ਸੋਚ ਇੰਜ ਅਸਰ ਕਰਦੀ ਹੈ

ਜੇਕਰ ਆਪਾਂ ਇਸਨੂੰ ਇੰਜ ਸਮਝਣ ਦਾ ਯਤਨ ਕਰੀਏ ਤਾਂ ਹੋਰ ਵੀ ਸੌਖਾ ਹੈ| ਜੈਸਾ ਅੰਨ, ਵੈਸਾ ਮੰਨ| ਜੈਸਾ ਮਨ,ਵੈਸੀ ਸੋਚ| ਜੈਸੀ ਸੋਚ ਵੈਸੀ ਬੁੱਧੀ| ਹਰ ਕਦਮ ਮਾਇਨੇ ਰੱਖਦਾ ਹੈ ਸੋਚ ਤੱਕ ਪਹੁੰਚਣ ਲਈ| ਸੋਚ ਜ਼ਿੰਦਗੀ ਦੇ ਹਰ ਪਹਿਲੂ ਤੇ ਅਤੇ ਹਰ ਕਦਮ ਤੇ ਅਸਰ ਕਰਦੀ ਹੈ| ਇਸ ਕਰਕੇ ਇਮਾਨਦਾਰੀ ਨਾਲ ਕਮਾਈ ਕਰਕੇ, ਘਰ ਦਾ ਗੁਜ਼ਾਰਾ ਕਰਨ ਨਾਲ ਮਨ ਸ਼ਾਤ ਰਹਿੰਦਾ ਹੈ| ਜਦੋਂ ਮਨ ਸ਼ਾਂਤ ਹੋਏਗਾ ਤਾਂ ਵਧੀਆ ਸੋਚੇਗਾ, ਦਿਮਾਗ਼ ਗਲਤ ਪਾਸੇ, ਗਲਤ ਢੰਗ ਨਾਲ ਪੈਸੇ ਕਮਾਉਣ ਵਾਲੇ ਪਾਸੇ ਨਹੀਂ ਚੱਲੇਗਾ|
ਵੈਸੇ ਗੱਲ ਆਪਾਂ ਸਿਰਫ਼ ਸੋਚ ਦੀ ਕਰਾਂਗੇ| ਕਿੰਜ ਅਤੇ ਕਿਵੇਂ ਅਸਰ ਪੈਂਦਾ ਹੈ ਜ਼ਿੰਦਗੀ ਉਪਰ| ਸੋਚ ਹੀ ਹੈ ਜੋ ਤੁਹਾਨੂੰ ਕਿਸੇ ਦੀ ਮਦਦ ਕਰਨ ਲਈ ਤੋਰਦੀ ਹੈ| ਇੱਕ ਸੋਚ ਤੁਹਾਨੂੰ ਕਿਸੇ ਦੇ ਘਰ ਚਿਰਾਗ ਜਗਾਉਣ ਲਈ ਉਤਸ਼ਾਹਿਤ ਕਰਦੀ ਹੈ| ਕਿਸੇ ਦੇ ਘਰ ਨੂੰ ਰੋਸ਼ਨ ਕਰਨ ਲਈ ਨਾਂਹ ਪੱਖੀ ਸੋਚ ਵਾਲਾ ਪੈਰ ਨਹੀਂ ਚੁੱਕ ਸਕਦਾ| ਸੋਚ ਹੀ ਦੱਸ ਦਿੰਦੀ ਹੈ ਕਿ ਅਸੀਂ ਕਿਥੇ ਖੜੇ ਹਾਂ| ਸੋਰੇਨ ਕਿਰਕੇਗਾਰਡ ਅਨੁਸਾਰ,”ਸਾਡੀ ਜ਼ਿੰਦਗੀ ਸਾਡੀਆਂ ਪ੍ਰਮੁੱਖ ਸੋਚਾਂ ਦਾ ਹੀ ਪ੍ਰਗਟਾ ਹੁੰਦੀ ਹੈ|”
ਸਾਡੇ ਆਸ ਪਾਸ ਹਰ ਸੋਚਦੇ ਲੋਕ ਹਨ| ਕਿਸੇ ਕੋਲ ਬਹੁਤ ਥੋੜਾ ਹੈ ਪਰ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਮੇਰੇ ਕੋਲ ਇਹ ਸੱਭ ਹੈ| ਉਹ ਸੰਤੁਸ਼ਟ ਹੈ ਜੋ ਕੁਝ ਉਸ ਕੋਲ ਹੈ| ਦੂਸਰੇ ਪਾਸੇ ਕਈਆਂ ਕੋਲ ਬਹੁਤ ਕੁਝ ਹੁੰਦਾ ਹੈ ਪਰ ਉਹ ਖੁਸ਼ ਨਹੀਂ| ਉਹ ਪ੍ਰੇਸ਼ਾਨ ਹਨ ਸਿਰਫ਼ ਆਪਣੀ ਸੋਚ ਕਰਕੇ| ਜੇਕਰ ਸੋਚ ਨਾਂਹ ਪੱਖੀ ਹੋਏਗੀ ਤਾਂ ਘਰਦਾ ਅਤੇ ਕੰਮ ਕਰਨ ਵਾਲੀ ਥਾਂ ਦਾ ਮਾਹੌਲ ਤਨਾਵ ਪੂਰਨ ਕਰ ਦੇਣਗੇ| ਅਸਲ ਵਿੱਚ ਸੋਚ ਹੀ ਹੈ ਜੋ ਉਸਾਰੂ ਸੋਚ ਵਾਲੇ ਨੂੰ ਪਾਣੀ ਦਾ ਗਲਾਸ, ਅੱਧਾ ਭਰਿਆ ਮਹਿਸੂਸ ਹੁੰਦਾ ਹੈ ਅਤੇ ਨਾਂਹ ਪੱਖੀ ਸੋਚ ਵਾਲਾ ਅੱਧਾ ਗਲਾਸ ਖਾਲੀ ਦੱਸੇਗਾ|
ਇੱਕ ਸੋਚ ਹੀ ਹੈ ਜੋ ਬਹੁਤ ਮਾਮੂਲੀ ਜਿਹੀ ਗੱਲ ਨੂੰ ਵਧਾ ਦਿੰਦੀ ਹੈ| ਐਸੀ ਪਾਣੀ ਵਿੱਚ ਮਧਾਣੀ ਪੈਂਦੀ ਹੈ ਕਿ ਸਾਰੇ ਹੰਭ ਜਾਂਦੇ ਹਨ, ਪਰ ਨਾ ਕੋਈ ਨਤੀਜਾ ਨਿਕਲਦਾ ਹੈ ਅਤੇ ਨਾ ਹੀ ਸਮਝ ਆਉਂਦੀ ਹੈ ਕਿ ਇਹ ਗੱਲ ਕੀ ਸੀ ਜਾਂ ਮੁੱਦਾ ਕੀ ਸੀ| ਨਾਂਹ ਪੱਖੀ ਸੋਚ ਵਾਲੇ ਆਪ ਵੀ ਡੁੱਬਦੇ ਹਨ ਅਤੇ ਦੂਸਰੇ ਨੂੰ ਵੀ ਡੋਬ ਦਿੰਦੇ ਹਨ|
ਹਾਂ ਪੱਖੀ ਸੋਚ ਵਾਲੇ ਗੱਲ ਵਿੱਚੋਂ ਗੱਲ ਫੜਕੇ ਝੱਜੂ ਨਹੀਂ ਪਾਉਂਦੇ| ਵਧੇਰੇ ਕਰਕੇ ਇਹ ਲੋਕ ਜਿਥੇ ਅਤੇ ਜਿਵੇਂ ਗੱਲ ਹੋਈ ਹੁੰਦੀ ਹੈ,ਉਸਨੂੰ ਉਥੇ ਅਤੇ ਉਵੇਂ ਹੀ ਛੱਡ ਦਿੰਦੇ ਹਨ| ਇਸ ਨਾਲ ਨਾ ਉਹ ਆਪ ਪ੍ਰੇਸ਼ਾਨ ਹੁੰਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਪ੍ਰੇਸ਼ਾਨ ਕਰਦੇ ਹਨ| ਇਸ ਨਾਲ ਰਿਸ਼ਤੇ ਸਿਹਤਮੰਦ ਰਹਿੰਦੇ ਹਨ| ਸੋਚ ਦਾ ਅਸਰ ਦਫ਼ਤਰ ਅਤੇ ਘਰ ਦੋਹਾਂ ਥਾਵਾਂ ਤੇ ਪੈਂਦਾ ਹੈ|
ਮਾਪਿਆਂ ਦੀ ਸੋਚ ਹੁੰਦੀ ਹੈ ਜੋ ਬੱਚਿਆਂ ਨੂੰ ਪਾਲਣ ਅਤੇ ਪੜ੍ਹਾਉਣ ਲਿਖਾਉਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ| ਉਨ੍ਹਾਂ ਨੂੰ ਲੱਗ ਰਹੇ ਪੈਸੇ ਅਤੇ ਹੋ ਰਹੀ ਤਕਲੀਫ਼ ਦੀ ਪ੍ਰਵਾਹ ਹੀ ਨਹੀਂ ਹੁੰਦੀ| ਉਹ ਸਿਰਫ਼ ਸੋਚ ਹੀ ਹੈ| ਦੂਸਰੇ ਪਾਸੇ ਨੂੰਹਾਂ ਪੁੱਤਾਂ ਦੀ ਸੋਚ ਹੀ ਹੈ ਜੋ ਬਜ਼ੁਰਗ ਮਾਪਿਆਂ ਨਾਲ ਬਦਸਲੂਕੀ ਹੋ ਰਹੀ ਹੈ| ਇਹ ਗੱਲ ਇੱਕ ਗੈਰ ਸਰਕਾਰੀ ਸੰਸਥਾ ਹੈਲਪਏਜ਼ ਵੱਲੋਂ ਕੀਤੇ ਗਏ ਸਰਵੇ ਤੋਂ ਵੀ ਸਾਹਮਣੇ ਆਈ ਹੈ| ਜਿਸ ਵਿੱਚ ਚੰਡੀਗੜ੍ਹ ਦੇ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਗੱਲ ਸਾਹਮਣੇ ਆਈ ਹੈ| ਇਹ ਸੋਚ ਹੀ ਹੈ ਜੋ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਿਆ ਜਾ ਰਿਹਾ ਹੈ|
ਸੋਚ ਜ਼ਿੰਦਗੀ ਨੂੰ ਸਵਰਗ ਵੀ ਬਣਾ ਸਕਦੀ ਹੈ ਅਤੇ ਨਰਕ ਵੀ| ਸੋਚ ਪਰਿਵਾਰਾਂ ਅਤੇ ਸਮਾਜ ਤੇ ਗਹਿਰਾ ਅਸਰ ਪਾਉਂਦੀ ਹੈ| ਪਰਿਵਾਰਾਂ ਦਾ ਟੁੱਟਣਾ ਵੀ ਸੋਚ ਦੀ ਹੀ ਦੇਣ ਹੈ| ਜਦੋਂ ਹਰ ਵਕਤ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਅਸਲ ਵਿੱਚ ਉਹ ਆਪਣੇ ਸਤਰ ਨੂੰ ਵਿਖਾ ਜਾਂਦਾ ਹੈ|ਅਸ਼ਟਾਵਕਰ ਗੀਤਾ ਅਨੁਸਾਰ,”ਜੇ ਕੋਈ ਆਪਣੇ ਆਪ ਨੂੰ ਮੁਕਤ ਸਮਝਦਾ ਹੈ ਤਾਂ ਉਹ ਮੁਕਤ ਹੁੰਦਾ ਹੈ| ਜੇ ਕੋਈ ਆਪਣੇ ਆਪ ਨੂੰ ਕੈਦੀ ਸਮਝਦਾ ਹੈ ਤਾਂ ਉਹ ਕੈਦੀ ਹੀ ਹੁੰਦਾ ਹੈ| ਇਸੇ ਲਈ ਇਹ ਅਖਾਣ ਸੱਚ ਹੈ ਕਿ ਜੈਸਾ ਸੋਚੋਗੇ ਵੈਸਾ ਹੀ ਪਾਓਗੇ|” ਇਸ ਕਰਕੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੋਚ ਇੰਜ ਅਸਰ ਕਰਦੀ ਹੈ|
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Leave a Reply

Your email address will not be published. Required fields are marked *