ਸੈਕਟਰ-69 ਵਿੱਚ ਖੂੰਖਾਰ ਬਾਂਦਰ ਨੇ 3 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਕੀਤੇ

ਸੈਕਟਰ-69 ਵਿੱਚ ਖੂੰਖਾਰ ਬਾਂਦਰ ਨੇ 3 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਕੀਤੇ
ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਕਰ ਰਹੀ ਹੈ ਬਾਂਦਰ ਨੂੰ ਕਾਬੂ ਕਰਨ ਦੇ ਯਤਨ
ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਸਥਾਨਕ ਸੈਕਟਰ-69 ਵਿੱਚ ਪਿਛਲੇ 5-6 ਦਿਨਾਂ ਤੋਂ ਇੱਕ ਬਾਂਦਰ ਨੇ ਬਹੁਤ ਦਹਿਸ਼ਤ ਫੈਲਾ ਰੱਖੀ ਹੈ| ਇਹ ਬਾਂਦਰ ਹੁਣ ਤੱਕ ਦੋ ਵਿਅਕਤੀਆਂ ਅਤੇ 3 ਬੱਚਿਆਂ ਨੂੰ ਕੱਟ ਚੁੱਕਿਆ ਹੈ ਅਤੇ ਕਈ ਘਰਾਂ ਦੀਆਂ ਰਸੋਈਆਂ ਵਿੱਚ ਜਾ ਕੇ ਤਬਾਹੀ ਮਚਾ ਚੁੱਕਿਆ ਹੈ| ਇਸ ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਲੋਕ ਜਿਵੇਂ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਹਨ| ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਬੱਚੇ ਦੋ ਦਿਨਾਂ ਤੋਂ ਸਕੂਲ ਹੀ ਨਹੀਂ ਗਏ|
ਇਹ ਬਾਂਦਰ ਕਾਰਾਂ ਦੇ ਮਗਰ ਵੀ ਦੌੜਦਾ ਹੈ ਅਤੇ ਸਕੂਟਰਾਂ ਮੋਟਰਸਾਈਕਲਾਂ ਉੱਪਰ ਵੀ ਛਾਲ ਮਾਰ ਕੇ ਬੈਠ ਜਾਂਦਾ ਹੈ| ਇਹ ਬਾਂਦਰ  ਬੱਚਿਆਂ ਨੂੰ ਵੀ ਡਰਾਉਂਦਾ ਹੈ ਜਿਸ ਕਰਕੇ ਬੱਚੇ ਸਕੂਲ ਜਾਣ ਤੋਂ ਡਰਨ ਲੱਗੇ ਹਨ ਅਤੇ ਡਰ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ|
ਸਥਾਨਕ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਉਹਨਾਂ ਨੇ ਬਾਂਦਰ ਸਬੰਧੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਨਾਲ ਗੱਲ ਕੀਤੀ ਸੀ ਤਾਂ  ਉਹਨਾਂ ਨੇ ਇਸ ਬਾਂਦਰ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਪਿੰਜਰਾ ਲਗਾ ਦਿੱਤਾ ਹੈ ਪਰ ਇਹ ਬਾਂਦਰ ਪਿੰਜਰੇ ਵੱਲ ਜਾਂਦਾ ਹੀ ਨਹੀਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ|
ਉਹਨਾਂ ਕਿਹਾ ਕਿ ਸਥਾਨਕ ਨਗਰ ਨਿਗਮ ਕੋਲ ਬਾਂਦਰਾਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਹੈ| ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਕਾਰਗੁਜਾਰੀ ਦੀ ਇਹ ਹਾਲਤ ਹੈ ਕਿ ਜੇ ਇਸੇ  ਤਰ੍ਹਾਂ ਦੇ 3-4 ਬਾਂਦਰ ਸ਼ਹਿਰ ਵਿੱਚ ਆ ਗਏ ਤਾਂ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਹੋ ਜਾਵੇਗਾ| ਉਹਨਾਂ ਕਿਹਾ ਕਿ ਇਸ ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ|
ਉਹਨਾਂ ਕਿਹਾ ਕਿ ਬਾਂਦਰਾਂ ਅਤੇ ਹੋਰ ਜੰਗਲੀ ਜੀਵ ਨੂੰ ਫੜਨ ਲਈ ਟੀਮ ਅਤੇ ਸਮਾਨ ਰੋਪੜ ਤੋਂ ਮੰਗਾਉਣੀ ਪੈਂਦੀ ਹੈ, ਜਿਸ ਕਾਰਨ ਸਮਾਂ ਅਤੇ ਪੈਸਾ ਕਾਫੀ ਖਰਾਬ ਹੁੰਦਾ ਹੈ| ਮੁਹਾਲੀ ਸ਼ਹਿਰ ਵਿੱਚ ਬਾਂਦਰਾਂ ਅਤੇ ਹੋਰ ਜੰਗਲੀ ਜੀਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਇਸ ਤਰ੍ਹਾਂ ਸ਼ਹਿਰ ਦੇ ਲੋਕਾਂ ਦੀ ਸਰੁੱਖਿਆ ਰੱਬ ਆਸਰੇ ਹੀ ਹੈ| ਉਹਨਾਂ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਵਿੱਚ ਵੀ ਬਾਂਦਰਾਂ ਤੇ ਹੋਰ ਜੰਗਲੀ ਜੀਵਾਂ ਨੂੰ ਕਾਬੂ ਕਰਨ ਵਾਲੀ ਟੀਮ ਅਤੇ ਸਮਾਨ ਦਾ ਪ੍ਰਬੰਧ ਕੀਤਾ ਜਾਵੇ|
ਜਦੋਂ ਇਸ ਸੰਬੰਧੀ ਜੰਗਲੀ ਜੀਵ ਸੁਰਖਿਆ ਵਿਭਾਗ ਦੇ ਰੇਂਜ ਅਫਸਰ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੌਂਸਲਰ ਧਨੋਆ ਦੀ ਬਾਂਦਰ ਸਬੰਧੀ ਸ਼ਿਕਾਇਤ ਮਿਲਣ ਤੇ ਉਹਨਾਂ ਨੇ ਉਸ ਇਲਾਕੇ ਵਿੱਚ ਪਿੰਜਰੇ ਸਮੇਤ ਟੀਮ ਬਾਂਦਰ ਨੂੰ ਕਾਬੂ ਕਰਨ ਲਈ ਭੇਜੀ ਹੈ| ਉਹਨਾਂ ਨੂੰ ਪਤਾ ਲੱਗਿਆ ਹੈ ਕਿ ਬਾਂਦਰ ਪਿੰਜਰੇ ਵਿੱਚ ਕਾਬੂ ਨਹੀਂ ਆ ਰਿਹਾ, ਇਸ ਲਈ ਬਾਂਦਰ ਨੂੰ ਫੜਨ ਲਈ ਜਾਲ ਲਗਾਇਆ ਜਾਵੇਗਾ|
ਉਹਨਾਂ ਕਿਹਾ ਕਿ ਆਮ ਤੌਰ ਤੇ ਬਾਂਦਰ ਲੋਕਾਂ ਉਪਰ ਹਮਲਾ ਨਹੀਂ  ਕਰਦੇ, ਇਹ ਬਾਂਦਰ ਜਾਂ ਤਾਂ ਜ਼ਖਮੀ ਹੋਵੇਗਾ ਜਾਂ ਫਿਰ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਵੇਗਾ| ਉਹਨਾਂ ਕਿਹਾ ਕਿ ਇਸ ਬਾਂਦਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *