ਸੂਬੇ ਵਿੱਚ ਦਿਵਾਲੀ ਮੌਕੇ ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਤੋਹਫਿਆਂ ਦੇ ਰੂਪ ਵਿੱਚ ਹੁੰਦਾ ਹੈ ਕਰੋੜਾਂ ਦਾ ਭ੍ਰਿਸ਼ਟਾਚਾਰ : ਧਾਲੀਵਾਲ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਆਲ ਇੰਡੀਆ ਲਾਇਰਜ਼ ਯੂਨੀਅਨ ਅਤੇ ਇੰਡੀਅਨ ਲਾਇਰਜ਼ ਐਸੋਸੀਏਸ਼ਨ ਦੀਆ ਸੂਬਾ ਇਕਾਈਆ ਦੀ ਮੀਟਿੰਗ ਆਲ ਇੰਡੀਆ ਲਾਇਰਜ਼ ਯੂਨੀਅਨ ਦੇ ਸੀ. ਮੀਤ ਪ੍ਰਧਾਨ ਐਡਵੋਕੇਟ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਸੂਬੇ ਵਿੱਚ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦਿਵਾਲੀ ਮੌਕੇ ਮੰਤਰੀਆਂ, ਵਿਧਾਇਕਾਂ, ਸਰਕਾਰੀ ਮੁਲਾਜਮਾਂ, ਅਧਿਕਾਰੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਰਿਸ਼ਵਤ ਦੇ ਤੌਰ ਤੇ ਤੋਹਫੇ ਲੈਣ ਤੋਂ ਰੋਕਣ ਲਈ ਤੁਰੰਤ ਹੁਕਮ ਜਾਰੀ ਕੀਤੇ ਜਾਣ|
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਲ ਇੰਡੀਆ ਲਾਇਰਜ਼ ਯੂਨੀਅਨ ਦੇ ਮੀਤ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਜਦੋਂ ਪੰਜਾਬ ਵਿੱਚ 2017 ਵਿੱਚ ਅਸੈਂਬਲੀ ਚੋਣਾਂ ਹੋਈਆਂ ਸਨ ਤਾਂ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਸੂਬੇ ਦੇ ਸਰਕਾਰੀ ਅਦਾਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਗਈ ਸੀ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਪਿਛਲੇ 10 ਸਾਲਾਂ ਤੋਂ ਸਰਕਾਰ ਚਲਾ ਰਹੀ ਅਕਾਲੀ – ਭਾਜਪਾ ਪਾਰਟੀਆਂ ਤੋਂ ਤੰਗ ਆ ਕੇ ਅਤੇ ਕਾਂਗਰਸ ਤੇ ਭਰੋਸਾ ਕਰਕੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਦਿੱਤਾ ਸੀ| ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਤਕਰੀਬਨ ਪੌਣੇ ਦੋ ਸਾਲ ਹੋ ਚੁੱਕੇ ਹਨ ਪਰ ਭ੍ਰਿਸ਼ਟਾਚਾਰ ਪਹਿਲੀ ਸਰਕਾਰ ਵਾਂਗ ਹੀ ਲਗਾਤਾਰ ਜਾਰੀ ਹੈ ਸਗੋਂ ਕਈ ਮਹਿਕਮਿਆਂ ਵਿੱਚ ਤਾਂ ਪਹਿਲਾਂ ਤੋਂ ਵੀ ਜਿਆਦਾ ਭ੍ਰਿਸ਼ਟਾਚਾਰ ਹੋ ਗਿਆ ਹੈ|
ਉਹਨਾਂ ਕਿਹਾ ਕਿ ਪਹਿਲਾਂ ਵਾਂਗ ਹੀ ਸਾਰੇ ਸੂਬੇ ਵਿੱਚ ਮਾਲ ਮਹਿਕਮੇ ਵਿੱਚ ਤਹਿਸੀਲਾਂ, ਸਬ ਤਹਿਸੀਲਾਂ ਤੇ ਜਿਲ੍ਹਿਆਂ ਵਿੱਚ ਕੋਈ ਵੀ ਰਜਿਸਟਰੀ, ਇੰਤਕਾਲ, ਮੈਰਿਜ ਸਰਟੀਫਿਕੇਟ, ਤਕਸੀਮ ਦੇ ਕੇਸ ਤੇ ਹੋਰ ਵੀ ਕੰਮ ਬਿਨਾਂ ਰਿਸ਼ਵਤ ਦਿੱਤਿਆਂ ਨਹੀਂ ਹੁੰਦੇ | ਜੇਕਰ ਕਿਸੇ ਦਾ ਮੁਫਤ ਵਿੱਚ ਕੰਮ ਹੁੰਦਾ ਵੀ ਹੈ ਤਾਂ ਉਹ ਕਾਂਗਰਸ ਪਾਰਟੀ ਦੇ ਵਿਧਾਇਕਾਂ, ਮੰਤਰੀਆਂ, ਹਲਕਾ ਇੰਚਾਰਜਾਂ ਜਾਂ ਫਿਰ ਕਿਸੇ ਉੱਚ ਅਧਿਕਾਰੀ ਦੀ ਸਿਫਾਰਸ਼ ਤੋਂ ਬਿਨਾਂ ਨਹੀਂ ਹੁੰਦਾ| ਇਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਪੁਲੀਸ, ਬਿਜਲੀ ਬੋਰਡ, ਪੀ.ਡਲਬਿਉ.ਡੀ, ਪੰਚਾਇਤ ਵਿਭਾਗ, ਲੇਬਰ ਵਿਭਾਗ, ਵਣ ਵਿਭਾਗ, ਲੋਕਲ ਬਾਡੀਜ ਪੂਡਾ, ਗਮਾਡਾ ਅਤੇ ਖੇਤੀ ਬਾੜੀ ਵਿਭਾਗ ਸਮੇਤ ਲਗਭਗ ਸਾਰੇ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਚਲ ਰਿਹਾ ਹੈ ਜਿਸ ਤਰ੍ਹਾਂ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ |
ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਇਕ ਹੁਕਮ ਜਾਰੀ ਕਰਨ ਕਿ ਜੋ ਵੀ ਮੰਤਰੀ, ਵਿਧਾਇਕ, ਸਰਕਾਰੀ ਮੁਲਾਜਮ, ਅਧਿਕਾਰੀ ਅਤੇ ਇਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ ਦਿਵਾਲੀ ਮੌਕੇ ਕੋਈ ਤੋਹਫਾ ਪ੍ਰਾਪਤ ਕਰੇਗਾ ਤਾਂ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਦਿਵਾਲੀ ਮੌਕੇ ਸੂਬੇ ਵਿੱਚ ਕਰੋੜਾਂ ਰੁਪਏ ਦੀ ਰਿਸ਼ਵਤ ਤੋਹਫਿਆਂ ਦੇ ਤੌਰ ਤੇ ਦਿੱਤੀ ਤੇ ਲਈ ਜਾਂਦੀ ਹੈ| ਉਹਨਾਂ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ ਕੋਈ ਵੀ ਮੰਤਰੀ, ਵਿਧਾਇਕ, ਸਰਕਾਰੀ ਮੁਲਾਜਮ ਜਾਂ ਅਧਿਕਾਰੀ ਜਾਂ ਇਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ ਰਿਸ਼ਵਤ ਦੇ ਤੌਰ ਤੇ ਤੋਹਫਾ ਨਹੀਂ ਲੈ ਸਕਦਾ ਕਿਉਂਕਿ ਇਹ ਕਾਨੂੰਨੀ ਜੁਰਮ ਹੈ|
ਇਸ ਮੌਕੇ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਉਪਰੋਕਤ ਮੰਗਾਂ ਵਾਲਾ ਪੱਤਰ ਵੀ ਭੇਜਿਆ ਗਿਆ|
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਤਾਰਾ ਸਿੰਘ ਚਾਹਲ, ਹਰਚੰਦ ਸਿੰਘ ਬਾਠ, ਸਰਬਜੀਤ ਸਿੰਘ ਵਿਰਕ, ਅਮਰਜੀਤ ਸਿੰਘ ਲੌਂਗਿਆ, ਨਵਲ ਕਿਸ਼ੋਰ ਛਿਬੜ ਅਤੇ ਸੰਪੂਰਨ ਸਿੰਘ ਛਾਜਲੀ ਵੀ ਹਾਜਰ ਸਨ |

Leave a Reply

Your email address will not be published. Required fields are marked *