ਸੈਕਟਰ 66 ਵਿੱਚ ਬਣੇਗੀ ਨਵੀਂ ਮੋਟਰ ਮਾਰਕੀਟ, 247 ਦੁਕਾਨਦਾਰਾਂ ਨੇ ਮੋਟਰ ਮਾਰਕੀਟ ਵਿੱਚ ਦੁਕਾਨਾਂ ਅਲਾਟ ਕਰਨ ਲਈ ਭਰੇ ਪੈਸੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਗਮਾਡਾ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਬਣੀਆਂ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੂੰ  ਸੈਕਟਰ 66 ਵਿੱਚ ਦੁਕਾਨਾਂ ਅਲਾਟ ਕਰਨ ਲਈ ਨਵੇਂ ਸਿਰੇ ਤੋਂ ਤਜਵੀਜ ਤਿਆਰ ਕੀਤੀ ਹੈ| ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਰਵੀ ਭਗਤ ਅਨੁਸਾਰ ਗਮਾਡਾ ਵੱਲੋਂ ਪਹਿਲਾਂ ਸ਼ਹਿਰ ਵਿੱਚ ਮੋਟਰ ਰਿਪੇਅਰ ਦਾ ਕੰਮ ਕਰਨ ਵਾਲੇ ਕੁਲ 540 ਦੁਕਾਨਦਾਰਾਂ ਦੀ ਪਹਿਚਾਣ ਕੀਤੀ ਗਈ ਸੀ| ਜਿਹਨਾਂ ਨੂੰ ਦੁਕਾਨਾਂ ਵਾਸਤੇ  ਪੇਸ਼ਗੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਪ੍ਰੰਤੂ ਇਸ ਸਬੰਧੀ ਸਿਰਫ 247 ਦੁਕਾਨਦਾਰਾਂ ਵੱਲੋਂ ਹੀ ਪੈਸੇ ਜਮ੍ਹਾਂ ਕਰਵਾਏ ਗਏ ਹਨ| ਉਹਨਾਂ ਦੱਸਿਆ ਕਿ ਪਹਿਲਾਂ ਗਮਾਡਾ ਵੱਲੋਂ ਸ਼ਹਿਰ ਵਿੱਚ 2 ਥਾਵਾਂ ਤੇ ਮੋਟਰ ਮਾਰਕੀਟ ਦੀ ਉਸਾਰੀ ਦੀ ਤਜਵੀਜ ਸੀ ਪ੍ਰੰਤੂ ਹੁਣ ਦੁਕਾਨਦਾਰਾਂ ਦੀ ਗਿਣਤੀ ਘੱਟ ਹੋ ਜਾਣ ਕਾਰਨ ਗਮਾਡਾ ਵੱਲੋਂ ਸੈਕਟਰ 66 ਵਿੱਚ ਹੀ ਇਹ ਮਾਰਕੀਟ ਬਣਾਈ ਜਾਵੇਗੀ ਅਤੇ  ਇਸ ਸਬੰਧੀ ਗਮਾਡਾ ਦੇ ਟਾਊਨ ਪਲਾਨਿੰਗ ਵਿਭਾਗ ਵੱਲੋਂ ਤਜਵੀਜ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ|
ਇਸ ਦੌਰਾਨ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਅਬਿਆਨਾ ਦੀ ਅਗਵਾਈ ਵਿੱਚ ਅਹੁਦੇਦਾਰਾਂ ਦਾ ਇੱਕ ਵਫਦ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਮਿਲਿਆ ਅਤੇ ਉਹਨਾਂ ਨੂੰ ਇਸ ਸੰਬੰਧੀ ਕਾਰਵਾਈ ਛੇਤੀ ਮੁਕੰਮਲ ਕਰਨ ਦੀ ਅਪੀਲ ਕੀਤੀ| ਸ੍ਰ. ਅਬਿਆਨਾ ਨੇ ਦੱਸਿਆ ਕਿ ਮੁੱਖ ਪ੍ਰਸ਼ਾਸ਼ਕ ਨੇ ਉਹਨਾਂ ਨੂੰ ਦੱਸਿਆ ਕਿ ਸੈਕਟਰ 66 ਵਿੱਚ ਮੋਟਰ ਮਾਰਕੀਟ ਦੀ ਉਸਾਰੀ ਸਬੰਧੀ ਤਰਵੀਜ ਨੂੰ ਗਮਾਡਾ ਦੀ ਮੀਟਿੰਗ ਵਿੱਚ ਰੱਖਿਆ ਜਾਣਾ ਹੈ ਅਤੇ ਇਸਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਦੁਕਾਨਦਾਰਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕਰ ਦਿੱਤੇ ਜਾਣਗੇ| ਇਸ ਮੌਕੇ ਸ੍ਰੀ ਅਬਿਆਨਾ ਦੇ ਨਾਲ ਸੰਸਥਾ ਦੇ ਜਨਰਲ ਸਕੱਤਰ ਸ੍ਰ. ਚਰਨਜੀਤ ਸਿੰਘ ਬੇਦੀ ਅਤੇ ਸ੍ਰ. ਹਰਦੇਵ ਸਿੰਘ ਅਤੇ ਖਜਾਨਚੀ ਸ੍ਰ. ਅਮਿਤ ਕੁਮਾਰ ਕਾਂਸਲ ਵੀ ਹਾਜਿਰ ਸਨ|

Leave a Reply

Your email address will not be published. Required fields are marked *