ਸੈਕਟਰ-69 ਵਿਖੇ ਸਰਕਾਰੀ ਡਿਸਪੈਂਸਰੀ ਬਣਾਈ ਜਾਵੇ : ਧਨੋਆ

ਐਸ ਏ ਐਸ ਨਗਰ, 20 ਜੂਨ (ਸ.ਬ.) ਵਾਰਡ ਨੰ: 23 ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਸੈਕਟਰ 69 ਵਿਖੇ ਮਾਸਟਰ ਪਲਾਨ ਵਿੱਚ ਰਾਖਵੀਂ ਰੱਖੀ ਜਗਾ ਉੱਤੇ ਸਰਕਾਰੀ ਡਿਸਪੈਂਸਰੀ ਬਣਾਈ ਜਾਵੇ|
ਅੱਜ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਇਸ ਏਰੀਏ ਵਿੱਚ ਸਿਹਤ ਸਬੰਧੀ ਸੇਵਾਵਾਂ ਲਈ ਸਿਰਫ ਪ੍ਰਾਈਵੇਟ ਹਸਪਤਾਲਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ ਜੋ ਕਿ ਬਹੁਤ ਮਹਿੰਗੇ ਹੋਣ ਕਾਰਣ ਆਮ ਆਦਮੀ ਦੇ ਵੱਸ ਤੋਂ ਬਾਹਰ ਦੀ ਗੱਲ ਹੈ| ਜਿਸ ਕਾਰਣ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਹੋ ਰਹੀ ਹੈ| ਜਰਾਂ ਜਿੰਨੀ ਵੀ ਬਿਮਾਰੀ ਹੋਣ ਦੀ ਸੂਰਤ ਵਿੱਚ     ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ|
ਉਹਨਾਂ ਕਿਹਾ ਕਿ ਗਮਾਡਾ ਵੱਲੋਂ ਮਾਸਟਰ ਪਲਾਨ ਵਿੱਚ ਜੀਨੀਅਸ ਸਕੂਲ ਦੇ ਨੇੜੇ ਸਰਕਾਰੀ ਡਿਸਪੈਂਸਰੀ ਲਈ ਜਗ੍ਹਾ ਰਾਖਵੀਂ ਰੱਖੀ ਹੋਈ ਹੈ| ਇੱਥੇ ਡਿਸਪੈਂਸਰੀ ਬਣਨ ਨਾਲ ਨੇੜੇ ਲਗਦੇ ਕਈ ਸੈਕਟਰਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਣਾ ਹੈ| ਪਰ ਗਮਾਡਾ, ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਡਿਸਪੈਂਸਰੀ ਨਹੀਂ ਬਣਾਈ ਜਾ ਰਹੀ ਜੋ ਕਿ ਲੋਕਾਂ ਦਾ ਬੁਨਿਆਦੀ ਹੱਕ ਹੈ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਸਰਕਾਰੀ ਡਿਸਪੈਂਸਰੀ ਦੀ ਸਥਾਪਨਾ ਕੀਤੀ ਜਾਵੇ|

Leave a Reply

Your email address will not be published. Required fields are marked *