ਸੈਕਟਰ -86 ਦੀ ਸੂਰਿਆ ਇਨਕਲੇਵ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ

ਐਸ.ਏ.ਐਸ.ਨਗਰ, 18 ਮਈ (ਸ.ਬ.) ਦਾਰਾ ਅਸਟੇਟ ਲਿਮਿਟੇਡ (ਦਾਰਾ ਗਰੁੱਪ) ਵੱਲੋਂ ਖਰੜ -ਲਾਂਡਰਾਂ ਰੋਡ ਉੱਤੇ ਬਣਾਈ ਸੂਰਿਆ ਇਨਕਲੇਵ ਸੁਸਾਇਟੀ ਵਿੱਚ ਰਹਿੰਦੇ 24 ਪਰਿਵਾਰਾਂ ਨੇ ਕੰਪਨੀ ਦੇ ਐਮਡੀ ਅਤੇ ਇੰਚਾਰਜ ਤੇ ਇਲਜ਼ਾਮ ਲਗਾਏ ਹਨ ਕਿ ਫਲੈਟ ਦੇਣ ਵੇਲੇ ਕੰਪਨੀ ਵੱਲੋਂ ਉਨ੍ਹਾਂ ਨਾਲ ਜਿਹੜੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਉਨ੍ਹਾਂ ਵਿਚੋਂ ਇੱਕ ਵੀ ਸਹੂਲਤ ਵਾਸੀਆਂ ਨੂੰ ਮੁਹੱਈਆ ਨਹੀਂ ਕਰਵਾਈ ਗਈ| ਉਨ੍ਹਾਂ ਇਲਜਾਮ ਲਗਾਇਆ ਕਿ ਇਨ੍ਹਾਂ ਫਲੈਟਾਂ ਵਿੱਚ ਰਹਿ ਰਹੇ ਪਰਿਵਾਰ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ|
ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ 24 ਪਰਿਵਾਰਾਂ ਦੇ ਨੁਮਾਇੰਦੇ ਸ੍ਰੀ ਅਮਨ, ਸ੍ਰੀ ਸੰਦੀਪ ਕਪੂਰ, ਸ੍ਰੀਮਤੀ ਰਾਣੋ, ਸ੍ਰੀਮਤੀ ਸ਼ਾਲਨੀ ਅਤੇ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਅੱਜ ਤਕ ਬਿਜਲੀ ਦੇ ਪੱਕੇ ਕੁਨੈਕਸ਼ਨ ਵੀ ਨਹੀਂ ਦਿੱਤੇ ਗਏ| ਫਲੈਟਾਂ ਨੂੰ ਕੇਵਲ ਆਰਜ਼ੀ ਬਿਜਲੀ ਦਾ ਕੁਨੈਕਸ਼ਨ ਲੈ ਕੇ ਬਿਜਲੀ ਦੀ ਸਪਲਾਈ ਦਿੱਤੀ ਗਈ ਜਿਨ੍ਹਾਂ ਦੇ ਫਲੈਟ ਵਾਈਜ ਸਬ ਮੀਟਰ ਲਗਾਏ ਗਏ ਹਨ| ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਹਨਾਂ ਤੋਂ ਬਿਜਲੀ ਦਾ ਬਿਲ ਤਾਂ ਲੈ ਲਿਆ ਜਾਂਦਾ ਹੈ ਪਰ ਬਿਜਲੀ ਬੋਰਡ ਵਿੱਚ ਜਮਾ ਨਹੀਂ ਕਰਵਾਇਆ ਜਾਂਦਾ|
ਫਲੈਟ ਵਾਸੀਆਂ ਨੇ ਦੱਸਿਆ ਕਿ ਫਲੈਟ ਤਿਆਰ ਕਰਨ ਵੇਲੇ ਵੀ ਘਟੀਆ ਬਿਲਡਿੰਗ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਕਈ ਫਲੈਟਾਂ ਦੀ ਛੱਤਾਂ ਅਤੇ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ| ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਜੀਵਨ ਦੀ ਸਾਰੀ ਬਚੀ ਰਾਸ਼ੀ ਪੂੰਜੀ ਅਤੇ ਲੋਨ ਲੈ ਕੇ ਇਹ ਫਲੈਟ ਖ਼ਰੀਦੇ ਸਨ| ਹੁਣ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ| ਬਣਾਈਆਂ ਗਈਆਂ ਸੜਕਾਂ ਤੇ ਵੱਡੇ -ਵੱਡੇ ਖੱਡੇ ਪਏ ਹਨ ਜਿਸ ਕਾਰਨ ਸਕੂਲਾਂ ਦੀਆਂ ਬੱਸਾਂ ਬੱÎਚਿਆਂ ਨੂੰ ਲੈਣ ਲਈ ਅੰਦਰ ਨਹੀਂ ਆਉਂਦੀਆਂ|
ਉਨ੍ਹਾਂ ਇਹ ਵੀ ਦੱਸਿਆ ਕਿ ਕੰਪਨੀ ਵੱਲੋਂ ਲਗਭਗ 45 ਤੋਂ 50 ਲੱਖ ਰੁਪਏ ਦੀ ਕੀਮਤ ਵਿੱਚ ਇਹ ਫਲੈਟ ਖਰੀਦੇ ਸਨ| ਕੰਪਨੀ ਵੱਲੋਂ ਅੰਦਰੂਨੀ ਸੜਕਾਂ, ਸੀਵਰੇਜ, ਬਿਜਲੀ, ਸਟ੍ਰੀਟ ਲਾਈਟਾਂ ਅਤੇ ਪਾਣੀ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ|
ਉਨ੍ਹਾਂ ਗਮਾਡਾ ਤੋਂ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਪਰਿਵਾਰਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ| ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਬੇਨਤੀ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਗਮਾਡਾ ਦੇ ਦਫ਼ਤਰ ਅੱਗੇ ਆਪਣੇ ਪਰਿਵਾਰਾਂ ਸਮੇਤ ਧਰਨਾ ਦੇਣਗੇ| ਇਸ ਮੌਕੇ ਸ੍ਰ. ਨਿਰਮਲ ਸਿੰਘ, ਸ੍ਰ. ਬਲਜੀਤ ਸਿੰਘ, ਸ੍ਰੀ ਇੰਦਰਪਾਲ, ਸ੍ਰੀਮਤੀ ਕਮਲਜੀਤ ਕੌਰ, ਸ੍ਰੀ ਸੰਜੀਵ ਕੁਮਾਰ , ਮਿਸਿਜ਼ ਬਲਕਰਨ ਸਿੰੰਘ, ਚਰਨਜੀਤ ਕੌਰ ਅਤੇ ਭਾਰਤ ਰਾਵਤ ਸਮੇਤ ਵੱਡੀ ਗਿਣਤੀ ਵਿੱਚ ਫਲੈਟਾਂ ਦੇ ਵਸਨੀਕ ਹਾਜਰ ਸਨ|
ਇਸ ਸਬੰਧੀ ਕੰਪਨੀ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਕਾਇਮ ਨਹੀਂ ਹੋਇਆ|

Leave a Reply

Your email address will not be published. Required fields are marked *