ਸੈਕਟਰ 71 ਵਿੱਚ ਪੈਂਦੇ ਸੈਂਟ ਜੇਵੀਅਰ ਹਾਈ ਸਕੂਲ ਦੇ ਬਾਹਰ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ

ਸੈਕਟਰ 71 ਵਿੱਚ ਪੈਂਦੇ ਸੈਂਟ ਜੇਵੀਅਰ ਹਾਈ ਸਕੂਲ ਦੇ ਬਾਹਰ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ
ਕਲਾਸ ਨਹੀਂ ਤਾਂ ਫੀਸ ਨਹੀਂ ਦੇ ਸਲੋਗਨ ਵਾਲੀਆਂ ਤਖਤੀਆਂ ਫੜ ਕੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ
ਐਸ.ਏ.ਐਸ. ਨਗਰ, 27 ਮਈ (ਸ.ਬ.) ਸਥਾਨਕ ਸੈਕਟਰ 71 ਦੇ ਸੈਟ ਜੇਵੀਅਰ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਵੱਲੋਂ (ਬਿਨਾਂ ਆਨਲਾਈਨ ਪੜ੍ਹਾਈ ਕਰਵਾਉਣ               ਤੇ) ਫੀਸਾਂ ਮੰਗਣ ਦੇ ਚੱਲਦੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ|
ਇਸ ਮੌਕੇ ਇਕੱਠੇ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਲਾਕ ਡਾਊਨ ਦੇ ਚੱਲਦਿਆਂ ਪੰਜਾਬ  ਸਰਕਾਰ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਜਿਹੜੇ ਸਕੂਲਾਂ ਵੱਲੋਂ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਈ ਗਈ ਹੈ ਉਹ ਸਕੂਲ ਸਿਰਫ ਟਿਊਸ਼ਨ ਫੀਸ ਲੈ ਸਕਦੇ ਹਨ ਤਾਂ ਜੋ ਅਧਿਆਪਕਾਂ ਨੂੰ ਤਨਖਾਹ ਦਿੱਤੀ ਜਾ ਸਕੇ| ਇਸ ਤੋਂ ਇਲਾਵਾ ਸਕੂਲ ਵਲੋਂ ਹੋਰ ਕੋਈ ਖਰਚਾ ਨਹੀਂ ਲਿਆ ਜਾ ਸਕਦਾ ਅਤੇ  ਕੋਈ ਵੀ ਸਕੂਲ ਮਾਪਿਆਂ ਨੂੰ ਫੀਸ ਜਮਾਂ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਨਾ ਹੀ ਫੀਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਕੀਤਾ ਜਾਵੇਗਾ| ਪ੍ਰੰਤੂ ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਇੱਕ ਪਾਸੇ ਕਰਕੇ (ਬੱਚਿਆਂ ਨੂੰ ਕੋਈ ਵੀ ਆਨ ਲਾਈਨ ਕਲਾਸਾਂ ਲਗਾਏ ਬਿਨਾਂ) ਮਾਪਿਆਂ ਨੂੰ ਫੀਸਾਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ|
ਇਸ ਮੌਕੇ ਇੱਥੇ ਇਕੱਠੇ ਹੋਏ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਸਕੂਲ ਵੱਲੋਂ ਟਿਊਸ਼ਨ ਫੀਸ ਵਿੱਚ ਵੀ ਵਾਧਾ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਮਾਪਿਆਂ ਵੱਲੋਂ ਚਾਰ, ਪੰਜ ਦਿਨ ਪਹਿਲਾਂ ਸਕੂਲ ਪ੍ਰਸ਼ਾਸਨ ਨੂੰ ਫੀਸ ਮੰਗਣ ਦੇ ਕਾਰਨ ਜਾਨਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਸਕੂਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ| ਇਸਦਾ ਜਵਾਬ ਜਾਨਣ ਲਈ ਅੱਜ ਸਾਰੇ ਮਾਂਪਿਆ ਨੂੰ ਇੱਥੇ ਸੱਦਿਆ ਗਿਆ ਸੀ ਪ੍ਰੰਤੂ ਦੋ ਘੰਟੇ ਬੀਤਣ ਤੇ ਵੀ ਸਕੂਲ ਪ੍ਰਿੰਸੀਪਲ ਮਾਪਿਆਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਨਹੀਂ ਆਏ|
ਮਾਂਪਿਆਂ ਨੇ ਸਕੂਲ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਵੱਲੋਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕੋਈ ਜਵਾਬ ਨਾ ਦਿੱਤਾ ਗਿਆ ਤਾਂ ਮਾਪਿਆਂ ਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸਦਾ ਜਿੰਮੇਵਾਰ ਸਕੂਲ ਪ੍ਰਸ਼ਾਸਨ ਹੋਵੇਗਾ| 
ਦੂਜੇ ਪਾਸੇ ਜਦੋਂ ਇਸ ਸਭ ਨੂੰ ਲੈ ਕੇ ਪੱਤਰਕਾਰਾਂ ਵਲੋਂ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀ ਤਾਂ ਸਕੂਲ ਦੇ ਬੁਲਾਰੇ ਸੰਜੇ ਚੌਹਾਨ ਵੱਲੋਂ ਸਕੂਲ ਨੂੰ ਤਾਲਾ ਲਗਵਾ ਦਿੱਤਾ ਗਿਆ ਅਤੇ ਕੁਝ ਸਮੇਂ ਪ੍ਰਿੰਸੀਪਲ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰੰਤੂ 1 ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਸਕੂਲ ਦੇ ਬੁਲਾਰੇ ਨੇ ਕਿਹਾ ਕਿ ਪ੍ਰਿੰਸੀਪਲ ਨਹੀਂ ਆਉਣਗੇ ਅਤੇ ਫੀਸਾਂ ਸੰਬਧੀ ਸਵਾਲਾਂ ਦੇ ਗੋਲ ਮੋਲ ਜਵਾਬ ਦੇ ਕੇ ਤੁਰਦੇ ਬਣੇ|

Leave a Reply

Your email address will not be published. Required fields are marked *