰਦਾ ਹੈ ਅਤੇ ਇਹ ਖੇਡ ਮੇਲੇ ਆਪਣੀ ਮੂਲ ਭਾਵਨਾ ਤੋਂ ਹੀ ਦੂਰ ਹੁੰਦੇ ਜਾ ਰਹੇ ਹਨ|
ਦੋ ਸਾਲ ਪਹਿਲਾਂ ਪੰਜਾਬ ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਸੂਬੇ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਆਸ ਜਾਗੀ ਸੀ ਕਿ ਨਵੀਂ ਸਰਕਾਰ ਖੇਡਾਂ ਅਤੇ ਖਿਡਾਰੀਆਂ ਦੀ ਸਾਰ ਲਵੇਗੀ ਅਤੇ ਖੇਡਾਂ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਮੁਹਈਆ ਕਰਵਾਉਣ ਦੇ ਨਾਲ ਨਾਲ ਉਹਨਾਂ ਲਈ ਚੰਗੀ ਖੁਰਾਕ ਅਤੇ ਮਿਆਰੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ| ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਅਤੇ ਸੂਬੇ ਦੇ ਖਿਡਾਰੀਆਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਨਾਲ ਨਾਲ ਉਹਨਾਂ ਲਈ ਵਿਸ਼ਵ ਪੱਧਰੀ ਟ੍ਰੇਨਿੰਗ ਦਾ ਵੀ ਪ੍ਰਬੰਧ ਕਰੇ ਤਾਂ ਜੋ ਸਾਡੇ ਖਿਡਾਰੀ ਇੱਕ ਵਾਰ ਫਿਰ ਦੇਸ਼ ਅਤੇ ਦੁਨੀਆ ਵਿੱਚ ਆਪਣੀ ਖੇਡ ਦਾ ਡੰਕਾ ਵਜਾਉਣ ਦੇ ਸਮਰਥ ਹੋਣ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ|

Leave a Reply

Your email address will not be published. Required fields are marked *