ਸੈਨ ਡੀਏਗੋ ਚਿੜੀਆਘਰ ਵਿੱਚ ਦੋ ਗੋਰਿੱਲਿਆਂ ਨੂੰ ਹੋਇਆ ਕੋਰੋਨਾ


ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਸ.ਬ.) ਕੈਲੀਫੋਰਨੀਆਂ ਸੂਬੇ ਵਿੱਚ ਸੈਨ ਡਿਏਗੋ ਦੇ ਇੱਕ ਚਿੜੀਆਘਰ ਸਫਾਰੀ ਪਾਰਕ ਵਿੱਚ ਦੋ ਗੋਰੀਲੇ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ। ਇਹਨਾਂ ਜਾਨਵਰਾਂ ਉੱਪਰ ਕੋਰੋਨਾ ਦੇ ਪ੍ਰਕੋਪ ਦਾ ਖੁਲ੍ਹਾਸਾ ਚਿੜੀਆਘਰ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਬੰਧਕਾਂ ਅਨੁਸਾਰ ਇੱਕ ਹੋਰ ਤੀਸਰਾ ਗੁਰੀਲਾ ਵਾਇਰਸ ਦੇ ਲੱਛਣ ਦਿਖਾ ਰਿਹਾ ਹੈ ਪਰ ਉਸ ਦਾ ਟੈਸਟ ਪਾਜ਼ਿਟਿਵ ਨਹੀਂ ਆਇਆ ਹੈ ਜਦਕਿ ਕਈ ਹੋਰਾਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਚਿੜੀਆਘਰ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੀੜਤ ਜਾਨਵਰਾਂ ਦੀ 6 ਜਨਵਰੀ ਨੂੰ ਖੰਘ ਅਤੇ ਹੋਰ ਹਲਕੇ ਲੱਛਣਾਂ ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਜਾਂਚ ਕੀਤੀ ਗਈ ਸੀ ਜੋ ਕਿ 8 ਜਨਵਰੀ ਨੂੰ ਪਾਜ਼ਿਟਿਵ ਪਾਏ ਗਏ ਸਨ ਅਤੇ ਯੂ ਐਸ ਡੀ ਏ ਦੀਆਂ ਰਾਸ਼ਟਰੀ ਵੈਟਰਨਰੀ ਸੇਵਾ ਲੈਬਾਰਟਰੀ ਵੱਲੋਂ ਇਹਨਾਂ ਟੈਸਟਾਂ ਦੀ 11 ਜਨਵਰੀ ਨੂੰ ਪੁਸ਼ਟੀ ਕਰ ਦਿੱਤੀ ਗਈ ਸੀ। ਚਿੜੀਆਘਰ ਦੇ ਇਹ ਜਾਨਵਰ ਕਿਸੇ ਵਾਇਰਸ ਪੀੜਤ ਪਰ ਲੱਛਣ ਨਾ ਦਿਖਾਉਣ ਵਾਲੇ ਸਟਾਫ ਮੈਂਬਰ ਵੱਲੋਂ ਪੀੜਤ ਹੋਏ ਮੰਨੇ ਜਾਂਦੇ ਹਨ। ਚਿੜੀਆਘਰ ਪ੍ਰਬੰਧਕਾਂ ਅਨੁਸਾਰ ਦੋਵੇਂ ਪੀੜਤ ਗੋਰਿੱਲੇ ਸਿਹਤ ਪੱਖੋਂ ਠੀਕ ਹਨ।
ਪਾਰਕ ਦੀ ਕਾਰਜਕਾਰੀ ਨਿਰਦੇਸ਼ਕ, ਲੀਜ਼ਾ ਪੀਟਰਸਨ ਅਨੁਸਾਰ ਇਹਨਾਂ ਦੇ ਸੰਪਰਕ ਵਿੱਚ ਆਏ ਅੱਠ ਗੋਰਿੱਲਾ ਜਾਨਵਰਾਂ ਨੂੰ ਇਹ ਵਾਇਰਸ ਹੋਣ ਦਾ ਡਰ ਹੈ ਹਾਲਾਂਕਿ ਉਨ੍ਹਾਂ ਦਾ ਧਿਆਨ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੋਰਿੱਲਾ ਜਾਨਵਰਾਂ ਵਿੱਚ ਕੋਰੋਨਾ ਵਾਇਰਸ ਹੋਣ ਦੀ ਇਹ ਪਹਿਲੀ ਉਦਾਹਰਣ ਹੈ ਜਦਕਿ ਨਿਊਯਾਰਕ ਦੇ ਬ੍ਰੌਨਕਸ ਚਿੜੀਆਘਰ ਵਿੱਚ ਇੱਕ ਸ਼ੇਰ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਪਾਜ਼ਿਟਿਵ ਆਇਆ ਸੀ।

Leave a Reply

Your email address will not be published. Required fields are marked *