ਸੋਸ਼ਲ ਮੀਡੀਆ ਉੱਪਰ ਸਿਆਸੀ ਪਾਰਟੀਆਂ ਦੀ ਵੱਧਦੀ ਨਿਰਭਰਤਾ

2019 ਦੀ ਸ਼ੁਰੂਆਤ ਹੋ ਗਈ ਹੈ ਅਤੇ ਮਈ ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਮੈਦਾਨ ਸਜਣਾ ਵੀ ਸ਼ੁਰੂ ਹੋ ਚੁੱਕਿਆ ਹੈ| ਇਸਦੇ ਨਾਲ ਹੀ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਪਣੇ ਹੱਕ ਵਿੱਚ ਅਤੇ ਵਿਰੋਧੀਆਂ ਦੇ ਖਿਲਾਫ ਕੀਤੇ ਜਾਣ ਵਾਲੇ ਪ੍ਰਚਾਰ ਲਈ ਸੋਸ਼ਲ ਮੀਡੀਆ ਤੇ ਨਿਰਭਰਤਾ ਵੀ ਬਹੁਤ ਜਿਆਦਾ ਵੱਧ ਗਈ ਹੈ ਅਤੇ ਸਾਰੀਆਂ ਪਾਰਟੀਆਂ ਵਲੋਂ ਰੋਜਾਨਾਂ ਨਵੇਂ ਨਵੇਂ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਿਰੋਧੀਆਂ ਦੇ ਖਿਲਾਫ ਪ੍ਰਚਾਰ ਦੀ ਧਾਰ ਵੀ ਤਿੱਖੀ ਕਰ ਦਿੱਤੀ ਗਈ ਹੈ|
ਚੋਣਾਂ ਵਿੱਚ ਭਾਵੇਂ ਹੁਣੇ ਪੰਜ ਮਹੀਨੇ ਦਾ ਸਮਾਂ ਬਾਕੀ ਹੈ ਪਰੰਤੂ ਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਬਾਕਾਇਦਾ ਸੋਚੀ ਸਮਝੀ ਰਣਨੀਤੀ ਦੇ ਤਹਿਤ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਖਿਲਾਫ ਝੂਠੀਆਂ ਸੱਚੀਆਂ ਟਿੱਪਣੀਆਂ ਅਤੇ ਗੁੰਮਰਾਹਕੁੰਨ ਖਬਰਾਂ ਦਾ ਪਸਾਰ ਕੀਤਾ ਜਾ ਰਿਹਾ ਹੈ| ਇੱਕ ਦੂਜੇ ਦਾ ਅਕਸ ਖਰਾਬ ਕਰਨ ਦੀ ਇਹ ਕਾਰਵਾਈ ਪੂਰੇ ਜੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ ਅਤੇ ਸੋਸ਼ਲ ਨੈਟਵਰਕਿੰਗ ਸਾਈਟਾਂ ਤੇ ਸਿਆਸੀ ਪਾਰਟੀਆਂ ਦੇ ਕਥਿਤ ਸਮਰਥਕਾਂ ਵਲੋਂ ਕੀਤਾ ਜਾ ਰਿਹਾ ਪ੍ਰਚਾਰ ਹੀ ਵੱਧ ਦਿਖਦਾ ਹੈ|
ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਗਈ ਸੀ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਚੋਣ ਪ੍ਰਚਾਰ ਦੌਰਾਨ ਸ਼ੋਸ਼ਲ ਮੀਡੀਆਂ ਦੀ ਸਭ ਤੋਂ ਜਿਆਦਾ ਵਰਤੋਂ ਦੀ ਸ਼ੁਰੂਆਤ 2014 ਵਿੱਚ ਹੀ ਹੋਈ ਸੀ| ਉਸ ਵੇਲੇ ਜਿੱਥੇ ਭਾਜਪਾ ਵਲੋਂ ਆਪਣੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਦੇ ਅਕਸ ਨੂੰ ਉਭਾਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ ਸੀ ਉੱਥੇ ਭਾਜਪਾ ਨੇ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਦਾ ਮਜਾਕ ਉੜਾਉਣ ਲਈ ਵੀ ਸੋਸ਼ਲ ਮੀਡੀਆ ਨੂੰ ਹੀ ਹਥਿਆਰ ਬਣਾਇਆ ਸੀ|
ਉਸ ਤੋਂ ਬਾਅਦ ਤੋਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਵੱਧ ਅਹਿਮੀਅਤ ਦਿੱਤੀ ਜਾਣ ਲੱਗ ਪਈ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾਣ ਵਾਲੇ ਇਸ ਪ੍ਰਚਾਰ (ਅਤੇ ਵਿਰੋਧੀਆਂ ਬਾਰੇ ਕੀਤੇ ਜਾਣ ਵਾਲੇ ਮਾੜੇ ਪ੍ਰਚਾਰ) ਉੱਤੇ ਨਾ ਤਾਂ ਕੋਈ ਬੰਦਿਸ਼ ਲਾਗੂ ਹੈ ਅਤੇ ਨਾ ਹੀ ਇਸ ਉੱਪਰ ਕੋਈ ਨਿਯਮ ਹੀ ਲਾਗੂ ਹੁੰਦਾ ਹੈ| ਇਹ ਵੀ ਕਿਹਾ ਜਾ ਸਕਦਾ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਸੋਸ਼ਲ ਮੀਡੀਆ ਉੱਪਰ ਆਪਣੇ ਸਿਆਸੀ ਵਿਰੋਧੀਆਂ ਨੂੰ ਗਲਤ ਅਤੇ ਖੁਦ ਨੂੰ ਠੀਕ ਸਾਬਿਤ ਕਰਨ ਲਈ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਝੂਠੇ ਸੱਚੇ ਤੱਥ ਜਾਰੀ ਕਰਕੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਜਾਰੀ ਹੈ|
ਇਸ ਦੌੜ ਵਿੱਚ ਸਾਰੀਆਂ ਹੀ ਪਾਰਟੀਆਂ ਸ਼ਾਮਿਲ ਹਨ ਅਤੇ ਇਹ ਸਾਰੇ ਹੀ ਆਪਣੇ ਆਪਣੇ ਢੰਗ ਨਾਲ ਆਪਣੇ ਹੱਕ ਵਿੱਚ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ| ਜਿਵੇਂ ਜਿਵੇਂ ਲੋਸਕਸਭਾ ਚੋਣਾਂ ਦਾ ਸਮਾਂ ਨੇੜੇ ਆਉਣਾ ਹੈ ਸੋਸ਼ਲ ਮੀਡੀਆ ਤੇ ਕੀਤੇ ਜਾਣ ਵਾਲੇ ਇਸ ਪ੍ਰਚਾਰ ਨੇ ਹੋਰ ਵੀ ਜੋਰ ਫੜਣਾ ਹੈ| ਚੋਣਾਂ ਦੌਰਾਨ ਸੋਸ਼ਲ ਮੀਡੀਆ ਤੇ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਨਾਲ ਨਾਲ ਉਹਨਾਂ ਦੇ ਆਗੂਆਂ ਦੀ ਨਿੱਜੀ ਸਰਗਰਮੀਆਂ ਅਤੇ ਪ੍ਰਚਾਰ ਦਾ ਅਮਲ ਵੀ ਜੋਰ ਫੜ ਜਾਂਦਾ ਹੈ ਅਤੇ ਸਾਰੇ ਹੀ ਸਿਆਸੀ ਆਗੂਆਂ ਵਲੋਂ ਅਜਿਹੇ ਬੰਦੇ ਨਿਯੁਕਤ ਕੀਤੇ ਜਾਂਦੇ ਹਨ, ਜੋ ਉਹਨਾਂ ਦੀਆਂ ਸਰਗਰਮੀਆਂ ਨੂੰ (ਤਸਵੀਰਾਂ ਸਮੇਤ) ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਨ| ਇਸਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਉਪਰ ਵੱਖ ਵੱਖ ਵਿਅਕਤੀਆਂ ਵਿਚਾਲੇ ਬਹਿਸ ਵੀ ਹੁੰਦੀ ਹੈ ਜਿਹੜੀ ਛੇਤੀ ਹੀ ਗੱਲਬਾਤ ਦੇ ਪੱਧਰ ਤੋਂ ਵੱਧ ਕੇ ਧਮਕੀਆਂ ਦੇਣ ਤੱਕ ਚਲੀ ਜਾਂਦੀ ਹੈ| ਇਸ ਦੌਰਾਨ ਹਰ ਰਾਜਸੀ ਪਾਰਟੀ ਦਾ ਸਮਰਥਕ ਆਪਣੀ ਪਾਰਟੀ ਨੂੰ ਠੀਕ ਦੱਸਦਿਆਂ ਦੂਜਿਆ ਦੀ ਨਿੰਦਾ ਕਰਦਾ ਹੈ|
ਸਿਆਸੀ ਪਾਰਟੀਆਂ ਦੀ ਸੋਸ਼ਲ ਮੀਡੀਆ ਤੇ ਨਿਰਭਰਤਾ ਇਸ ਹੱਦ ਤੱਕ ਵੱਧ ਗਈ ਹੈ ਕਿ ਇਹ ਹੁਣ ਸਿਆਸੀ ਪਾਰਟੀਆਂ ਦੀ ਲੜਾਈ ਦਾ ਅਖਾੜਾ ਬਣ ਗਿਆ ਹੈ| ਜਿਵੇਂ ਜਿਵੇਂ ਦੇਸ਼ ਵਾਸੀਆਂ ਦੀ ਸੋਸ਼ਲ ਮੀਡੀਆ ਤੇ ਸਰਗਰਮੀ ਵੱਧ ਰਹੀ ਹੈ ਇਹਨਾਂ ਸਿਆਸੀ ਪਾਰਟੀਆਂ ਦੀ ਇਸ ਤੇ ਨਿਰਭਰਤਾ ਵੀ ਲਗਾਤਾਰ ਵੱਧ ਰਹੀ ਹੈ| ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਸੋਸ਼ਲ ਮੀਡੀਆ ਉਪਰ ਆਪਣੇ ਪੱਖ ਵਿਚ ਲਹਿਰ ਚਲਾਉਣ ਵਿੱਚ ਕਾਮਯਾਬ ਰਹੀਆਂ ਸਨ ਪਰੰਤੂ ਹੁਣ ਮੁਕਾਬਲਾ ਕਾਫੀ ਸਖਤ ਹੋਣਾ ਹੈ ਅਤੇ ਵੇਖਣਾ ਇਹ ਹੈ ਕਿ ਸੋਸ਼ਲ ਮੀਡੀਆ ਤੇ ਚਲਣ ਵਾਲੀ ਇਹ ਸਿਆਸੀ ਜੰਗ ਚੋਣਾਂ ਮੌਕੇ ਕੀ ਅਸਰ ਵਿਖਾਉਂਦੀ ਹੈ|

Leave a Reply

Your email address will not be published. Required fields are marked *