ਸੈਕਟਰ 88-89 ਦੇ ਪਲਾਟਾਂ ਤੋਂ ਟਰੱਕਾਂ ਵਿੱਚ ਭਰਕੇ ਲਿਜਾਈ ਜਾ ਰਹੀ ਹੈ ਮਿੱਟੀ

ਸੈਕਟਰ 88-89 ਦੇ ਪਲਾਟਾਂ ਤੋਂ ਟਰੱਕਾਂ ਵਿੱਚ ਭਰਕੇ ਲਿਜਾਈ ਜਾ ਰਹੀ ਹੈ ਮਿੱਟੀ
ਕੌਂਸਲਰ ਰੋਡਾ ਨੇ ਗਮਾਡਾ ਦੀ ਮਿਲੀਭੁਗਤ ਨਾਲ ਮਿੱਟੀ ਚੁਕਵਾਉਣ ਦਾ ਇਲਜਾਮ ਲਗਾਇਆ
ਐਸ.ਏ.ਐਸ ਨਗਰ(ਸ.ਬ.) ਮੁਹਾਲੀ ਦੇ 88-89 ਵਿੱਚ ਗਮਾਡਾ ਵੱਲੋਂ ਲੋਕਾਂ ਨੂੰ ਅਲਾਟ ਕੀਤੇ ਗਏ ਪਲਾਟਾਂ ਦੀ ਮਸ਼ੀਨਾਂ ਨਾਲ ਖੁਦਾਈ ਕਰਕੇ ਉੱਥੋ ਟਰਕਾਂ ਵਿੱਚ ਮਿੱਟੀ ਚੁੱਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸੰਬੰਧੀ ਅੱਜ ਨਗਰ ਨਿਗਮ ਦੇ ਕੌਂਸਲਰ ਸ੍ਰ. ਸੁਰਿੰਦਰ ਸਿੰਘ ਰੋਡਾ ਅਤੇ ਹੋਰਨਾਂ ਲੋਕਾਂ ਨੇ ਟਰੱਕਾਂ ਵਾਲਿਆਂ ਨੂੰ ਪੁੱਛਿਆ ਕਿ ਉਹ ਕਿਸਦੀ ਇਜਾਜਤ ਨਾਲ ਲੋਕਾਂ ਦੇ ਪਲਾਟਾਂ ਵਿੱਚ ਖੁਦਾਈ ਕਰਕੇ ਮਿੱਟੀ ਚੁੱਕ ਰਹੇ ਹਨ ਤਾਂ ਠੇਕੇਦਾਰਾਂ ਨੂੰ ਜਵਾਬ ਨਹੀਂ ਆਇਆ ਅਤੇ ਉਹ ਆਪਣੇ ਟਰੱਕ ਲੈ ਕੇ ਉੱਥੋਂ ਖਿਸਕ ਗਏ|
ਕੌਂਸਲਰ ਸ੍ਰੀ ਸੁਰਿੰਦਰ ਸਿੰਘ ਰੋਡਾ ਅਤੇ ਹੋਰ ਵਸਨੀਕਾਂ ਨੇ ਇਲਜਾਮ ਲਗਾਇਆ ਹੈ ਕਿ ਮਿੱਟੀ ਚੁਕਵਾਉਣ ਦੀ ਇਹ ਪੂਰੀ ਕਾਰਵਾਈ ਗਮਾਡਾ ਦੀ ਮਿਲੀ ਭੁਗਤ ਰਾਂਹੀ ਅੰਜਾਮ ਦਿੱਤੀ ਜਾ ਰਹੀ ਹੈ| ਸ੍ਰੀ ਰੋਡਾ ਨੇ ਦੱਸਿਆ ਕਿ ਪਲਾਟ ਮਾਲਕਾ ਵੱਲੋਂ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਸੀ ਕਿ ਇੱਥੇ ਕੁੱਝ ਟਰੱਕ ਲੋਕਾਂ ਦੇ ਪਲਾਟਾਂ ਤੋਂ ਮਿੱਟੀ ਭਰ ਕੇ ਲਿਜਾ ਰਹੇ ਹਨ| ਇਸ ਲਈ ਇੱਥੇ ਬਾਕਾਇਦਾ ਜੇ. ਸੀ. ਬੀ ਮਸ਼ੀਨਾਂ ਲਗਾ ਕੇ ਵੱਡੇ ਟਰੱਕਾਂ ਵਿੱਚ ਮਿੱਟੀ ਭਰੀ ਜਾ ਰਹੀ ਸੀ| ਉਹਨਾਂ ਕਿਹਾ ਕਿ ਜਦ ਉਹਨਾਂ ਵੱਲੋਂ ਟਰੱਕਾਂ ਵਿੱਚ ਮਿੱਟੀ ਭਰਨ ਵਾਲੇ ਠੇਕੇਦਾਰ ਤੋਂ ਪੁੱਛਿਆ ਗਿਆ ਕਿ ਉਹ ਕਿਸ ਦੀ ਇਜ਼ਾਜ਼ਤ ਨਾਲ ਮਿੱਟੀ ਚੁੱਕਵਾ ਰਹੇ ਹਨ ਤਾਂ ਠੇਕੇਦਾਰ ਅਤੇ ਟਰੱਕਾਂ ਵਾਲੇ ਉਥੋ ਗੱਡੀਆਂ ਲੈ ਕੇ ਫਰਾਰ ਹੋ ਗਏ|
ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵੱਲੋਂ ਅਣ-ਅਧਿਕਾਰਿਤ ਤਰੀਕੇ ਨਾਲ ਲੋਕਾਂ ਦੇ ਪਲਾਟਾਂ ਵਿੱਚੋਂ ਮਿੱਟੀ ਚੁੱਕਵਾ ਕੇ ਪਲਾਟ ਡੂੰਘੇ ਕਰ ਦਿੱਤੇ ਗਏ ਹਨ| ਇਹ ਸਭ ਗਮਾਡਾ ਅਧਿਕਾਰੀਆਂ ਦੀ ਸ਼ਹਿ ਅਤੇ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਤਰੀਕੇ ਨਾਲ ਮਿੱਟੀ ਚੁੱਕਵਾਉਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *