ਸੂਬੇ ਵਿੱਚ ਗੰਭੀਰ ਹੁੰਦੀ ਆਵਾਜ਼ਾਈ ਦੀ  ਸਮੱਸਿਆ ਦੇ ਹੱਲ ਲਈ ਉਪਰਾਲੇ ਕਰੇ ਸਰਕਾਰ

ਪਿਛਲੇ ਕੁੱਝ ਸਾਲਾਂ ਦੌਰਾਨ ਜਿੱਥੇ ਸਾਡੇ ਸੂਬੇ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਉੱਥੇ ਆਮ ਲੋਕਾਂ ਲਈ  ਅਸੁਰਖਿਅਤ ਆਵਾਜਾਈ ਦੀ ਸਮੱਸਿਆ ਵੀ ਬਹੁਤ ਜਿਆਦਾ ਵਧੀ ਹੈ| ਹਾਲਾਤ ਇਹ ਹਨ ਕਿ ਸੂਬੇ ਦੀਆਂ ਲਗਗ ਸਾਰੀਆਂ ਸੜਕਾਂ ਉੱਪਰ ਵਾਹਨਾਂ ਦੀ ਭੀੜ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹਨਾਂ ਸੜਕਾਂ ਤੇ ਚਲਦੇ ਵਾਹਨ ਇੱਕ-ਦੂਜੇ ਉਪਰ ਚੜ੍ਹੇ ਨਜ਼ਰ ਆਉਂਦੇ ਹਨ| ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਤੇਜ ਰਫਤਾਰ ਵਿੱਚ ਚਲਾਏ ਜਾਂਦੇ ਇਹ ਵਾਹਨ ਅਕਸਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ| ਪੰਜਾਬ ਦੇ ਹਰੇਕ ਸ਼ਹਿਰ ਵਿੱਚ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਅਤੇ ਇਸ ਕਾਰਨ ਲੋਕ ਘੰਟਿਆਂ ਬੱਧੀ ਜਾਮ ਵਿੱਚ ਹੀ ਫਸੇ ਰਹਿੰਦੇ ਹਨ|
ਆਵਾਜਾਈ ਦੀ ਇਸ ਦਿਨੋਂ ਦਿਨ ਗੰਭੀਰ ਹੁੰਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਦੀ ਵੱਧਦੀ ਗਿਣਤੀ ਨੂੰ ਹੀ ਮੰਨਿਆ ਜਾ ਸਕਦਾ ਹੈ| ਕੋਈ ਸਮਾਂ ਹੁੰਦਾ ਸੀ ਜਦੋਂ ਪੂਰੇ ਮੁਹੱਲੇ ਵਿੱਚ ਹੀ ਇੱਕ ਦੋ ਘਰਾਂ ਵਿੱਚ ਆਪਣੀ ਗੱਡੀ ਹੋਇਆ ਕਰਦੀ ਸੀ ਪਰ ਹੁਣ ਤਾਂ ਹਰ ਪਰਿਵਾਰ ਕੋਲ ਆਪਣੀ ਨਿੱਜੀ ਗੱਡੀ ਮੌਜੂਦ ਹੈ| ਕਈ ਪਰਿਵਾਰਾਂ ਕੋਲ ਤਾਂ ਦੋ-ਦੋ, ਤਿੰਨ- ਤਿੰਨ ਗੱਡੀਆਂ ਹਨ| ਇਹ ਗੱਡੀਆਂ ਪਾਰਕਿੰਗ ਲਈ ਵੀ ਥਾਂ ਘੇਰਦੀਆਂ ਹਨ, ਜਿਸ ਕਰਕੇ ਗਲੀ ਮੁਹੱਲਿਆਂ ਵਿੱਚ ਵੀ ਹਰ ਵੇਲੇ ਸੜਕਾਂ ਕਿਨਾਰੇ ਕਾਰਾਂ ਖੜੀਆਂ ਰਹਿੰਦੀਆਂ ਹਨ ਅਤੇ ਆਮ ਵਾਹਨਾਂ ਦੇ ਲੰਘਣ ਲਈ ਰਾਹ ਘੱਟ ਜਾਂਦਾ ਹੈ| ਇਸ ਕਾਰਨ ਛੁਟਪੁਟ ਹਾਦਸੇ ਤਾਂ ਵਾਪਰਦੇ ਹੀ ਹਨ ਲੋਕਾਂ ਵਿੱਚ ਆਪਸੀ ਝਗੜਿਆਂ ਦੀ ਨੌਬਤ ਵੀ ਆ ਜਾਂਦੀ ਹੈ|
ਸੜਕਾਂ ਉੱਪਰ ਵਾਹਨਾਂ ਦੀ ਇਹ ਭੀੜ ਸਵੇਰੇ ਅਤੇ ਸ਼ਾਮ  ਵੇਲੇ ਬਹੁਤ ਜਿਆਦਾ ਵੱਧ ਜਾਂਦੀ ਹੈ ਜਦੋਂ ਆਮ ਲੋਕ ਆਪਣੇ ਕੰਮ ਤੇ ਜਾਂਦੇ ਜਾਂ ਵਾਪਸ ਆਉਂਦੇ ਹਨ| ਇਸ ਦੌਰਾਨ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਦੇ ਚੌਕਾਂ ਵਿਚ ਇੰਨੀ ਜਿਆਦਾ ਭੀੜ ਹੁੰਦੀ ਹੈ ਕਿ ਦੋ ਪਹੀਆ ਵਾਹਨ ਚਾਲਕਾਂ ਤਕ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਦੂਰ-ਦੂਰ ਤਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ| ਇਸ ਕਾਰਨ ਅਕਸਰ ਜਾਮ ਦੀ ਨੌਬਤ ਆ ਜਾਂਦੀ ਹੈ| ਪੰਜਾਬ ਦੇ ਲਗਭਗ ਸਾਰੇ ਹੀ ਸ਼ਹਿਰਾਂ ਵਿੱਚ ਦਿਨ ਵਿੱਚ ਕਈ-ਕਈ ਵਾਰ ਜਾਮ ਲੱਗਦੇ ਹਨ|
ਆਵਾਜਾਈ ਦੀ ਇਸ ਸਮੱਸਿਆ ਨੂੰ ਵਧਾਉਣ ਵਿੱਚ ਆਟੋ ਰਿਕਸ਼ਿਆਂ ਵਾਲੇ ਵੀ ਆਪਣਾ ਪੂਰਾ ਯੋਗਦਾਨ ਪਾਉਂਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ| ਇਹ ਆਟੋ ਚਾਲਕ ਜਦੋਂ ਵੀ ਸੜਕ ਕਿਨਾਰੇ ਕੋਈ ਸਵਾਰੀ ਵੇਖਦੇ ਹਨ ਤਾਂ ਇਕ ਦਮ ਹੀ ਬਰੇਕਾਂ ਲਗਾ ਦਿੰਦੇ ਹਨ ਜਿਸ  ਕਾਰਨ ਇਹਨਾਂ ਦੇ ਪਿੱਛੇ ਆਉਂਦੇ ਵਾਹਨ ਇਹਨਾਂ ਵਿੱਚ ਆ ਟਕਰਾਉਂਦੇ ਹਨ| ਇਸ ਤੋਂ ਇਲਾਵਾ  ਕਈ ਵਾਹਨ ਚਾਲਕ ਸ਼ਰਾਬ ਪੀਕੇ ਜਾਂ ਹੋਰ ਨਸ਼ਾ ਕਰਕੇ ਆਪਣੇ ਵਾਹਨ ਚਲਾਉਂਦੇ ਹਨ ਅਤੇ ਹੋਰਨਾਂ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਸਕੂਲਾਂ-ਕਾਲਜਾਂ ਦੇ ਬੱਚੇ ਵੀ ਆਪਣੇ ਸਕੂਲ ਅਤੇ ਟਿਊਸ਼ਨਾਂ ਲਈ ਜਾਣ ਸਮੇਂ ਦੋ-ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਕਰਦੇ ਹਨ| ਮਹਾਨਗਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਵਿੱਚ ਵੀ ਨਾਬਾਲਿਗ ਬੱਚੇ ਕਾਰਾਂ, ਮੋਟਰ ਸਾਈਕਲ ਆਦਿ ਭਜਾਈ ਫਿਰਦੇ ਹਨ| ਇਹਨਾਂ ਦੀ ਅਣਗਹਿਲੀ ਕਾਰਨ ਸੜਕ ਹਾਦਸੇ ਵੀ ਵਾਪਰ ਰਹੇ ਹਨ ਅਤੇ ਆਵਾਜਾਈ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ|
ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੀ ਦਿਨੋਂ ਦਿਨ ਬਦਹਾਲ ਹੁੰਦੀ ਟ੍ਰੇਫਿਕ ਵਿਵਸਥਾ ਦੇ ਹਲ ਲਈ ਲੋੜੀਂਦੇ ਕਦਮ ਚੁੱਕੇ ਅਤੇ ਜਨਤਾ ਨੂੰ ਸੁਰਖਿਅਤ ਆਵਾਜਾਈ ਦੀ ਸਹੁਲੀਅਤ ਮੁਹਈਆ ਕਰਵਾਈ ਜਾਵੇ| ਇਸ ਲਈ ਜਿੱਥੇ ਸੂਬੇ ਦੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਉੱਥੇ ਵਾਹਨ ਚਾਲਕਾਂ ਦੀਆਂ ਆਪਹੁਦਰੀਆਂ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਸਖਤੀ ਕਰਨ ਦੇ ਨਾਲ ਨਾਲ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਤਾਂ ਜੋ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *