ਸੈਸ਼ਨ ਦਾ ਦੂਜਾ ਦਿਨ ਹੰਗਾਮੇ ਦੀ ਭੇਂਟ ਚੜਿਆ

ਚੰਡੀਗੜ੍ਹ, 28 ਨਵੰਬਰ (ਸ.ਬ.) ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਹੰਗਾਮੇ ਦੀ ਭੇਂਟ ਚੜ੍ਹ ਗਿਆ| ਸਦਨ ਵਿੱਚ ਸਵੇਰੇ ਕਾਰਵਾਈ ਦੀ ਸ਼ੁਰੂਆਤ ਹੁੰਦੇ ਹੀ ‘ਆਪ’ ਦੇ ਵਿਧਾਇਕ ਹੰਗਾਮੇ ਤੇ ਉਤਰ ਆਏ| ‘ਆਪ’ ਦੇ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੇ ਡਰੱਗ ਮਾਮਲੇ ਨੂੰ ਲੈ ਕੇ ਸਦਨ ਵਿੱਚ ਜੰਮ ਕੇ ਹੰਗਾਮਾ ਕੀਤਾ| ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ| ਉਥੇ ਹੀ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫੀ ਨੂੰ ਲੈ ਕੇ ਵਿਧਾਨ ਸਭਾ ਸਦਨ ਵਿੱਚ ਨਾਅਰੇਬਾਜ਼ੀ ਕੀਤੀ| ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਸ਼ੁਰੂ ਕਰ ਕੀਤੀ ਗਈ ਅਤੇ ਦੁਪਹਿਰ 12 ਵਜੇ ਹੀ ਸਦਨ ਖਤਮ ਕਰ ਦਿੱਤਾ ਗਿਆ| ਹੁਣ ਬੁੱਧਵਾਰ ਸਵੇਰੇ 10 ਵਜੇ ਵਿਧਾਨ ਸਭਾ ਦਾ ਆਖਰੀ ਦਿਨ ਸ਼ੁਰੂ ਹੋਵੇਗਾ|
ਅੱਜ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਨੂੰ ਖਰਾਬ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਕ ਦਿਨ ਦਾ 70 ਲੱਖ ਰੁਪਇਆ ਸੈਸ਼ਨ ਤੇ ਖਰਚ ਆਉਂਦਾ ਹੈ| ਉਨ੍ਹਾਂ ਕਿਹਾ ਕਿ ਕੁਝ ਬਿਲ ਅੱਜ ਪਾਸ ਹੋ ਗਏ ਹਨ ਅਤੇ ਬਾਕੀ ਬੁੱਧਵਾਰ ਨੂੰ ਪਾਸ ਹੋ ਜਾਣਗੇ ਪਰ ਵਿਰੋਧੀ ਧਿਰ ਦੇ ਲੋਕ ਸਮਾਂ ਖਰਾਬ ਕਰ ਰਹੇ ਹਨ|
ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ ਸਾਲ 8 ਮਹੀਨਿਆਂ ਵਿੱਚ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ ਕਿ ਅਤੇ 14 ਦਸੰਬਰ ਨੂੰ ਕਰਜ਼ਾ ਮੁਆਫੀ ਦੀ ਵੰਡ ਸ਼ੁਰੂ ਹੋ ਜਾਵੇਗੀ| ਅੱਜ ਦਾ ਸੈਸ਼ਨ ਖਤਮ ਹੋਣ ਤੇ ਨਵਜੋਤ ਸਿੰਘ ਸਿੱਧੂ ਨੇ ਹੰਗਾਮੇ ਦਾ ਸਾਰਾ ਦੋਸ਼ ਵਿਰੋਧੀ ਧਿਰ ਤੇ ਮੜ੍ਹਦਿਆਂ ਕਿਹਾ ਕਿ ਇਕ ਪਾਸੇ ਤਾਂ ਇਹ ਸੈਸ਼ਨ ਲਈ ਵੱਧ ਤੋਂ ਵੱਧ ਸਮਾਂ ਮੰਗ ਰਹੇ ਹਨ ਅਤੇ ਦੂਜੇ ਪਾਸੇ ਹੰਗਾਮਾ ਕਰਕੇ ਸੈਸ਼ਨ ਦਾ ਸਮਾਂ ਖਰਾਬ ਕਰ ਰਹੇ ਹਨ|

Leave a Reply

Your email address will not be published. Required fields are marked *