ਸੋਲੇਸ਼ੀਅਨ ਕਮੇਟੀ ਦੀ ਮੀਟਿੰਗ ਵਿੱਚ ਸੜਕ ਹਾਦਸਿਆਂ ਦੇ ਮੁਆਵਜੇ ਦੇ ਕੇਸ ਪਾਸ ਹਾਦਸਾ ਪੀੜਤਾਂ ਨੂੰ ਮੁਆਵਜੇ ਦੀ ਰਕਮ ਵਧਾਈ ਜਾਵੇ : ਆਰ ਪੀ ਸ਼ਰਮਾ

ਐਸ. ਏ. ਐਸ. ਨਗਰ, 18 ਫਰਵਰੀ (ਸ.ਬ.) ਹਿੱਟ ਐਂਡ ਰਨ ਕੇਸਾਂ ਦੇ ਪੀੜਤਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਮੁਆਵਜਾ ਦੇਣ ਵਾਲੀ ਸੋਲੇਸ਼ਨ                       ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਐਸ. ਡੀ. ਐਮ. ਮੁਹਾਲੀ, ਐਸ. ਡੀ. ਐਮ. ਖਰੜ, ਐਸ. ਡੀ. ਐਮ.  ਡੇਰਾਬੱਸੀ, ਡੀ. ਟੀ. ਓ ਜਿਲਾ  ਮੁਹਾਲੀ, ਕੌਂਸਲਰ ਆਰ ਪੀ ਸ਼ਰਮਾ ਅਤੇ ਬੀਮਾ ਕੰਪਨੀ ਦੇ ਨੁਮਾਇੰਦੇ ਸ਼ਾਮਲ ਹੋਏ| ਇਸ ਮੀਟਿੰਗ ਵਿੱਚ ਹਿਟ ਐਂਡ ਰਨ ਹਾਦਸੇ ਵਿੱਚ ਸ਼ਿਕਾਰ ਹਰਪ੍ਰੀਤ ਸਿੰਘ ਦੀ ਨਾਨੀ ਹਰਬੰਸ ਕੌਰ ਵਸਨੀਕ ਖਿਜਰਾਬਾਦ, ਪੀੜਤ ਇੰਦਰਜੀਤ ਸਿੰਘ ਦੀ ਮਾਤਾ ਪਾਲ ਕੌਰ ਵਾਸੀ ਖਿਜਰਾਬਾਦ , ਪੀੜਤ ਲਵੇਸ਼ ਵਰਮਾ ਵਸਨੀਕ ਸੈਕਟਰ -56 ਮੁਹਾਲੀ ਵਲੋਂ ਖੁਦ ਲਈ ਅਪਲਾਈ ਕੀਤੇ ਮੁਆਵਜੇ ਦੇ ਕੇਸ ਅਤੇ ਇਕ ਹਾਦਸੇ ਵਿੱਚ ਮਾਰੇ ਗਏ ਗੁਲਸ਼ਨ ਕੁਮਾਰ ਦੀ ਪਤਨੀ ਸ਼ਸ਼ੀ ਬਾਲਾ ਵਸਨੀਕ ਖਰੜ ਵਲੋਂ ਪਾਏ ਗਏ ਮੁਆਵਜੇ ਦੇ ਕੇਸਾਂ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਇਹਨਾਂ ਕੇਸਾਂ ਨੂੰ ਪਾਸ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ|
ਇਸੇ ਦੌਰਾਨ ਪਿੰਡ ਮਜਾਤ ਦੀ ਰਣਜੀਤ ਕੌਰ ਨੇ ਆਪਣੇ ਪੁੱਤਰ ਰਜਣਜੋਤ ਸਿੰਘ ਸਬੰਧੀ ਮੁਆਵਜੇ ਦਾ ਦਾਅਵਾ ਵਾਪਸ ਲੈ ਲਿਆ| ਇਸ ਸੰਬੰਧੀ ਇਕ ਵੱਖਰੇ ਬਿਆਨ ਵਿੱਚ ਕੌਂਸਲਰ ਆਰ ਪੀ ਸ਼ਰਮਾ ਨੇ ਕਿਹਾ ਕਿ ਪੀੜਤਾਂ ਨੂੰ ਦਿੱਤੀ ਜਾਂਦੀ ਮੁਆਵਜੇ ਦੀ ਰਕਮ ਬਹੁਤ ਘੱਟ ਹੈ ਜਦੋਂ ਕਿ ਲੋਕਾਂ ਨੂੰ ਇਹ ਮੁਆਵਜਾ ਲੈਣ ਲਈ ਜਿਥੇ ਦੂਰ ਦੂਰ ਤੋਂ ਆਉਣਾ ਪੈਂਦਾ ਹੈ| ਉਥੇ ਵਾਰ ਵਾਰ ਲਗਾਏ ਜਾਣ ਵਾਲੇ ਚੱਕਰਾਂ ਕਾਰਨ ਉਹਨਾਂ ਦੀ ਖੱਜਲ ਖੁਆਰੀ ਵੀ ਵੱਧ ਜਾਂਦੀ ਹੈ| ਕਈ ਵਾਰ ਤਾਂ ਹਾਦਸੇ ਦੇ ਸ਼ਿਕਾਰ ਵਿਅਕਤੀ ਜਾਂ ਉਸਦੇ ਵਾਰਸਾਂ ਨੂੰ ਮੁਆਵਜਾ ਲੈਣ ਲਈ ਦੂਜੇ ਰਾਜਾਂ ਤੋਂ ਇਥੇ ਆਉਣਾ ਪੈਂਦਾ ਹੈ|
ਇਸ ਤਰ੍ਹਾਂ ਉਹਨਾਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ ਅਤੇ ਖਰਚਾ ਵੀ ਕਾਫੀ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਮੁਆਵਜੇ ਦੀ ਇਹ ਰਕਮ ਜ਼ਖਮੀ ਲਈ ਇਕ ਲੱਖ ਰੁਪਏ ਅਤੇ ਮੌਤ ਦੇ ਕੇਸ ਵਿੱਚ ਦੋ ਲੱਖ ਦਿੱਤੀ ਜਾਵੇ|
ਇਸ ਦੇ ਨਾਲ ਹੀ ਉਹਨਾਂ ਮੰਗ  ਕੀਤੀ ਕਿ ਮੁਆਵਜਾ ਜਾਰੀ ਕਰਨ ਦੀ ਇਸ ਪ੍ਰਕ੍ਰਿਆ ਨੂੰ ਸਰਲ ਕੀਤੀ                 ਜਾਵੇ| ਉਹਨਾਂ ਕਿਹਾ ਕਿ ਪੀੜਤਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਮੁਆਵਜਾ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਇਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਨੂੰ ਆਸਾਨ ਬਣਾਇਆ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *