ਸੋਨੀਆ ਦੇ ਜਵਾਈ ਤੇ ਈਡੀ ਦਾ ਸ਼ਿਕੰਜਾ, 15 ਘੰਟੇ ਛਾਪੇ, ਬਾਥਰੂਮ ਤੇ ਰਸੋਈ ਤੱਕ ਛਾਣ ਮਾਰੀ

ਨਵੀਂ ਦਿੱਲੀ, 8 ਦਸੰਬਰ (ਸ.ਬ.) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਰੀਬ 10-14 ਅਧਿਕਾਰੀਆਂ ਨੇ ਰਾਬਰਟ ਵਾਡਰਾ ਦੇ ਦਫਤਰ ਵਿੱਚ ਛਾਪੇਮਾਰੀ ਕੀਤੀ| ਅੱਜ ਸਵੇਰੇ ਤਕਰੀਬਨ 3 ਵਜੇ ਤਕ ਛਾਪੇਮਾਰੀ ਕਰਕੇ ਅਧਿਕਾਰੀ ਦਫਤਰ ਵਿੱਚੋਂ ਬਾਹਰ ਨਿਕਲੇ| ਦਰਅਸਲ, ਸ਼ੁੱਕਰਵਾਰ ਨੂੰ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਕੰਪਨੀਆਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ| ਇਹ ਛਾਪੇ ਰੱਖਿਆ ਸੌਦੇ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਰਿਸ਼ਵਤ ਲੈਣ ਸਬੰਧੀ ਕੀਤੀ ਜਾ ਰਹੀ ਹੈ|
ਦਿੱਲੀ ਦੇ ਸੁਖਦੇਵ ਵਿਹਾਰ ਸਥਿਤ ਦਫਤਰ ਕਮ ਹੋਮ ਵਿੱਚ ਕੱਲ੍ਹ ਸਵੇਰੇ ਤਕਰੀਬਨ 9:30 ਵਜੇ ਤੋਂ ਈਡੀ ਦੀ ਟੀਮ ਛਾਪੇਮਾਰੀ ਕਰਨ ਲਈ ਪੁੱਜ ਗਈ ਸੀ| ਲਗਪਗ 15-16 ਘੰਟਿਆਂ ਬਾਅਦ ਵਾਡਰਾ ਦੇ ਦਫ਼ਤਰ ਵਿੱਚ ਕੁਝ ਹਰਕਤ ਹੋਈ| ਈਡੀ ਦੀ ਟੀਮ ਨੇ ਵਾਡਰਾ ਦੇ ਦਫਤਰ ਵਿੱਚੋਂ 3 ਸਫੈਦ ਸੇਡਾਨ ਗੱਡੀਆਂ ਦੀਆਂ ਡਿੱਗੀਆਂ ਵਿੱਚ ਕਈ ਫਾਈਲਾਂ ਤੇ 3 ਸੀਲ ਕੀਤੇ ਹੋਏ ਲਾਕਰ ਰਖਵਾਏ|
ਸੂਤਰਾਂ ਮੁਤਾਬਕ ਈਡੀ ਨੇ ਵਾਡਰਾ ਦੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਡੀਐਕਟੀਵੇਟ ਕਰ ਦਿੱਤੇ ਸੀ| ਦਫਤਰ ਅੰਦਰ ਵੱਡੇ ਪੱਧਰ ਤੇ ਤੋੜ ਫੋੜ ਵੀ ਹੋਈ ਹੈ| ਵਾਡਰਾ ਦੇ ਦਫ਼ਤਰ ਦੀ ਪਹਿਲੀ ਤੇ ਦੂਜੀ, ਦੋਵਾਂ ਮੰਜ਼ਲਾਂ ਦੀ ਛਾਣਬੀਣ ਕੀਤੀ ਗਈ| ਕਈ ਕੰਪਿਊਟਰਾਂ ਦੇ ਸੀ. ਪੀ. ਯੂ ਤੋਂ ਹਾਰਡ ਡਿਸਕ, ਕਈ ਕੰਪਨੀਆਂ ਦੇ ਕਾਗਜ਼ਾਤ, ਪੈਨ ਡ੍ਰਾਈਵ ਤੇ ਹੋਰ ਚੀਜ਼ਾਂ ਨੂੰ ਜ਼ਬਤ ਕੀਤਾ ਗਿਆ|
ਸੂਤਰਾਂ ਮੁਤਾਬਕ ਈਡੀ ਨੇ ਦਫਤਰ ਦੀ ਰਸੋਈ ਤੇ ਵਾਸ਼ਰੂਮ ਦੀਆਂ ਦੀਵਾਰਾਂ ਤਕ ਤੋੜ ਕੇ ਛਾਣਬੀਣ ਕੀਤੀ ਹੈ| ਦੱਸਿਆ ਜਾ ਰਿਹਾ ਹੈ ਕਿ ਵਾਡਰਾ ਦੇ ਦਫਤਰ ਅੰਦਰ ਕੰਮ ਕਰਨ ਵਾਲੇ ਲੋਕਾਂ ਨਾਲ ਈਡੀ ਬਹੁਤ ਸਖ਼ਤੀ ਨਾਲ ਪੇਸ਼ ਆਈ|

Leave a Reply

Your email address will not be published. Required fields are marked *