ਸੋਨੀਆਂ ਗਾਂਧੀ ਦੀ ਡਿਨਰ ਪਾਰਟੀ ਨੇ ਭਖਾਈ ਰਾਜਨੀਤੀ

ਕਾਂਗਰਸ ਨੇਤਾ ਸੋਨੀਆ ਗਾਂਧੀ ਵੱਲੋਂ ਆਪਣੇ ਘਰ 10, ਜਨਪਥ ਤੇ 17 ਵਿਰੋਧੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਦਿੱਤੀ ਗਈ ਡਿਨਰ ਪਾਰਟੀ ਸੁਭਾਵਿਕ ਹੀ ਚਰਚਾ ਵਿੱਚ ਹੈ| ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਅਹੁਦਾ ਭਾਵੇਂ ਛੱਡ ਦਿੱਤਾ ਹੋਵੇ, ਪਰ ਉਹ ਨਾ ਸਿਰਫ ਕਾਂਗਰਸ ਸੰਸਦੀ ਦਲ ਦੀ ਸਗੋਂ ਯੂਪੀਏ ਦੀ ਚੇਅਰਪਰਸਨ ਵੀ ਹਨ| ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸੋਨੀਆ ਗਾਂਧੀ ਵੱਲੋਂ ਇੱਕ ਵੱਡੀ ਰਾਜਨੀਤਕ ਪਹਿਲ ਕੀਤੀ ਗਈ ਹੈ| ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਇਹ ਡਿਨਰ ਪਾਰਟੀ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀਆਂ ਤਮਾਮ ਪਾਰਟੀਆਂ ਦੇ ਵਿਚਾਲੇ ਇੱਕ ਜੁੱਟਤਾ ਲਿਆਉਣ, ਉਨ੍ਹਾਂ ਵਿੱਚ ਸਹਿਯੋਗ ਅਤੇ ਸੰਜੋਗ ਦੀ ਭਾਵਨਾ ਮਜਬੂਤ ਕਰਨ ਦੀ ਇੱਕ ਕਵਾਇਦ ਹੈ| ਇਸ ਦਾਅਵਤ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਕਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿੱਚ ਜੋ ਅਸਮੰਜਸ ਦਿਸਦਾ ਰਿਹਾ, ਉਸਦੇ ਪਿੱਛੇ ਵੀ ਵਜ੍ਹਾ ਇਹੀ ਹੈ| ਕੋਈ ਕੁੱਝ ਕਹੇ ਜਾਂ ਨਾ ਕਹੇ, ਸਮਝ ਸਾਰੇ ਰਹੇ ਹਨ ਕਿ ਇਹ ਬੀਜੇਪੀ ਵਿਰੋਧੀ ਰਾਜਨੀਤੀ ਦੇ ਕੇਂਦਰ ਵਿੱਚ ਕਾਂਗਰਸ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਹੈ| ਹਾਲਾਂਕਿ ਇਸ ਦੇ ਸਮਾਂਤਰ ਇੱਕ ਗੈਰ – ਬੀਜੇਪੀ ਗੈਰ – ਕਾਂਗਰਸ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ, ਇਸ ਲਈ ਖੇਤਰੀ ਪਾਰਟੀਆਂ ਨੂੰ ਬਹੁਤ ਸੋਚ ਸਮਝ ਕੇ ਅੱਗੇ ਵਧਣਾ ਪਵੇਗਾ| ਜਿਆਦਾਤਰ ਖੇਤਰੀ ਪਾਰਟੀਆਂ ਸਥਾਨਕ ਪੱਧਰ ਤੇ ਕਾਂਗਰਸ ਨੂੰ ਆਪਣਾ ਚੁਣਾਵੀ ਵਿਰੋਧੀ ਮੰਨਦੀਆਂ ਹਨ| ਅਜਿਹੇ ਵਿੱਚ ਉਨ੍ਹਾਂ ਦਾ ਇਹ ਡਰ ਸੁਭਾਵਿਕ ਹੈ ਕਿ ਰਾਸ਼ਟਰੀ ਪੱਧਰ ਤੇ ਕਾਂਗਰਸ ਨਾਲ ਨਜਦੀਕੀ ਕਿਤੇ ਉਨ੍ਹਾਂ ਨੂੰ ਆਪਣੇ ਵੋਟਰਾਂ ਦੀ ਨਜ਼ਰ ਵਿੱਚ ਸ਼ੱਕੀ ਨਾ ਬਣਾ ਦੇਵੇ| ਜਿੱਥੇ ਤੱਕ ਬੀਜੇਪੀ ਜਾਂ ਐਨਡੀਏ ਤੋਂ ਦੂਰੀ ਵਿਖਾਉਣ ਦਾ ਸਵਾਲ ਹੈ ਤਾਂ ਮੁਸਲਮਾਨ ਵੋਟ ਖਿੱਚਣ ਲਈ ਇਹਨਾਂ ਦਲਾਂ ਨੂੰ ਇਹ ਜਰੂਰੀ ਲੱਗਦਾ ਹੈ| ਪਰ ਉਹ ਕੰਮ ਤੀਜਾ ਮੋਰਚਾ ਬਣਾਉਣ ਨਾਲ ਵੀ ਹੋ ਜਾਂਦਾ ਹੈ| ਅਜਿਹੇ ਵਿੱਚ ਕਾਂਗਰਸ ਨੂੰ ਵਿੱਚ ਵਿਚਾਲੇ ਕਿਉਂ ਲਿਆਇਆ ਜਾਵੇ| ਬੀਜੇਪੀ ਜਾਂ ਐਨਡੀਏ ਦਾ ਵਿਰੋਧ ਕਰਨ ਦੀ ਜ਼ਿੰਮੇਵਾਰੀ ਇਸ ਤੀਜੇ ਮੋਰਚੇ ਦੇ ਬੈਨਰ ਹੇਠ ਆਪਣੇ – ਆਪਣੇ ਇਲਾਕਿਆਂ ਵਿੱਚ ਖੁਦ ਇਹ ਦਲ ਹੀ ਕਿਉਂ ਨਾ ਕਰਨ| ਇਸ ਨਾਲ ਬੀਜੇਪੀ ਦਾ ਵਿਰੋਧ ਵੀ ਹੋ ਜਾਵੇਗਾ ਅਤੇ ਕਾਂਗਰਸ ਦੇ ਮਜਬੂਤ ਹੋਣ ਦਾ ਡਰ ਵੀ ਨਿਕਲ ਜਾਵੇਗਾ| ਦਿਲਚਸਪ ਹੈ ਕਿ ਇਹ ਦੋਵਾਂ ਵਿਰੋਧੀ ਰਾਜਨੀਤਕ ਪ੍ਰਕ੍ਰਿਆਵਾਂ ਇਕੱਠੀਆਂ ਚੱਲ ਰਹੀਆਂ ਹਨ| ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਕਾਂਗਰਸ ਕਮਜੋਰ ਨਜ਼ਰ ਆ ਰਹੀ ਹੈ, ਇਸ ਲਈ ਤੀਸਰੇ ਮੋਰਚੇ ਦੀ ਕਵਾਇਦ ਖੁਦ ਜ਼ੋਰ ਫੜਦੀ ਜਾ ਰਹੀ ਹੈ| ਪਰ ਇਸਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੂੰ ਕਮਜੋਰ ਹੀ ਰੱਖਣ ਲਈ ਤੀਸਰੇ ਮੋਰਚੇ ਨੂੰ ਪਰਵਾਨ ਚੜ੍ਹਾਇਆ ਜਾ ਰਿਹਾ ਹੈ| ਮਾਮਲੇ ਦਾ ਤੀਜਾ ਪਹਿਲੂ ਇਹ ਹੈ ਕਿ ਲੋਕਤੰਤਰ ਵਿੱਚ ਸਭ ਕੁੱਝ ਪਾਰਟੀਆਂ ਦੇ ਹੱਥ ਵਿੱਚ ਨਹੀਂ ਹੁੰਦਾ| ਕੁੱਝ ਗੱਲਾਂ ਜਨਤਾ ਦੇ ਹੱਥ ਵਿੱਚ ਵੀ ਹੁੰਦੀਆਂ ਹਨ| ਇਹਨਾਂ ਰਾਜਨੀਤਕ ਗੋਲਬੰਦੀਆਂ ਦਾ ਸੰਭਾਵਿਤ ਆਕਾਰ ਵੀ ਅੰਤਮ ਰੂਪ ਨਾਲ ਇਸ ਗੱਲ ਤੇ ਨਿਰਭਰ ਕਰੇਗਾ ਕਿ ਜਨ- ਦਬਾਅ ਦੀ ਦਿਸ਼ਾ ਕੀ ਰਹਿੰਦੀ ਹੈ| ਡਿਨਰ ਪਾਰਟੀ ਦੀ ਆਪਣੀ ਅਹਮਿਅਤ ਹੈ| ਅਜਿਹੀਆਂ ਪਹਿਲਕਦਮੀਆਂ ਵਿਰੋਧੀ ਦਲਾਂ ਵਿੱਚ ਤਾਲਮੇਲ ਬਣਾ ਕੇ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ| ਪਰ ਕਾਂਗਰਸ ਨੂੰ ਜੇਕਰ ਵਿਰੋਧੀ ਖੇਮੇ ਦੀ ਅਗਵਾਈ ਆਪਣੇ ਕੋਲ ਬਣਾ ਕੇ ਰੱਖਣੀ ਹੈ ਤਾਂ ਇਹ ਕੰਮ ਉਹ ਜਨ ਅੰਦੋਲਨਾਂ ਦੇ ਨਾਲ ਜਾ ਕੇ ਹੀ ਕਰ ਪਾਏਗੀ|
ਪ੍ਰਵੀਨ

Leave a Reply

Your email address will not be published. Required fields are marked *