ਸੈਕਟਰ 79 ਦੇ ਪੈਟਰੋਲ ਪੰਪ ਤੇ ਸਿਕਿਓਰਟੀ ਗਾਰਡ ਦੀ ਬੰਦੂਕ ਵਿੱਚੋਂ ਗੋਲੀ ਚੱਲਣ ਕਾਰਨ ਪੰਪ ਦਾ ਕਰਿੰਦਾ ਹਲਾਕ

ਐਸ ਏ ਐਸ ਨਗਰ, 28 ਮਾਰਚ (ਸ.ਬ.) ਸਥਾਨਕ ਸੈਕਟਰ 79 ਵਿੱਚ ਬੀਤੀ ਅੱਧੀ ਰਾਤ ਇੱਕ ਪੈਟਰੋਲ ਪੰਪ ਉਪਰ ਤੈਨਾਤ ਸਿਕਿਓਰਟੀ ਗਾਰਡ ਦੀ ਬੰਦੂਕ ਵਿੱਚੋਂ ਅਚਾਨਕ ਹੀ ਗੋਲੀ ਚਲ ਜਾਣ ਕਾਰਨ ਇਸ ਪੈਟਰੋਲ ਪੰਪ ਉਪਰ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਗੰਨਮੈਨ ਕੁਲਦੀਪ ਸਿੰਘ ਇਸ ਪੈਟਰੋਲ ਪੰਪ ਉੱਪਰ ਨਾਈਟ ਡਿਊਟੀ ਕਰਦਾ ਹੈ| ਬੀਤੀ ਰਾਤ ਵੀ ਉਹ ਆਪਣੀ ਭਰੀ ਹੋਈ ਬੰਦੂਕ ਲੈ ਕੇ ਘੁੰਮ ਰਿਹਾ ਸੀ ਕਿ ਅਚਾਨਕ ਉਸਦੀ ਬੰਦੂਕ ਵਿੱਚੋਂ ਗੋਲੀ ਚਲ ਗਈ, ਜੋ ਕਿ ਪੈਟਰੋਲ ਪੰਪ ਉਪਰ ਹੀ ਕੰਮ ਕਰਦੇ ਕਰਿੰਦੇ ਪੰਕਜ ਦੇ ਜਾ ਲੱਗੀ| ਪੰਕਜ ਦੀ ਗੋਲੀ ਲੱਗਣ ਕਾਰਨ ਮੌਕੇ ਉਪਰ ਹੀ ਮੌਤ ਹੋ ਗਈ| ਪੰਕਜ ਇਸ ਸਮੇਂ ਮਟੌਰ ਵਿਖੇ ਰਹਿੰਦਾ ਸੀ ਜਦੋਂ ਕਿ ਪਿੱਛੋਂ ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ| ਉਸਦਾ 27 ਅਪ੍ਰੈਲ ਨੂੰ ਵਿਆਹ ਹੋਣ ਵਾਲਾ ਸੀ|
ਗੋਲੀ ਚਲਣ ਦੀ ਘਟਨਾ ਦੇ ਤੁਰੰਤ ਬਾਅਦ ਪੈਟਰੋਲ ਪੰਪ ਦੇ ਦੂਸਰੇ ਮੁਲਾਜਮਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ| ਮੌਕੇ ਉਪਰ ਪਹੁੰਚੀ ਪੁਲੀਸ ਨੇ ਪੰਕਜ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਫੇਜ਼ 6 ਵਿਖੇ ਪਹੁੰਚਾਇਆ| ਪੁਲੀਸ ਨੇ ਗੰਨਮੈਨ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੀ ਬੰਦੂਕ ਵੀ ਕਬਜੇ ਵਿੱਚ ਲੈ ਲਈ ਹੈ|

Leave a Reply

Your email address will not be published. Required fields are marked *