ਸੋਸ਼ਲ ਮੀਡੀਆ ਤੇ ਫੈਲਦੀਆਂ ਅਫਵਾਹਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਜਰੂਰੀ

ਸ਼ੋਸ਼ਲ ਮੀਡੀਆ ਇਸ ਵੇਲੇ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਮੁੱਖ ਜਰੀਆ ਬਣ ਗਿਆ ਹੈ ਪਰ ਸ਼ੋਸ਼ਲ ਮੀਡੀਆ ਦੀ ਵਰਤੋਂ ਅਫਵਾਹਾਂ ਫੈਲਾਉਣ ਲਈ ਵੀ ਹੋ ਰਹੀ ਹੈ| ਅਜਿਹਾ ਨਹੀਂ ਹੈ ਕਿ ਸ਼ੋਸ਼ਲ ਮੀਡੀਆ ਦੀ ਹੋਂਦ ਤੋਂ ਪਹਿਲਾਂ ਅਫਵਾਹਾਂ ਨਹੀਂ ਫੈਲਦੀਆਂ ਸੀ, ਬਲਕਿ ਉਸ ਵੇਲੇ ਵੀ ਅਫਵਾਹਾਂ ਫੈਲਦੀਆਂ ਸਨ ਪਰ ਉਸ ਸਮੇਂ ਮੋਬਾਇਲ ਆਦਿ ਨਾ ਹੋਣ ਕਰਕੇ ਅਫਵਾਹਾਂ ਦੇ ਫੈਲਣ ਦੀ ਰਫਤਾਰ ਕਾਫੀ ਘੱਟ ਹੁੰਦੀ ਸੀ ਪਰ ਹੁਣ ਤਾਂ ਸ਼ੋਸ਼ਲ ਮੀਡੀਆ ਨਾਲ ਹਰ ਅਫਵਾਹ ਪੈਦਾ ਹੁੰਦੇ ਹੀ ਪੂਰੀ ਦੁਨੀਆਂ ਵਿਚ ਫੈਲ ਜਾਂਦੀ ਹੈ|
ਪਿਛਲੇ ਸਾਲਾਂ ਦੌਰਾਨ ਖੂਹ ਪੁੱਟਦੇ ਸਮੇਂ ਅਤੇ ਖੇਤਾਂ ਵਿੱਚ ਡੂੰਘਾ ਬੋਰ ਕਰਦੇ ਸਮੇਂ ਧਰਤੀ ਹੇਠੋਂ ਗਿਠਮੁਠੀਏ ਨਿਕਲਣ ਦੀਆਂ ਅਫਵਾਹਾਂ ਬਹੁਤ ਫੈਲਦੀਆਂ ਸਨ| ਜੇਕਰ ਪੁਰਾਣੇ ਸਮੇਂ ਦੌਰਾਨ ਫੈਲੀਆਂ ਵੱਡੀਆਂ ਅਫਵਾਹਾਂ ਦੀ ਗੱਲ ਕਰੀਏ ਤਾਂ ਕਰੀਬ 30 ਕੁ ਸਾਲ ਪਹਿਲਾਂ ਬਠਿੰਡਾ ਅਤੇ ਮੁਕਤਸਰ ਜਿਲਿਆਂ ਵਿੱਚ ਇਹ ਅਫਵਾਹ ਫੈਲੀ ਸੀ ਕਿ ਮਾਝੇ ਦੇ ਕਿਸੇ ਪਿੰਡ ਵਿੱਚ ਖੂਹ ਪੁੱਟਿਆ ਜਾ ਰਿਹਾ ਸੀ ਤਾਂ ਧਰਤੀ ਹੇਠੋਂ ਪਾਣੀ ਦੇ ਨਾਲ ਹੀ ਗਿਠਮੁਠੀਏ ਵੀ ਨਿਕਲ ਆਏ ਸਨ| ਜਦੋਂ ਕੁੱਝ ਲੋਕਾਂ ਵਲੋਂ ਮਾਝੇ ਦੇ ਪਿੰਡਾਂ ਵਿੱਚ ਜਾ ਕੇ ਇਸ ਅਫਵਾਹ ਦੀ ਅਸਲੀਅਤ ਦਾ ਪਤਾ ਲਗਾਉਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਬਠਿੰਡਾ ਦੇ ਕਿਸੇ ਪਿੰਡ ਬਾਰੇ ਉਹੀ ਅਫਵਾਹ ਫੈਲੀ ਹੋਈ ਸੀ ਅਤੇ ਇਹ ਸਿਰਫ ਅਫਵਾਹ ਹੀ ਸੀ| ਅਸਲੀਅਤ ਵਿੱਚ ਅਜਿਹਾ ਕੁਝ ਵੀ ਨਹੀਂ ਹੋਇਆ ਸੀ| ਇਸੇ ਤਰ੍ਹਾਂ ਦਸ ਕੁ ਸਾਲ ਪਹਿਲਾਂ ਬੈਂਕ ਆਫ ਪੰਜਾਬ ਦੇ ਫੇਲ੍ਹ ਹੋਣ ਤੇ ਬੰਦ ਹੋਣ ਦੀ ਅਫਵਾਹ ਵੀ ਫੈਲ ਗਈ ਸੀ ਅਤੇ ਲੋਕਾਂ ਨੇ ਉਸੇ ਦਿਨ ਬੈਕਾਂ ਅੱਗੇ ਲਾਈਨਾਂ ਵਿੱਚ ਲੱਗ ਕੇ ਆਪਣੇ ਪੈਸੇ ਕਢਵਾ ਲਏ ਸਨ| ਹਾਲਾਂਕਿ ਇਹ ਬੈਂਕ ਕਾਫੀ ਸਮਾਂ ਤਕ ਚਲਦਾ ਰਿਹਾ ਸੀ ਅਤੇ ਬਾਅਦ ਵਿੱਚ ਇਸਦਾ ਕਿਸੇ ਹੋਰ ਬੈਂਕ ਨਾਲ ਰਲੇਵਾਂ ਹੋ ਗਿਆ ਸੀ| ਪਿੰਡਾਂ ਵਿੱਚ ਹੁਣੇ ਵੀ ਅਜਿਹੀਆਂ ਔਰਤਾਂ ਹੁੰਦੀਆਂ ਹਨ ਜੋ ਕਿ ਕਿਸੇ ਵੀ ਮੁੰਡੇ ਕੁੜੀ ਨੂੰ ਗੱਲ ਕਰਦਿਆਂ ਦੇਖ ਕੇ ਖੰਭਾ ਦੀਆਂ ਡਾਰਾਂ ਬਣਾ ਦਿੰਦੀਆਂ ਹਨ ਅਤੇ ਅਜਿਹੀਆਂ ਅਫਵਾਹਾਂ ਕਾਰਨ ਪਿੰਡਾਂ ਵਿੱਚ ਕਈ ਵਾਰ ਕਤਲ ਕਰਨ ਤੱਕ ਗੱਲ ਪਹੁੰਚ ਜਾਂਦੀ ਹੈ|
ਕੁਝ ਮਹੀਨੇ ਪਹਿਲਾਂ ਪੰਜਾਬ ਦੇ ਇੱਕ ਪਿੰਡ ਦੇ ਬਾਹਰਵਾਰ ਲੱਗੇ ਇਕ ਨਲਕੇ ਬਾਰੇ ਅਫਵਾਹ ਫੈਲ ਗਈ ਸੀ ਕਿ ਇਸ ਨਲਕੇ ਦਾ ਪਾਣੀ ਪੀਣ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਇਹ ਅਫਵਾਹ ਫੈਲਣ ਤੋਂ ਬਾਅਦ ਉਸ ਨਲਕੇ ਦਾ ਪਾਣੀ ਪੀਣ ਤੇ ਲੈਣ ਲਈ ਬਹੁਤ ਵੱਡੀ ਭੀੜ ਜਮਾਂ ਹੋਣ ਲੱਗ ਪਈ ਸੀ ਜਿਸ ਤੋਂ ਦੁਖੀ ਹੋ ਕੇ ਉਸ ਪਿੰਡ ਦੀ ਪੰਚਾਇਤ ਨੇ ਉਸ ਨਲਕੇ ਦੀ ਹੱਥੀ ਹੀ ਉਤਾਰ ਕੇ ਰੱਖ ਲਈ ਸੀ| ਅਜਿਹੇ ਚਮਤਕਾਰੀ ਨਲਕਿਆਂ ਬਾਰੇ ਪਹਿਲਾਂ ਵੀ ਕਈ ਵਾਰ ਅਫਵਾਹਾਂ ਫੈਲਦੀਆਂ ਰਹੀਆਂ ਹਨ ਅਤੇ ਹੁਣ ਸ਼ੋਸ਼ਲ ਮੀਡੀਆ ਕਾਰਨ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਬਹੁਤ ਤੇਜੀ ਨਾਲ ਫੈਲਣ ਲੱਗੀਆਂ ਹਨ|
ਅੱਜਕੱਲ ਸ਼ੋਸ਼ਲ ਮੀਡੀਆ ਤੇ ਰੋਜਾਨਾ ਹੀ ਕੋਈ ਨਾ ਕੋਈ ਅਫਵਾਹ ਫੈਲ ਜਾਂਦੀ ਹੈ ਜਿਹੜੀ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ| ਕਦੇ ਕਦੇ ਤਾਂ ਕਿਸੇ ਵੱਡੇ ਆਦਮੀ, ਕਲਾਕਾਰ, ਨੇਤਾ, ਮੰਤਰੀ ਜਾਂ ਅਫਸਰ ਦੇ ਮਰਨ ਦੀ ਵ ਅਫਵਾਹ ਫੈਲਾ ਦਿੱਤੀ ਜਾਂਦੀ ਹੈ ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੋਇਆ ਹੁੰਦਾ| ਅਫਵਾਹਾਂ ਫੈਲਾਉਣ ਵਿੱਚ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਪਿਛੇ ਨਹੀਂ ਰਹਿੰਦੇ ਅਤੇ ਅਕਸਰ ਸਕੂਲ ਕਾਲਜ ਵਿੱਚ ਕਿਸੇ ਅਧਿਆਪਕ ਦੇ ਨਾ ਆਉਣ ਤੇ ਵਿਦਿਆਰਥੀ ਉਸ ਅਧਿਆਪਕ ਬਾਰੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦਿੰਦੇ ਹਨ|
ਕੁਝ ਦਿਨ ਪਹਿਲਾਂ ਜਦੋਂ ਅਸਮਾਨ ਵਿੱਚ ਮਿੱਟੀ ਤੇ ਧੂੜ ਛਾਈ ਹੋਈ ਸੀ ਤਾਂ ਕੁਝ ਸਿਰਫਿਰੇ ਲੋਕਾਂ ਨੇ ਇਸ ਬਾਰੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਦਾ ਯਤਨ ਕੀਤਾ| ਕੋਈ ਇਸ ਮਿੱਟੀ ਨੂੰ ਪਰਲੋ ਆਉਣ ਦੀ ਸ਼ੁਰੂਆਤ ਦੱਸ ਰਿਹਾ ਸੀ ਤੇ ਕੋਈ ਇਸਨੂੰ ਰੱਬ ਦੀ ਕਰੋਪੀ ਦੱਸ ਰਿਹਾ ਸੀ| ਕੁਝ ਲੋਕ ਇਹ ਅਫਵਾਹ ਫੈਲਾ ਰਹੇ ਸੀ ਕਿ ਰਾਜਸਥਾਨ ਨੇ ਜਾਣਬੁੱਝ ਕੇ ਆਪਣਾ ਰੇਤਾ ਹਨੇਰੀ ਵਿੱਚ ਉਡਾ ਕੇ ਪੰਜਾਬ ਵੱਲ ਭੇਜ ਦਿਤਾ ਹੈ| ਅਜਿਹੀਆਂ ਅਫਵਾਹਾਂ ਦਾ ਭਾਵੇਂ ਕੋਈ ਸਿਰ ਪੈਰ ਨਹੀਂ ਹੁੰਦਾ ਪਰ ਇਸਦੇ ਬਾਵਜੂਦ ਇਹ ਅਫਵਾਹਾਂ ਬਹੁਤ ਤੇਜੀ ਨਾਲ ਫੈਲਦੀਆਂ ਹਨ|
ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਨੂੰ ਸਿਰਫਿਰੇ ਹੀ ਕਿਹਾ ਜਾ ਸਕਦਾ ਹੈ ਜਿਹਨਾਂ ਨੂੰ ਇਸ ਤਰੀਕੇ ਨਾਲ ਅਫਵਾਹਾਂ ਫੈਲਾ ਕੇ ਪਤਾ ਨਹੀਂ ਕਿਹੜਾ ਸਕੂਨ ਹਾਸਿਲ ਹੁੰਦਾ ਹੈ| ਅਫਵਾਹਾਂ ਫੈਲਾਉਣ ਦੀ ਇਸ ਕਾਰਵਾਈ ਨੂੰ ਸਰਕਾਰ ਵਲੋਂ ਅਣਗੌਲਿਆ ਕੀਤੇ ਜਾਣ ਕਾਰਨ ਅਤੇ ਅਜਿਹੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਕਾਰਵਾਈ ਹੋਰ ਵੀ ਵੱਧਦੀ ਹੈ| ਇਸ ਸੰਬੰਧੀ ਜਿੱਥੇ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਉੱਥੇ ਸਰਕਾਰ ਨੂੰ ਵੀ ਇਸ ਸੰਬੰਧੀ ਸਖਤ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਇਹਨਾਂ ਅਫਵਾਹਾਂ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *