ਸੂਬੇ ਵਿੱਚ ਸਰਸਰੀ ਸੁਧਾਈ 2021 ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਅਰਜੀਆਂ ਦਿੱਤੀਆਂ ਸੀ.ਈ.ਓ. ਡਾ. ਰਾਜੂ
ਚੰਡੀਗੜ੍ਹ, 14 ਜਨਵਰੀ (ਸ.ਬ.) ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 2021 ਦੌਰਾਨ 8 ਲੱਖ ਤੋਂ ਵੱਧ ਵੋਟਰਾਂ ਨੇ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ, ਕਟਵਾਉਣ ਜਾਂ ਦਰੁਸਤੀ ਲਈ ਫਾਰਮ ਭਰੇ ਸਨ ਜਿਸ ਉਪਰੰਤ ਮੁਕੰਮਲ ਹੋਈ ਸੁਧਾਈ ਸਦਕਾ ਸੂਬੇ ਵਿਚ 4.36 ਲੱਖ ਨਵੇਂ ਵੋਟਰ ਬਣੇ ਹਨ ਅਤੇ 1.71 ਲੱਖ ਵੋਟਾਂ ਕੱਟੀਆਂ ਗਈਆਂ ਹਨ ਜਿਸ ਨਾਲ ਪੰਜਾਬ ਰਾਜ ਵਿੱਚ ਵੋਟਰਾਂ ਦੀ ਗਿਣਤੀ 2.6 ਕਰੋੜ ਤੋਂ ਵੱਧ ਕੇ 2.9 ਕਰੋੜ ਹੋ ਗਈ ਹੈ।
ਇਸ ਸੰਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਨਲਾਈਨ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਅੰਤਿਮ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਮਿਤੀ 15 ਜਨਵਰੀ 2021 ਨੂੰ ਕਰ ਦਿੱਤੀ ਜਾਵੇਗੀ ਅਤੇ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਦੀ ਫਾਈਨਲ ਕਾਪੀ ਸੀ.ਡੀ. ਰੂਪ ਵਿੱਚ ਭੇਜ ਦਿੱਤੀ ਜਾਵੇਗੀ।
ਉਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ 15 ਜਨਵਰੀ 2021 ਤੋਂ ਰਾਜ ਦਾ ਚੋਣ ਵਰ੍ਹਾ ਸ਼ੁਰੂ ਹੋ ਜਾਵੇਗਾ ਜਿਸ ਲਈ ਵਿਭਾਗ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕਰ ਦਿੱਤੀ ਜਾਵੇਗੀ। ਉਹਨਾਂ ਨਾਲ ਹੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਵੋਟ ਪ੍ਰਤੀਸ਼ਤ ਵਧਾਉਣ ਲਈ ਆਪਣੇ ਪਾਰਟੀ ਪੱਧਰ ਤੇ ਵੀ ਲੋਕਾਂ ਨੂੰ ਜਾਗਰੂਕ ਕਰਨ। ਡਾ. ਰਾਜੂ ਨੇ ਦੱਸਿਆ ਕਿ 25 ਜਨਵਰੀ,2021 ਨੂੰ ਪੂਰੇ ਸੂਬੇ ਵਿੱਚ ਕੌਮੀ ਵੋਟਰ ਦਿਵਸ ਮਨਾਇਆ ਜਾਵੇਗਾ ਜਿਸ ਅਧੀਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਚੋਣ ਅਫ਼ਸਰ ਸ੍ਰੀਮਤੀ ਮਾਧਵੀ ਕਟਾਰੀਆ ਵੀ ਹਾਜ਼ਰ ਸਨ।