ਸੈਲਫੀ ਦਾ ਜਨੂੰਨ

ਮੋਬਾਇਲ ਫੋਨ ਅੱਜ ਦੁਨੀਆਂ ਭਰ ਦੇ ਲੋਕਾਂ ਦੀ ਕਮਜੋਰੀ ਬਣ ਗਿਆ ਹੈ| ਇਸਦੇ ਨਾਲ ਹੀ ਇਹਨਾਂ ਮੋਬਾਇਲ ਫੋਨਾਂ ਨਾਲ ਸੈਲਫੀ ਲੈਣ ਦਾ ਰੁਝਾਨ ਵੀ ਖਤਰਨਾਕ ਹੱਦ ਤਕ ਵੱਧ ਗਿਆ ਹੈ| ਅੱਜ ਸਮਾਰਟਫੋਨ ਵਿੱਚ ਤਬਦੀਲ ਹੋ ਚੁੱਕੇ ਜਿਆਦਾਤਰ ਮੋਬਾਇਲਾਂ ਦੀ ਵਿਕਰੀ ਵਧਾਉਣ ਲਈ ਕੰਪਨੀਆਂ ਇਸ਼ਤਿਹਾਰ ਵਿੱਚ ‘ਸੈਲਫੀ ਦੇ ਲਿਹਾਜ਼ ਨਾਲ ਬਿਹਤਰੀਨ ਕੈਮਰਾ’ ਹੋਣ ਨੂੰ ਆਪਣੇ ਉਤਪਾਦ ਦੀ ਸਭ ਤੋਂ ਵੱਡੀ ਖਾਸੀਅਤ ਦੱਸਦੀਆਂ ਹਨ| ਖੇਡਾਂ ਅਤੇ ਫਿਲਮੀ ਦੁਨੀਆਂ ਦੇ ਪ੍ਰਸਿੱਧ ਸਿਤਾਰੇ ਅਜਿਹੇ ਮੋਬਾਇਲਾਂ ਦਾ ਪ੍ਰਚਾਰ ਕਰਦੇ ਹਨ| ਅਕਸਰ ਹੀ ਵੱਖ ਵੱਖ ਫਿਲਮੀ ਤੇ ਖੇਡ ਸਿਤਾਰਿਆਂ ਨੂੰ ਸੈਲਫੀ ਲੈਣ ਵਾਲੇ ਮੋਬਾਇਲਾਂ ਦੀ ਮਸ਼ਹੂਰੀ ਕਰਦਿਆਂ ਵੇਖ ਕੇ ਲੋਕ ਵੀ ਅਜਿਹੇ ਹੀ ਮੋਬਾਇਲ ਲੈਣ ਨੂੰ ਤਰਜੀਹ ਦਿੰਦੇ ਹਨ|
ਦੋ ਸਾਲ ਪਹਿਲਾਂ ਹੋਏ ‘ਮੀ, ਮਾਈ ਸੈਲਫ ਐਂਡ ਮਾਏ ਕਿਲਫੀ: ਕੈਰੇਕਟਰਾਇਜਿੰਗ ਐਂਡ ਪ੍ਰੀਵੇਂਟਿੰਗ ਸੈਲਫੀ ਡੈਥਸ’ ਨਾਮ ਦੇ ਇੱਕ ਅਧਿਐਨ ਦੇ ਮੁਤਾਬਕ ਦੁਨੀਆ ਭਰ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ ਹੋਈਆਂ ਮੌਤਾਂ ਵਿੱਚੋਂ ਸੱਠ ਫੀਸਦੀ ਇਕੱਲੇ ਭਾਰਤ ਵਿੱਚ ਹੋਈਆਂ ਸਨ| ਤ੍ਰਾਸਦੀ ਇਹ ਹੈ ਕਿ ਜੋ ਆਦਤ ਇਸ ਕਦਰ ਸਮੱਸਿਆ ਬਣ ਚੁੱਕੀ ਹੈ ਉਸਦਾ ਕੋਈ ਹੱਲ ਤਾਂ ਸਾਹਮਣੇ ਨਹੀਂ ਆ ਰਿਹਾ ਹੈ, ਪਰ ਬਾਜ਼ਾਰ ਇਸਤੋਂ ਲਾਹਾ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ| ਭਾਰਤ ਵਿੱਚ ਹਰ ਦਿਨ ਵਾਂਗ ਹੀ ਕਿਸੇ ਨਾ ਕਿਸੇ ਇਲਾਕੇ ਵਿੱਚ ਸੈਲਫੀ ਨਾਲ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ| ਇਸ ਦੇ ਬਾਵਜੂਦ ਭਾਰਤ ਵਿੱਚ ਸੈਲਫੀ ਲੈਣ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ| ਜੋ ਕਿ ਚਿੰਤਾ ਦਾ ਵਿਸ਼ਾ ਹੈ|
ਇੱਕ ਪਾਸੇ ਮੋਬਾਇਲ ਨਾਲ ਸੈਲਫੀ ਲੈਣ ਲਈ ਦੁਨੀਆਂ ਕਮਲੀ ਹੋਈ ਪਈ ਹੈ, ਦੂਜੇ ਪਾਸੇ ਪਿਛਲੇ ਸਾਲਾਂ ਵਿੱਚ ਮੋਬਾਇਲ ਕੈਮਰੇ ਰਾਹੀਂ ਸੈਲਫੀ ਮਤਲਬ ਆਪਣੀ ਤਸਵੀਰ ਖੁਦ ਉਤਾਰਣ ਦੇ ਸ਼ੌਕ ਦੇ ਜਾਨਲੇਵਾ ਸਾਬਿਤ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ, ਪਰ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਅਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਂਦੇ| ਕਿਸੇ ਹਾਦਸੇ ਵਿੱਚ ਹੋਈਆਂ ਮੌਤਾਂ ਵਿੱਚ ਹਾਲਾਤ ਦੇ ਕਈ ਪਹਿਲੂ ਹੁੰਦੇ ਹਨ ਪਰ ਸੈਲਫੀ ਦੀ ਵਜ੍ਹਾ ਨਾਲ ਹੋਈਆਂ ਮੌਤਾਂ ਇਸ ਲਈ ਜ਼ਿਆਦਾ ਦੁਖਦਾਇਕ ਹੁੰਦੀਆਂ ਹਨ ਕਿ ਇਹ ਸਿਰਫ਼ ਸ਼ੌਕ ਦੇ ਚਲਦੇ ਵਰਤੀ ਗਈ ਲਾਪਰਵਾਹੀ ਦਾ ਨਤੀਜਾ ਹੁੰਦੀਆਂ ਹਨ|
ਇਹ ਠੀਕ ਹੈ ਕਿ ਅੱਜ ਦੇ ਤਨਾਓ ਭਰੇ ਜੀਵਨ ਦੌਰਾਨ ਰੋਜਾਨਾ ਦੀ ਜਿੰਦਗੀ ਵਿੱਚ ਮਨੋਰੰਜਨ ਜਾਂ ਨਵੇਂਪਣ ਨੂੰ ਮਾਨਸਿਕ ਸਿਹਤ ਲਈ ਜਰੂਰੀ ਮੰਨਿਆ ਜਾਂਦਾ ਹੈ ਪਰ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਨਲੇਵਾ ਸ਼ੌਕ ਵਿੱਚ ਤਬਦੀਲ ਹੋ ਜਾਣ ਤਾਂ ਉਸ ਸ਼ੌਕ ਤੋਂ ਤੌਬਾ ਕਰ ਲੈਣਾ ਹੀ ਠੀਕ ਹੈ| ਹੁਣ ਤਾਂ ਵਿਗਿਆਨੀਆਂ ਨੇ ਕਈ ਖੋਜਾਂ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਸੈਲਫੀ ਲੈਣ ਦੀ ਆਦਤ ਇੱਕ ਮਾਨਸਿਕ ਰੋਗ ਹੀ ਹੈ, ਜਿਸਦਾ ਸ਼ਿਕਾਰ ਵਿਅਕਤੀ ਇਸ ਗੱਲ ਦਾ ਖਿਆਲ ਵੀ ਨਹੀਂ ਰੱਖ ਪਾਉਂਦਾ ਕਿ ਖਤਰਨਾਕ ਥਾਵਾਂ ਤੇ ਵੱਖ-ਵੱਖ ਮੁਦਰਾਵਾਂ ਵਿੱਚ ਆਪਣੀਆਂ ਤਸਵੀਰਾਂ ਉਤਾਰਣ ਦੇ ਕ੍ਰਮ ਵਿੱਚ ਉਸਦੀ ਜਾਨ ਵੀ ਜਾ ਸਕਦੀ ਹੈ| ਹਾਲਾਂਕਿ ਹੁਣ ਕਈ ਲੋਕਾਂ ਨੂੰ ਆਪਣੇ ਅੰਦਰ ‘ਆਬਸੇਸਿਵ ਕੰਪਲਸਿਵ ਡਿਸਆਰਡਰ’ ਨਾਮਕ ਇਹ ਰੋਗ ਹੋਣ ਦਾ ਅਹਿਸਾਸ ਹੋ ਰਿਹਾ ਹੈ ਅਤੇ ਉਹ ਇਸਦਾ ਇਲਾਜ ਕਰਾਉਣ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ| ਮਨੋਵਿਗਿਆਨੀਆਂ ਅਤੇ ਦਿਮਾਗ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਮੁਤਾਬਕ ‘ਸੈਲਫੀ ਸਾਇਟਿਸ’ ਇੱਕ ਅਜਿਹੀ ਹਾਲਤ ਹੁੰਦੀ ਹੈ, ਜਿਸ ਵਿੱਚ ਵਿਅਕਤੀ ਸੈਲਫੀ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਦਾ ਹੈ ਤਾਂ ਉਸਨੂੰ ਬੇਚੈਨੀ ਹੋਣ ਲੱਗਦੀ ਹੈ| ਇਸਦਾ ਅਗਲਾ ਸਿਰਾ ਇਸ ਨਾਲ ਜੁੜਦਾ ਹੈ ਕਿ ਇਸ ਆਦਤ ਦੇ ਸ਼ਿਕਾਰ ਲੋਕ ਜਨਤਕ ਰੂਪ ਨਾਲ ਤਾਂ ਸਮਾਜਿਕ ਦਿਖਦੇ ਹਨ, ਖੂਬ ਤਸਵੀਰਾਂ ਸਾਂਝੀਆਂ ਕਰਦੇ ਹਨ, ਪਰ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਦਾ ਕੋਨਾ ਹੌਲੀ-ਹੌਲੀ ਖਾਲੀ ਹੁੰਦਾ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਬੇਬਸ ਸਮਝਣ ਲੱਗ ਜਾਂਦੇ ਹਨ| ਕਈ ਲੋਕਾਂ ਨੂੰ ਤਾਂ ਸਵੇਰੇ ਉਠ ਕੇ ਹੀ ਸੈਲਫੀ ਲੈਣ ਤੇ ਫਿਰ ਫੋਟੋ ਨੂੰ ਵੱਟਸ ਅੱਪ ਅਤੇ ਫੇਸਬੁੱਕ ਉਪਰ ਪਾਉਣ ਦੀ ਆਦਤ ਹੁੰਦੀ ਹੈ| ਇਹ ਵਿਅਕਤੀ ਤਾਂ ਆਪਣੇ ਤਿਆਰ ਹੁੰਦੇ ਸਮੇਂ ਦੀਆਂ ਵੀ ਸੈਲਫੀਆਂ ਲੈ ਕੇ ਪੋਸਟ ਕਰਦੇ ਰਹਿੰਦੇ ਹਨ| ਲੋਕ ਵੀ ਇਹਨਾਂ ਤਸਵੀਰਾਂ ਉਪਰ ਕਮੈਂਟ ਕਰਦੇ ਰਹਿੰਦੇ ਹਨ|
ਭਾਰਤ ਦੇ ਹਰ ਸ਼ਹਿਰ ਵਿੱਚ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਹੱਥਾਂ ਵਿੱਚ ਮੋਬਾਇਲ ਲੈ ਕੇ ਘੁੰਮਦੇ ਵੇਖਿਆ ਜਾ ਸਕਦਾ ਹੈ , ਜੋ ਕਿ ਵੱਖ ਵੱਖ ਥਾਂਵਾਂ ਉਪਰ ਸੈਲਫੀਆਂ ਲੈਂਦੇ ਹ ੋਏ ਵਿੰਗੇ ਟੇਢੇ ਢੰਗ ਨਾਲ ਪੋਜ ਬਣਾਉਂਦੇ ਨਜ਼ਰ ਆ ਜਾਂਦੇ ਹਨ| ਕਈ ਨੌਜਵਾਨ ਤਾਂ ਸਟੰਟ ਦਿਖਾਉਂਦੇ ਹੋਏ ਅਤੇ ਵਾਹਨ ਚਲਾਉਂਦੇ ਹੋਏ ਵੀ ਸੈਲਫੀਆਂ ਲੈਂਦੇ ਰਹਿੰਦ ੇਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ| ਸੈਲਫੀਆਂ ਲੈਣ ਮੌਕੇ ਨੌਜਵਾਨ ਮੁੰਡੇ ਕੁੜੀਆਂ ਜਦੋਂ ਵਿੰਗੇ ਟੇਡੇ ਮੂੰਹ ਬਣਾਉਂਦੇ ਹਨ ਤਾਂ ਕਈ ਅਨਪੜ੍ਹ ਅਤੇ ਪੇਂਡੂ ਬਜੁਰਗ ਉਹਨਾਂ ਨੂੰ ਬੜੀ ਹੈਰਾਨੀ ਨਾਲ ਵੇਖਦੇ ਹਨ ਅਤੇ ਇਹ ਸਮਝਦੇ ਹਨ ਕਿ ਸ਼ਾਇਦ ਇਹਨਾਂ ਨੂੰ ਪਾਗਲਪਣ ਦਾ ਹੀ ਕੋਈ ਦੌਰਾ ਪੈ ਗਿਆ ਹੈ| ਅਸਲ ਵਿੱਚ ਸੈਲਫੀ ਦਾ ਸ਼ੌਂਕ ਜਦੋਂ ਖਤਰਨਾਕ ਹੱਦ ਤਕ ਪਹੁੰਚ ਜਾਵੇ ਤਾਂ ਇਹ ਪਾਗਲਪਣ ਹੀ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ|
ਮੋਬਾਇਲ ਕੰਪਨੀਆਂ ਵੀ ਆਪਣੇ ਮੋਬਾਇਲ ਵੇਚਣ ਲਈ ਵਿਸ਼ੇਸ ਸੈਲਫੀ ਕੈਮਰਾ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਚਾਹੀਦਾ ਤਾਂ ਇਹ ਹੈ ਕਿ ਇਸ ਤਰ੍ਹਾਂ ਦੀ ਇਸ਼ਤਿਹਾਰਬਾਜੀ ਦੇ ਨਾਲ ਨਾਲ ਲੋਕਾਂ ਨੂੰ ਸੈਲਫੀ ਲੈਣ ਦੇ ਖਤਰਿਆਂ ਤੋਂ ਵੀ ਸੁਚੇਤ ਕੀਤਾ ਜਾਵੇ| ਪੂਰੇ ਵਿਸ਼ਵ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿਥੇ ਸੈਲਫੀਆਂ ਲੈਂਦਿਆਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ, ਇਸ ਲਈ ਭਾਰਤ ਸਰਕਾਰ ਨੂੰ ਸੈਲਫੀ ਲੈਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਚਲਾਉਣੀ ਚਾਹੀਦੀ ਹੈ| ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਸੈਲਫੀ ਦੇ ਖਤਰਿਆਂ ਤੋਂ ਆਪਣੇ ਬੱਚਿਆਂ ਨੂੰ ਸੁਚੇਤ ਕਰਨ|

Leave a Reply

Your email address will not be published. Required fields are marked *