ਸੈਕਟਰ 66 ਤੋਂ 80 ਵਿੱਚ ਪਾਣੀ ਦੇ ਰੇਟ ਵੱਧ ਹੋਣ ਸਬੰਧੀ ਕੇਸ ਦੀ ਅਗਲੀ ਸੁਣਵਾਈ 12 ਦਸੰਬਰ ਨੂੰ
ਐਸ ਏ ਐਸ ਨਗਰ, 7 ਦਸੰਬਰ (ਸ.ਬ.) ਮਾਨਯੋਗ ਲੋਕ ਅਦਾਲਤ ਵਿੱਚ ਸੈਕਟਰ 66 ਤੋਂ ਸੈਕਟਰ 80 ਤਕ ਪਾਣੀ ਦੇ ਰੇਟ ਜਿਆਦਾ ਹੋਣ ਸਬੰਧੀ ਕੇਸ ਦੀ ਸੁਣਵਾਈ ਮੌਕੇ ਸੈਕਟਰ 66ਤੋਂ 80 ਦੇ ਸਾਰੇ ਸਾਬਕਾ ਕੌਂਸਲਰ ਮਾਣਯੌਗ ਲੋਕ ਅਦਾਲਤ ਵਿੱਚ ਪਹੁੰਚੇ ਪਰ ਗਮਾਡਾ ਦੇ ਵਲੋਂ ਕੋਈ ਵਕੀਲ ਜਾਂ ਅਧਿਕਾਰੀ ਹਾਜਰ ਨਾ ਹੋਣ ਕਾਰਨ ਮਾਣਯੋਗ ਅਦਾਲਤ ਵਲੋਂ 12 ਦਸੰਬਰ ਨੂੰ ਸਾਰੀਆਂ ਧਿਰਾਂ ਨੂੰ ਪੇਸ਼ ਹੋਣ ਸੰਬੰਧੀ ਹੁਕਮ ਜਾਰੀ ਕੀਤੇ ਹਨ|
ਸਾਬਕਾ ਕਂੌਸਲਰਾਂ ਬੌਬੀ ਕੰਬੋਜ, ਰਜਿੰਦਰ ਕੌਰ ਕੁੰਬੜਾ, ਸਤਵੀਰ ਸਿੰਘ ਧਨੋਆ, ਪਰਮਿੰਦਰ ਸਿੰਘ ਤਸਿੰਬਲੀ, ਜਸਬੀਰ ਕੌਰ ਅਤਲੀ, ਸੁਰਿੰਦਰ ਸਿੰਘ ਰੋਡਾ, ਰਜਨੀ ਗੋਇਲ ਅਤੇ ਅਕਾਲੀ ਆਗੂਆਂ ਹਰਮਨਜੋਤ ਸਿੰਘ ਕੁਬੜਾ, ਹਰਮੇਸ਼ ਕੁੰਭੜਾ ਨੇ ਕਿਹਾ ਕਿ ਗਮਾਡਾ ਅਤੇ ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ ਇਸ ਕੇਸ ਨੂੰ ਲਮਕਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਗਮਾਡਾ ਦੀਆਂ ਨੀਤੀਆਂ ਕਾਰਨ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਨਾਲ ਮਹਿੰਗੇ ਪਾਣੀ ਦੇ ਬਿਲਾਂ ਲਈ ਤਿਆਰ ਰਹਿਣਾ ਪਵੇਗਾ|
ਉਹਨਾਂ ਕਿਹਾ ਕਿ ਅਦਾਲਤ ਵਿੱਚ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਸਾਰੇ ਪੰਜਾਬ ਵਿੱਚ ਮੀਟਰਿੰਗ ਪਾਲਸੀ ਲਾਗੂ ਹੋਣ ਕਾਰਨ ਹੈਂਡ ਉਵਰ, ਟੈਕਉਵਰ ਦਾ ਕੰਮ ਦੇਰੀ ਨਾਲ ਹੋ ਰਿਹਾ ਹੈ|