ਸੂਰਤ ਵਿੱਚ ਸੜਕ ਕਿਨਾਰੇ ਸੁੱਤੇ ਪਏ ਲੋਕਾਂ ਨੂੰ ਡੰਪਰ ਨੇ ਦਰੜਿਆ, 13 ਵਿਅਕਤੀਆਂ ਦੀ ਮੌਤ
ਸੂਰਤ, 19 ਜਨਵਰੀ (ਸ.ਬ.) ਗੁਜਰਾਤ ਦੇ ਸੂਰਤ ਵਿਚ ਕੀਮ ਰੋਡ ਉੱਤੇ ਡੰਪਰ ਨੇ ਸੜਕ ਕਿਨਾਰੇ ਸੁੱਤੇ 18 ਲੋਕਾਂ ਨੂੰ ਦਰੜ ਦਿੱਤਾ ਹੈ, ਜਿਨ੍ਹਾਂ ਵਿੱਚੋਂ 13 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਮਰਨ ਵਾਲੇ ਸਾਰੇ ਮਜ਼ਦੂਰ ਸਨ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਨ।
ਫਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿਚ ਕਿਮ-ਮਾਂਡਵੀ ਰੋਡ ਉੱਤੇ ਇਕ ਬੇਕਾਬੂ ਡੰਪਰ ਨੇ ਸੜਕ ਦੇ ਕਿਨਾਰੇ ਸੁੱਤੇ 18 ਮਜ਼ਦੂਰਾਂ ਨੂੰ ਕੁਚਲ ਦਿੱਤਾ। ਹਾਦਸਾ ਬੀਤੀ ਰਾਤ 12 ਵਜੇ ਦੇ ਨੇੜੇ ਵਾਪਰਿਆ। ਅਸਲ ਵਿਚ ਤੇਜ਼ ਰਫ਼ਤਾਰ ਨਾਲ ਜਾ ਰਹੇ ਡੰਪਰ ਚਾਲਕ ਨੇ ਓਵਰਟੇਕ ਕਰਨ ਦੀ ਕੋਸ਼ਸ਼ ਕਰਦੇ ਹੋਏ ਗੰਨਿਆਂ ਦੀ ਲੱਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ।
ਟੱਕਰ ਵੱਜਣ ਕਾਰਨ ਡੰਪਰ ਡਰਾਈਵਰ ਦਾ ਕੰਟਰੋਲ ਖੋ ਗਿਆ ਅਤੇ ਡੰਪਰ ਸੜਕ ਕਿਨਾਰੇ ਸੁੱਤੇ ਮਜ਼ਦੂਰਾਂ ਉੱਤੇ ਪਲਟ ਗਿਆ। ਇਸ ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 5 ਵਿਅਕਤੀ ਜ਼ਖ਼ਮੀ ਹਨ। ਹਾਲਾਂਕਿ 6 ਮਹੀਨਿਆਂ ਦੀ ਬੱਚੀ ਇਸ ਹਾਦਸੇ ਵਿਚ ਬਚ ਗਈ ਪਰ ਉਸਦੇ ਮਾਂ-ਬਾਪ ਦੀ ਮੌਤ ਹੋ ਗਈ।