ਸੈਕਟਰ -17 ਵਿਖੇ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਪੰਜਾਬੀ ਹਿਤੈਸ਼ੀਆਂ ਵਲੋਂ ਵਿਸ਼ਾਲ ਧਰਨਾ

ਚੰਡੀਗੜ੍ਹ, 1 ਨਵੰਬਰ (ਸ.ਬ.) ਚੰਡੀਗੜ੍ਹ ਦੇ ਸੈਕਟਰ 17 ਵਿਖੇ ਚੰਡੀਗੜ੍ਹ ਪੰਜਾਬੀ ਮੰਚ ਦੀ ਅਗਵਾਈ ਵਿਚ ਵੱਖ ਵੱਖ ਜਥੇਬੰਦੀਆਂ ਵਲੋਂ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਧਰਨਾ ਦਿਤਾ ਗਿਆ|
ਇਸ ਧਰਨੇ ਵਿਚ ਵੱਖ ਵੱਖ ਪੇਂਡੂ ਸੰਘਰਸ ਕਮੇਟੀਆਂ, ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਪੰਜਾਬੀ ਸਾਹਿਤਕ ਜਥੇਬੰਦੀਆਂ, ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬਾਂ ਤੇ ਕਮੇਟੀਆਂ, ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਅਨੇਕਾਂ ਹੀ ਕਲਾਕਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ|
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਸ ਦੀ ਰਾਜਧਾਨੀ ਵਿਚ ਪੰਜਾਬੀ ਭਾਸ਼ਾ ਨੂੰ ਬਿਲਕੁਲ ਹੀ ਖੁਡੇ ਲਗਾ ਦੇ ਰਖਿਆ ਗਿਆ ਹੈ| ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿਚ ਜਿਆਦਾਤਰ ਕੰਮ ਅੰਗਰੇਜੀ ਵਿਚ ਹੀ ਕੀਤਾ ਜਾ ਰਿਹਾ ਹੈ|  ਬਹਾਨਾ ਇਹ ਲਗਾਇਆ ਜਾਂਦਾ ਹੈ ਕਿ ਚੰਡੀਗੜ੍ਹ ਵਿਚ ਜੋ ਅਫਸਰ ਤੈਨਾਤ ਹਨ ਉਹ ਭਾਰਤ ਦੇ ਹੋਰਨਾਂ ਸੂਬਿਆਂ ਨਾਲ ਸਬੰਧ ਰਖਦੇ ਹਨ, ਇਸ ਕਰਕੇ ਉਹਨਾਂ ਨੂੰ ਪੰਜਾਬੀ ਨਹੀਂ ਆਂਉਂਦੀ ਜਿਸ ਕਰਕੇ ਚੰਡੀਗੜ੍ਹ ਵਿਚ ਸਰਕਾਰੀ ਭਾਸ਼ਾ ਅੰਗਰੇਜੀ ਰਖੀ ਗਈ ਹੈ| ਉਹਨਾਂ ਕਿਹਾ ਕਿ ਦੂਜੇ ਰਾਜਾਂ ਦੇ  ਅਫਸਰਾਂ ਨੂੰ ਵੀ ਪੰਜਾਬੀ ਦਾ ਗਿਆਨ ਦਿਤਾ ਜਾ ਸਕਦਾ ਹੈ ਅਤੇ ਚੰਡੀਗੜ੍ਹ ਵਿਚ ਉਹ ਅਫਸਰ ਵੀ ਤੈਨਾਤ ਕੀਤੇ ਜਾ ਸਕਦੇ ਹਨ, ਜਿਹਨਾਂ ਨੂੰ ਪੰਜਾਬੀ ਪੜਨੀ ਤੇ ਲਿਖਣੀ ਆਂਉਂਦੀ ਹੋਵੇ|
ਉਹਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੂੰ ਪੰਜਾਬੀ ਲਿਖਣੀ ਪੜਨੀ ਤਾਂ ਆਂਉਂਦੀ ਹੈ ਪਰ ਉਹ ਪੰਜਾਬੀ ਲਾਗੂ ਕਰਨ ਲਈ  ਸੁਹਿਰਦ ਨਹੀਂ| ਉਹਨਾਂ ਕਿਹਾ ਕਿ ਚੰਡੀਗੜ੍ਹ ਵਿਚ ਪ੍ਰਸ਼ਾਸਕੀ ਅਤੇ ਹੋਰ ਕੰਮਾਂ ਵਿਚ ਪੰੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣਾ ਚਾਹੀਦਾ ਹੈ| ਉਹਨਾਂ ਮੰਗ ਕੀਤੀ ਕਿ  ਚੰਡੀਗੜ੍ਹ ਵਿਚ ਪ੍ਰਸ਼ਾਸਕੀ ਅਤੇ ਹੋਰ ਕੰਮਾਂ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਤਾ ਜਾਵੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦਸਿਆ ਕਿ ਜਦੋਂ ਉਹਨਾਂ ਵਲੋਂ ਧਰਨਾ ਸ਼ੁਰੂ ਕੀਤਾ ਗਿਆ ਸੀ ਤਾਂ ਧਰਨੇ ਨੂੰ ਉਦੋਂ ਹੀ ਸਫਲਤਾ ਮਿਲਣੀ ਸ਼ੁਰੂ ਹੋ ਗਈ ਸੀ ਅਤੇ ਪੰਜਾਬ ਦੇ ਰਾਜਪਾਲ ਭਵਨ ਵਲੋਂ ਮੰਚ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਾ ਮਿਲ ਗਿਆ ਸੀ| ਇਸ ਤੋਂ ਬਾਅਦ ਮੰਚ ਦੇ ਆਗੂਆਂ ਦੀ ਰਾਜਪਾਲ ਪੰਜਾਬ ਨਾਲ ਦੁਪਹਿਰ ਇਕ ਵਜੇ ਰਾਜਪਾਲ ਭਵਨ ਵਿਚ ਮੀਟਿੰਗ ਹੋਈ, ਜਿਸ ਵਿਚ ਰਾਜਪਾਲ ਪੰਜਾਬ ਨੇ ਮੰਚ ਦੇ ਆਗੂਆਂ ਨੁੰ ਭਰੋਸਾ ਦਿਤਾ ਕਿ ਉਹਨਾਂ ਨੂੰ ਦੋ ਮਹੀਨੇ ਦਾ ਸਮਾਂ ਦਿਓ ਤਾਂ ਕਿ ਉਹ ਚੰਡੀਗੜ੍ਹ ਵਿਚ ਉਪਰਲੇ ਪੱਧਰ ਤੱਕ ਪੰਜਾਬੀ ਨੂੰ ਲਾਗੂ ਕੀਤਾ ਜਾ  ਸਕੇ|
ਸ੍ਰੀ ਦੀਪਕ ਸ਼ਰਮਾ ਨੇ ਕਿਹਾ ਕਿ ਜੇ ਦੋ ਮਹੀਨਿਆਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪ੍ਰਸ਼ਾਸਕੀ ਤੇ ਹੋਰ ਕੰਮਾਂ ਵਿਚ ਪਹਿਲੀ ਭਾਸ਼ਾ ਦਾ ਦਰਜਾ ਨਾ ਦਿਤਾ ਗਿਆ ਤਾਂ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਉਹਨਾਂ ਵਲੋਂ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਖੇਤਰੀ ਭਾਸ਼ਾਵਾਂ ਸਬੰਧੀ ਅੰਤਰਰਾਸਟਰੀ ਸੰਮੇਲਨ ਕੀਤਾ  ਜਾਵੇਗਾ|
ਇਸ ਧਰਨੇ ਦੀ ਖਾਸ ਗਲ ਇਹ ਰਹੀ ਕਿ ਇਸ ਧਰਨੇ ਵਿਚ ਮੁਹਾਲੀ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ| ਮੁਹਾਲੀ ਤੋਂ  ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ ਬਲਜੀਤ ਸਿੰਘ ਕੁੰਭੜਾ, ਕੌਂਸਲਰ ਸਤਵੀਰ ਸਿੰਘ ਧਨੋਆ, ਪੇਂਡੂ ਸੰਘਰਸ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕਾਂ ਨੇ ਚੰਡੀਗੜ੍ਹ ਵਿਖੇ ਦਿਤੇ ਗਏ ਇਸ ਧਰਨੇ ਵਿਚ ਸਮੂਲੀਅਤ ਕੀਤੀ|
ਇਸ ਧਰਨੇ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਸੁਰਜੀਤ ਪਾਤਰ,  ਐਮ ਪੀ ਡਾ ਧਰਮਵੀਰ ਗਾਂਧੀ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ ਬੀਰਦਵਿੰਦਰ ਸਿੰਘ, ਚੰਡੀਗੜ੍ਹ ਪੰਜਾਬੀ ਮੰਚ ਪ੍ਰਧਾਨ ਡਾ ਸੁਖਦੇਵ ਸਿੰਘ,ਜਨਰਲ ਸਕਤਰ ਦੇਵੀ ਦਿਆਲ  ਸ਼ਰਮਾ, ਰਾਜ ਕਾਕੜਾ, ਸੁਖੀ ਬਰਾੜ, ਚੰਡੀਗੜ੍ਹ ਦੀ ਸਾਬਕਾ ਮੇਅਰ ਸ੍ਰੀਮਤੀ ਹਰਜਿੰਦਰ ਕੌਰ,ਸਾਬਕਾ ਡਿਪਟੀ ਮੇਅਰ ਪ੍ਰਦੀਪ ਛਾਬੜਾ, ਡਾ ਸਰਬਜੀਤ ਸਿੰਘ, ਬਾਬਾ ਸਾਧੂ ਸਿੰਘ, ਆਮ ਆਦਮੀ ਪਾਰਟੀ ਪੰਜਾਬ ਦੇ ਕੋ ਕਨਵੀਨਰ ਅਮਨ ਅਰੋੜਾ, ਪੱਤਰਕਾਰ ਤਰਲੋਚਨ ਸਿੰਘ, ਅਕਾਲੀ ਦਲ ਦੇ ਜਥੇਬੰਦਕ ਸਕੱਤਰ ਬਲਜੀਤ ਸਿੰਘ ਕੁੰਭੜਾ,ਸੁਖਜੀਤ ਸੁੱਖਾ,  ਗੁਰਪ੍ਰੀਤ ਸੋਮਲ,  ਹੈਪੀ ਦ੍ਰਿੜਬਾ, ਪ੍ਰੋ ਮਨਜੀਤ ਸਿੰਘ, ਸ੍ਰੀ ਰਾਮ ਅਰਸ਼, ਗੁਰਨਾਮ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ| ਮੰਚ ਸੰਚਾਲਨ ਜੋਗਿੰਦਰ ਸਿੰਘ ਬੁੜੈਲ ਨੇ ਕੀਤਾ|

Leave a Reply

Your email address will not be published. Required fields are marked *