ਸੋਨੇ ਦੀ ਕੀਮਤ ਵਿੱਚ ਹੁੰਦਾ ਦਿਨੋ ਦਿਨ ਵਾਧਾ

ਕੋਰੋਨਾ ਦੀ ਮਾਹਾਂਮਾਰੀ ਦੇ ਕਾਰਨ ਵਿਸ਼ਵ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪਸਤ ਹੈ| ਆਰਥਿਕ ਵਿਕਾਸ ਦੀ ਰਫਤਾਰ ਰੁਕਣ ਨਾਲ ਨਿਵੇਸ਼ ਦੇ ਕਈ ਪ੍ਰਮੁੱਖ ਵਿਕਲਪ ਨਕਾਰਾਤਮਕ ਰਿਟਰਨ ਦਿਖਾ ਰਹੇ ਹਨ| ਕੇਂਦਰੀ ਬੈਂਕ ਦੀ ਮੁਦਰਾ ਨੀਤੀ ਵਿੱਚ ਨਰਮੀ ਨਾਲ ਬੈਂਕ ਐਫਡੀ ਵਰਗੀਆਂ ਲੋਕਪ੍ਰਿਅ ਯੋਜਨਾਵਾਂ ਦੀਆਂ ਵਿਆਜ ਦਰਾਂ ਘੱਟ ਕੇ 6 ਫੀਸਦ ਤੋਂ ਹੇਠਾਂ ਆ ਗਈਆਂ ਹਨ| ਇਸ ਸੰਕਟਕਾਲ ਵਿੱਚ ਸੋਨਾ ਇੱਕ ਅਜਿਹੀ ਧਾਤੂ ਹੈ ਜਿਸਦੀਆਂ ਕੀਮਤਾਂ ਤੇਜੀ ਦੇ ਨਿਤ ਨਵੇਂ ਰਿਕਾਰਡ ਬਣਾ ਰਹੀਆਂ ਹਨ| ਘਰੇਲੂ ਬਾਜ਼ਾਰ ਵਿੱਚ ਇਸਦਾ ਮੁੱਲ 56,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਿਆ ਹੈ| ਬਾਜ਼ਾਰ ਦੇ ਬਾਰੇ ਪੁਰਾਣੀ ਧਾਰਨਾ ਹੈ ਕਿ ਜਿਸ ਚੀਜ਼ ਦੇ ਮੁੱਲ ਜ਼ਿਆਦਾ ਵੱਧ ਜਾਂਦੇ ਹਨ, ਉਸਦੀ ਪੁੱਛਗਿਛ ਘੱਟ ਜਾਂਦੀ ਹੈ ਪਰ ਸੋਨੇ ਦੇ ਪ੍ਰਤੀ ਲੋਕਾਂ ਦਾ ਮੋਹ ਕਦੇ ਵੀ ਘੱਟ ਨਹੀਂ ਹੋਇਆ ਹੈ| ਇਹੀ ਕਾਰਨ ਹੈ ਕਿ ਨਿਵੇਸ਼ ਲਈ ਇਸ ਧਾਤੂ ਦੀ ਖਿੱਚ ਲਗਾਤਾਰ ਵੱਧ ਰਹੀ ਹੈ| ਇਸ ਸਾਲ ਸਿਰਫ ਸੱਤ ਮਹੀਨਿਆਂ ਵਿੱਚ ਹੀ ਸੋਨੇ ਦੀਆਂ ਕੀਮਤਾਂ 40 ਫੀਸਦ ਵੱਧ ਚੁੱਕੀਆਂ ਹਨ| ਜਿਨ੍ਹਾਂ ਲੋਕਾਂ ਨੇ ਸੋਨੇ ਵਿੱਚ ਪਿਛਲੇ ਇੱਕ-ਦੋ ਸਾਲ ਵਿੱਚ ਨਿਵੇਸ਼ ਕੀਤਾ ਹੈ ਉਹ ਖੂਬ ਚਾਂਦੀ ਬਟੋਰ ਰਹੇ ਹਨ| ਅਜਿਹੇ ਵਿੱਚ ਆਮ ਲੋਕਾਂ ਦੇ ਮਨ ਵਿੱਚ ਸਵਾਲ ਉੱਠ ਸਕਦਾ ਹੈ ਕਿ ਆਖਿਰ ਸੋਨੇ ਵਿੱਚ ਤੇਜੀ ਦਾ ਪ੍ਰਮੁੱਖ ਕਾਰਨ ਕੀ ਹੈ? ਕੋਰੋਨਾ ਦੇ ਸੰਕਟਕਾਲ ਵਿੱਚ ਜਦੋਂ ਕਈ ਮਹਿੰਗੀਆਂ ਵਸਤਾਂ ਦੀ ਮੰਗ ਘੱਟ ਰਹੀ ਹੈ ਤਾਂ ਅਖੀਰ ਸੋਨੇ ਵਿੱਚ ਰਿਕਾਰਡ ਤੇਜੀ ਕਿਉਂ ਆ ਰਹੀ ਹੈ? ਦਰਅਸਲ ਸੰਕਟਕਾਲ ਵਿੱਚ ਨਿਵੇਸ਼ ਲਈ ਸੋਨਾ ਸਭਤੋਂ ਸੁਰੱਖਿਅਤ ਵਿਕਲਪ ਸਾਬਿਤ ਹੁੰਦਾ ਹੈ| ਅਮਰੀਕਾ ਅਤੇ ਚੀਨ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਵਪਾਰ ਯੁੱਧ, ਭਾਰਤ-ਚੀਨ ਸਰਹੱਦ ਉੱਤੇ ਤਨਾਅ ਅਤੇ ਅਮਰੀਕਾ ਵਿੱਚ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਕਾਰਨ ਵਿਸ਼ਵ ਬਜ਼ਾਰ ਵਿੱਚ ਅਸਥਿਰਤਾ ਦਾ ਮਾਹੌਲ ਹੈ| ਇਸ ਦਰਮਿਆਨ ਕੋਰੋਨਾ ਦੇ ਕਹਿਰ ਨੇ ਅੱਗ ਵਿੱਚ ਘੀ ਦਾ ਕੰਮ ਕੀਤਾ ਹੈ| ਇਸ ਚੁਣੌਤੀ ਤੋਂ ਨਿਕਲਣ ਲਈ ਪ੍ਰਮੁੱਖ ਕੇਂਦਰੀ ਬੈਂਕ ਆਪਣੇ ਮੁਦਰਾ ਭੰਡਾਰ ਵਿੱਚ ਸੋਨੇ ਦੀ ਮਾਤਰਾ ਵਧਾ ਰਹੇ ਹਨ| ਇਸ ਨਾਲ ਸੋਨੇ ਦੀ ਚਾਲ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ| ਡਿੱਗਦੀਆਂ ਵਿਆਜ ਦਰਾਂ ਦੇ ਕਾਰਨ ਨਿਵੇਸ਼ਕ ਗੋਲਡ ਮਿਊਚੁਅਲ ਫੰਡ ਅਤੇ ਈਟੀਐਫ ਵਿੱਚ ਜੰਮ ਕੇ ਪੈਸਾ ਲਗਾ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਿਛਲੇ ਇੱਕ ਸਾਲ ਵਿੱਚ 45 ਫੀਸਦ ਤੋਂ ਵੱਧ ਦਾ ਰਿਟਰਨ ਮਿਲ ਚੁੱਕਿਆ ਹੈ| ਮੌਜੂਦਾ ਹਾਲਤ ਵਿੱਚ ਮਾਹਿਰ ਸੋਨੇ ਵਿੱਚ ਹੁਣੇ ਚੰਗੀ ਖਾਸੀ ਤੇਜੀ ਦੇਖ ਰਹੇ ਹਨ| ਅਗਲੇ ਇੱਕ ਸਾਲ ਵਿੱਚ ਇਸਦਾ ਮੁੱਲ 70,000 ਤੱਕ ਪੁੱਜਣ ਦਾ ਅਨੁਮਾਨ ਹੈ| ਇਸ ਵਿੱਚ ਦੋ ਰਾਏ ਨਹੀਂ ਕਿ ਲੰਮੀ ਮਿਆਦ ਦੇ ਨਿਵੇਸ਼ ਲਈ ਸੋਨਾ ਹਮੇਸ਼ਾ ਆਕਰਸ਼ਕ ਵਿਕਲਪ ਸਾਬਿਤ ਹੋਇਆ ਹੈ| ਕੋਈ ਮੌਜੂਦਾ ਪੱਧਰ ਤੇ ਛੋਟੀ ਮਿਆਦ ਲਈ ਇਹ ਸੋਚ ਕੇ ਨਿਵੇਸ਼ ਕਰੇ ਕਿ ਅੱਗੇ ਵੀ ਅਜਿਹਾ ਹੀ ਰਿਟਰਨ ਮਿਲੇਗਾ ਤਾਂ ਇਹ ਜੋਖਮ ਭਰਿਆ ਕਦਮ ਸਾਬਿਤ ਹੋ ਸਕਦਾ ਹੈ|
ਗਗਨ ਦੀਪ

Leave a Reply

Your email address will not be published. Required fields are marked *