ਸੇਫ ਸਕੂਲ ਵਾਹਨ ਸਕੀਮ ਨੂੰ ਜ਼ਿਲ੍ਹੇ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ: ਮਾਨ

ਐਸ.ਏ.ਐਸ.ਨਗਰ, 11 ਜਨਵਰੀ (ਸ.ਬ.) ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਸਕੀਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲਾਂ ਵਿੱਚ ਵਿਜ਼ਿਟ ਕਰ ਕੇ ਸਕੂਲ ਮੁਖੀਆਂ ਨੂੰ ਸਕੂਲੀ ਵਾਹਨਾਂ ਵਿੱਚ ਪਾਈਆਂ ਜਾਣ ਵਾਲੀਆਂ ਕਮੀਆਂ ਨੂੰ ਦੂਰ ਕਰਨ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ| ਇਸ ਤੋਂ ਬਾਅਦ ਵੀ ਜੇਕਰ ਕਿਸੇ ਸਕੂਲੀ ਵਾਹਨ ਵੱਲੋਂ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਜਾਣ -ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ| ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਵੀ ਮੌਜੂਦ ਸਨ|
ਸ਼੍ਰੀ ਮਾਨ ਨੇ ਸਰਕਾਰੀ ਸਕੂਲਾਂ ਸਮੇਤ ਨਿੱਜੀ ਸਕੂਲਾਂ ਵਿੱਚ ਵੀ ਸੌ ਫੀਸਦੀ ਟਰਾਂਸਪੋਰਟ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਬੱਚਿਆਂ ਦੇ ਸਕੂਲੀ ਵਾਹਨਾਂ ਵਿੱਚ ਚੜ੍ਹਨ-ਉਤਰਣ ਸਮੇਂ ਟਰਾਂਸਪੋਰਟ ਕਮੇਟੀ ਦਾ ਮੌਕੇ ਤੇ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸੇਫਟੀ ਨਿਯਮਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਹੋ ਸਕੇ| ਉਨ੍ਹਾਂ ਮੀਟਿੰਗ ਵਿੱਚ ਸੇਫ ਸਕੂਲ ਵਾਹਨ ਸਕੀਮ ਤਹਿਤ ਕੀਤੀ ਗਈ ਬੱਸਾਂ ਦੀ ਚੈਕਿੰਗ, ਲਾਏ ਗਏ ਜਾਗਰੂਕਤਾ ਕੈਂਪਾਂ, ਕੀਤੀ ਗਈ ਬੱਸਾਂ ਦੀ ਇੰਪੈਕਸ਼ਨ ਰਿਪੋਰਟ ਦਾ ਵੀ ਜਾਇਜ਼ਾ ਲਿਆ|
ਉਨ੍ਹਾਂ ਜ਼ੀਰਕਪੁਰ ਚੌਕ (ਪੁਲ ਦੇ ਹੇਠਾਂ) ਲੱਗਦੇ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਢੁੱਕਵੇਂ ਕਦਮ ਚੁੱਕਣ ਲਈ ਕਿਹਾ| ਉਨ੍ਹਾਂ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਜ਼ੀਰਕਪੁਰ ਵਿੱਚੋਂ ਸਵੇਰ ਸਮੇਂ ਲੰਘਦੇ ਓਵਰਲੋਡ ਟਰੱਕਾਂ ਤੇ ਸ਼ਿਕੰਜਾ ਕੱਸਣ ਲਈ ਵੀ ਕਿਹਾ| ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੋਲ ਪਲਾਜ਼ਿਆਂ ਤੇ ਬਾਥਰੂਮ, ਸ਼ੈਲਟਰ ਅਤੇ ਫਸਟਏਡ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਸਹੂਲਤਾਂ ਸਬੰਧੀ ਬੋਰਡ ਵੀ ਲਾਇਆ ਜਾਵੇ ਤਾਂ ਜੋ ਉਥੋਂ ਲੰਘ ਰਹੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ| ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਆਰ.ਟੀ.ਏ. ਸੁਖਵਿੰਦਰ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੰਤੋਸ਼ ਰਾਣੀ, ਡੀ. ਐਸ. ਪੀ. ਸ਼ਾਮ ਲਾਲ ਸੰਧੂ, ਈ. ਓ. ਰਾਜੇਸ਼ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *