ਸੈਕਟਰ-67 ਵਿੱਚ ਬਣਨ ਵਾਲੇ ਸ਼ਾਪਿੰਗ ਮਾਲ ਅਤੇ ਹੋਟਲ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਏਅਰਪੋਰਟ ਸੜਕ ਨੂੰ ਲਿਆਂਦਾ ਜਾ ਰਿਹਾ ਹੈ ਨਿੱਜੀ ਵਰਤੋਂ ਵਿੱਚ!

ਸੈਕਟਰ-67 ਵਿੱਚ ਬਣਨ ਵਾਲੇ ਸ਼ਾਪਿੰਗ ਮਾਲ ਅਤੇ ਹੋਟਲ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਏਅਰਪੋਰਟ ਸੜਕ ਨੂੰ ਲਿਆਂਦਾ ਜਾ ਰਿਹਾ ਹੈ ਨਿੱਜੀ ਵਰਤੋਂ ਵਿੱਚ!

ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵੱਲੋਂ ਦਿੱਤੀ ਗਈ ਹੈ ਸੜਕ ਤੇ ਚਾਦਰਾਂ ਲਗਾ ਕੇ ਬੰਦ ਕਰਨ ਦੀ ਇਜਾਜਤ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 1 ਜੁਲਾਈ

ਸਥਾਨਕ 67 ਵਿੱਚ ਐਰੋਸਿਟੀ ਸੜਕ ਦੇ ਕਿਨਾਰੇ ਯੂਨਿਟੀ ਕੰਪਨੀ ਵਲੋਂ ਬਣਾਏ ਜਾਣ ਵਾਲੇ ਬਹੁਮੰਜਿਲਾਂ ਹੋਟਲਾਂ, ਮਾਲ ਅਤੇ ਸ਼ਪਿੰਗ ਕਾਂਪਲੈਕਸ ਦੇ ਬਹੁਕਰੋੜੀ ਪ੍ਰੋਜੈਕਟ ਦੀ ਉਸਾਰੀ ਵਾਸਤੇ ਗਮਾਡਾ ਮੁਹਾਲੀ ਵਲੋਂ ਸੈਕਟਰ 67 ਵਾਲੇ ਪਾਸੇ ਬਣੀ 200 ਫੁਟੀ ਸੜਕ ਦੀ ਸਰਵਿਸ ਰੋਡ ਨੂੰ ਬੰਦ ਕਰਕੇ ਉਸਾਰੀ ਕਰਨ ਵਾਲੀ ਕੰਪਨੀ ਨੂੰ ਇਸ ਸੜਕ ਦੇ ਆਲੇ ਦੁਆਲੇ 12 ਫੁੱਟ ਉੱਚੀਆਂ ਚਾਦਰਾਂ ਨਾਲ ਕਵਰ ਕਰਨ ਦੀ ਇਜਾਜਤ ਦੇ ਦਿੱਤੀ ਗਈ| ਕੰਪਨੀ ਵਲੋਂ 10 ਅਪ੍ਰੈਲ 2017 ਇਹ ਇਜਾਜਤ ਇਹ ਕਹਿ ਕੇ ਮੰਗੀ ਗਈ ਸੀ ਕਿ ਇਸ ਪ੍ਰੋਜੈਕਟ ਦੇ ਨਕਸ਼ੇ ਅਨੁਸਾਰ ਇੱਥੇ ਬਣਨ ਵਾਲੀ 2 ਮੰਜਿਲਾਂ ਬੇਸਮੈਂਟ ਦੀ ਖੁਦਾਦੀ ਬੇਸਮੈਂਟ ਦੀ ਉਸਾਰੀ ਦੌਰਾਨ ਇੱਥੇ ਕਿਸੇ ਹਾਦਸੇ ਤੋਂ ਬਚਾਉਂ ਲਈ ਉਹਨਾਂ ਨੂੰ ਤਿੰਨ ਮਹੀਨੇ ਤੱਕ ਸਰਵਿਸ ਸੜਕ ਨੂੰ ਬੰਦ ਕਰਕੇ ਇਸ ਨੂੰ ਚਾਦਰਾਂ ਲਗਾ ਕੇ ਕਵਰ ਕਰਲ ਦੀ ਇਜਾਜਤ ਦਿੱਤੀ ਜਾਵੇ ਅਤੇ 3 ਮਹੀਨਿਆਂ ਵਿੱਚ ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰੰਤੂ ਤਿੰਨ ਮਹੀਨੇ ਦੇ ਲਗਭਗ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤਕ ਕੰਪਨੀ ਵਲੋਂ ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਕਰਨਾ ਤਾਂ ਇੱਕ ਪਾਸੇ ਇਥੇ ਹੁਣ ਤਕ ਬੇਸਮੈਂਟ ਦੇ ਅੱਧੇ ਹਿੱਸੇ ਦੀ ਪਟਾਈ ਦਾ ਕੰਮ ਹੀ ਸਿਰੇ ਚੜਿਆ ਹੈ ਅਤੇ ਜਿਸ ਹਿਸਾਬ ਨਾਲ ਉਸਾਰੀ ਦਾ ਕੰਮ ਚਲ ਰਿਹਾ ਹੈ ਉਸ ਨਾਲ ਤਾਂ ਬੇਸਮੈਂਟ ਦੀ ਉਸਾਰੀ ਦਾ ਇਹ ਕੰਮ ਅਗਲੇ 6 ਮਹੀਨਿਆਂ ਤਕ ਮੁਕੰਮਲ ਹੁੰਦਾ ਨਜਰ ਨਹੀਂ ਆ ਰਿਹਾ ਹੈ|
ਜਾਹਿਰ ਤੌਰ ਤੇ ਇਸ ਸੜਕ ਦੇ ਇਸ ਤਰ੍ਹਾਂ ਬੰਦ ਹੋਣ ਕਾਰਨ ਸੈਕਟਰ-67 ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ 200 ਫੁੱਟੀ ਸੜਕ ਤੋਂ ਸੈਕਟਰ ਦੇ ਅੰਦਰ ਜਾਣ ਲਈ ਬਣੀ ਸੰਪਰਕ ਸੜਕ ਤੇ ਪਹੁੰਚਣ ਲਈ ਕੋਈ ਸੜਕ ਨਾ ਹੋਣ ਕਾਰਨ ਉਹਨਾਂ ਨੂੰ ਜਾਂ ਤਾਂ ਪਹਿਲਾਂ ਹੀ ਮੁੜ ਕੇ ਜਾਣਾ ਪੈਂਦਾ ਹੈ ਜਾਂ ਫਿਰ ਸੈਕਟਰ 67 ਅਤੇ 66 ਵਾਲੀ ਸੜਕ ਤੋਂ ਹੋ ਕੇ ਸੈਕਟਰ ਵਿੱਚ ਦਾਖਿਲ ਹੋਣਾ ਪੈਂਦਾ ਹੈ| ਸੈਕਟਰ 67 ਤੋਂ 200 ਫੁਟੀ ਸੜਕ ਤੇ ਜਾਣ ਲਈ ਬਣੀ ਲਿੰਕ ਸੜਕ (ਜਿਸਤੇ ਕੰਪਨੀ ਵੱਲੋਂ ਚਾਦਰਾਂ ਲਗਾ ਕੇ ਸੜਕ ਬੰਦ ਕੀਤੀ ਗਈ ਹੈ|) ਦੇ ਕਿਨਾਰੇ ਤੇ ਅੱਗੇ ਸੜਕ ਬੰਦ ਕੀਤੀ ਹੋਈ ਹੈ ਦੀ ਚਿਤਾਵਨੀ ਵਾਲਾ ਕੋਈ ਬੋਰਡ ਵੀ ਨਾ ਲੱਗਿਆ ਹੋਣ ਕਾਰਨ ਇੱਥੇ ਕਿਸੇ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ|
ਇੱਥੇ ਹੀ ਬਸ ਨਹੀਂ  ਬਲਕਿ ਪ੍ਰੋਜੈਕਟ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਚਾਦਰਾਂ ਲਗਾ ਕੇ ਬੰਦ ਕੀਤੀ ਗਈ ਇਸ ਸੜਕ ਤੇ ਆਪਣਾ ਉਸਾਰੀ ਦਾ ਸਾਮਾਨ ਜਿਵੇਂ ਸਰੀਆ, ਬਜਰੀ, ਮਲਵਾ ਆਦਿ ਸੁਟਿਆ ਹੋਇਆ ਹੈ ਅਤੇ ਇਸ ਦੇ ਨਾਲ ਨਾਲ ਇਸ ਸੜਕ ਦੇ ਉੱਪਰ ਹੀ 6-7 ਦੇ ਕਰੀਬ ਹੌਦੀਆਂ ਵੀ ਬਣਾਈਆਂ ਹੋਈਆਂ ਹਨ|
ਇਸ ਕੰਪਨੀ ਦੇ ਪ੍ਰੋਜੈਕਟ ਕੋ ਆਰਡੀਨੇਟਰ ਅਤੇ ਇੱਥੇ ਚਲ ਰਹੀ ਉਸਾਰੀ ਦੇ ਕੰਮ ਦੇ ਇੰਚਾਰਜ  ਸ੍ਰੀ ਵਿਜੈ ਗੁਪਤਾ ਨੇ ਦੱਸਿਆ ਕਿ ਇਸ ਥਾਂ ਤੇ ਕੰਪਨੀ ਵੱਲੋਂ ਇੱਕ ਵਕਾਰੀ   ਪ੍ਰੋਜੈਕਟ ਬਣਾਇਆ ਜਾ ਰਿਹਾ ਹੈ| ਜਿਸਦੇ ਤਹਿਤ ਇੱਕ 10 ਮੰਜਿਲਾ ਹੋਟਲ, ਕਮਰਸ਼ੀਅਲ ਕਾਂਪਲੈਕਸ, ਮਾਲ, ਸਿਨੇਮਾ ਸਕਰੀਨਾਂ ਅਤੇ ਸਟੂਡੀਓ ਅਪਾਰਮੈਂਟ ਆਦਿ ਦੀ ਉਸਾਰੀ ਕੀਤੀ ਜਾਣੀ ਹੈ| ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਇਹ ਸਾਈਟ (4.1 ਏਕੜ) ਗਮਾਡਾ ਤੋਂ 105 ਕਰੋੜ ਰੁਪਏ ਦੇ ਕਰੀਬ ਕੀਮਤ ਤੇ ਖਰੀਦੀ ਹੈ ਅਤੇ ਇੱਥੇ ਚਲਾਇਆ ਜਾ ਰਿਹਾ ਕੰਮ ਪੂਰੀ ਤਰ੍ਹਾਂ ਨਿਯਮਾਂ ਤਹਿਤ ਕੀਤਾ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਬੇਸਮੈਂਟ ਦੀ ਉਸਾਰੀ ਦੇ ਕੰਮ ਵਿੱਚ ਪਿਛਲੇ ਦਿਨੀ ਪਈਆਂ ਬਰਸਾਤਾਂ ਕਾਰਨ ਥੋੜੀ ਰੁਕਾਵਟ ਆਈ ਹੈ ਪ੍ਰੰਤੂ ਇਹ ਪੂਰੀ ਰਫਤਾਰ ਨਾਲ ਚਲ ਰਿਹਾ ਹੈ| ਸੜਕ  ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਕੰਪਨੀ ਵੱਲੋਂ ਗਮਾਡਾ ਤੋਂ ਸ਼ਰਤਾਂ ਸਹਿਤ ਲਿਖਤੀ ਇਜਾਜਤ ਹਾਸਿਲ ਕੀਤੀ ਗਈ ਹੈ ਅਤੇ ਇਸ ਸਬੰਧੀ ਗਮਾਡਾ ਵੱਲੋਂ ਕੰਪਨੀ ਤੋਂ (25 ਲੱਖ ਰੁਪਏ ਦੀ) ਬਂੈਕ ਗਾਰੰਟੀ ਵੀ ਲਈ ਹੈ| ਉਹਨਾਂ ਮੰਨਿਆ ਕਿ 3 ਮਹੀਨਿਆਂ ਦੇ ਮਿੱਥੇ ਸਮੇਂ ਵਿੱਚ (ਜੋ 10 ਜੁਲਾਈ ਨੂੰ ਪੂਰਾ ਹੋ ਜਾਵੇਗਾ) ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਨਹੀਂ ਹੋ  ਪਾਏਗਾ ਅਤੇ ਕੰਪਨੀ ਵੱਲੋਂ ਇਸ ਇਜਾਜਤ ਦੀ ਸਮਾਂ ਹੱਦ ਵਧਾਉਣ ਲਈ ਗਮਾਡਾ ਤੱਕ ਪਹੁੰਚ ਕੀਤੀ ਜਾਵੇਗੀ| ਜਿਸ ਥਾਂ ਤੇ ਸੜਕ ਬੰਦ ਕੀਤੀ ਗਈ ਹੈ ਉਸਤੋ
ਪਹਿਲਾਂ ਰਾਹਗੀਰਾਂ ਲਈ ( ਅੱਗੇ ਸੜਕ ਬੰਦ ਹੈ ) ਦਾ ਚਿਤਾਵਨੀ ਬੋਰਡ  ਨਾ ਲਗਾਉਣ ਬਾਰੇ ਉਹਨਾਂ ਕਿਹਾ ਕਿ ਇਹ ਚਿਤਾਵਨੀ ਬੋਰਡ ਤੁਰੰਤ ਲਗਵਾ ਦਿੱਤੇ ਜਾਣਗੇ|
ਇਸ ਸਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਐਸ. ਈ. ਸ੍ਰ. ਦਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਹਾਦਸੇ ਤੋਂ ਬਚਾਉਂ ਅਤੇ ਆਮ ਲੋਕਾਂ ਦੀ ਸੁਰਖਿਆ ਨੂੰ ਮੁਖ ਰਖਦਿਆਂ ਕੰਪਨੀ ਨੂੰ ਇਹ ਸੜਕ ਬੰਦ ਕਰਨ ਦੀ ਇਜਾਜਤ ਦਿੱਤੀ ਗਈ ਹੈ|
ਗਮਾਡਾ ਦੇ ਚੀਫ ਇੰਜਨੀਅਰ ਸ੍ਰ. ਸੁਨੀਲ ਕਾਂਸਲ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਗਮਾਡਾ ਨੂੰ ਇਸ ਤਰੀਕੇ ਨਾਲ ਕਿਸੇ ਵੀ ਸੜਕ ਨੂੰ ਬੰਦ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਵਲੋਂ ਇਹ ਇਜਾਜਤ ਦਿੱਤੀ ਗਈ ਹੈ| ਕੰਪਨੀ ਵਲੋਂ ਸੜਕ ਤੇ ਆਪਣਾ ਉਸਾਰੀ ਦਾ ਸਾਮਾਨ ਰੱਖਣ ਅਤੇ ਹੌਦੀਆ ਬਾਰੇ ਕਿਹਾ ਕਿ ਉਹ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ ਹਾਲਾਂਕਿ ਸੜਕ ਕਿਨਾਰੇ ਚਿਤਾਵਨੀ ਬੋਰਡ ਉਹਨਾਂ ਕਿਹਾ ਕਿ ਕੰਪਨੀ ਨੂੰ ਇਹ ਬੋਰਡ ਲਗਾਉਣ ਦੀ ਹਿਦਾਇਤ ਕੀਤੀ ਜਾਵੇਗੀ | ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਰਵੀ ਭਗਤ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋ ਪਾਇਆ|

Leave a Reply

Your email address will not be published. Required fields are marked *