ਸੋਹਣ ਸਿੰਘ ਨੂੰ ਟਾਊਨ ਵੈਂਡਿੰਗ ਕਮੇਟੀ ਦਾ ਮੁੜ ਮੈਂਬਰ ਬਣਾਉਣ ਲਈ ਕੌਂਸਲਰਾਂ ਦਾ ਵਫਦ ਮੇਅਰ ਨੂੰ ਮਿਲਿਆ

ਐਸ ਏ ਐਸ ਨਗਰ, 22 ਮਾਰਚ (ਸ.ਬ.) ਰੇਹੜੀ ਫੜੀ ਮੰਡੀ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਵਫਦ ਨੇ ਅੱਜ ਨਿਗਮ ਦੇ ਅਕਾਲੀ ਭਾਜਪਾ ਗਠਜੋੜ ਨਾਲ ਸੰਬੰਧਿਤ ਕੌਂਸਲਰਾਂ ਸਰਵਸ਼੍ਰੀ ਅਰੁਣ ਸ਼ਰਮਾ, ਆਰ ਪੀ ਸ਼ਰਮਾ, ਗੁਰਮੁਖ ਸਿੰਘ ਸੋਹਲ, ਅਸ਼ੋਕ ਝਾਅ, ਸੈਬੀ ਆਨੰਦ ਅਤੇ ਸ੍ਰੀਮਤੀ ਪ੍ਰਕਾਸ਼ਵਤੀ ਦੀ ਅਗਵਾਈ ਹੇਠ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਪਿਛਲੇ ਸਾਲ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਟਾਊਨ ਵੈਂਡਿੰਗ ਕਮੇਟੀ ਦੇ ਹਟਾਏ ਗਏ ਮੈਂਬਰ ਸ੍ਰ. ਸੋਹਣ ਸਿੰਘ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਵੇ|
ਇਸ ਬਾਰੇ ਜਾਣਕਾਰੀ ਦਿੰਦਿਆਂ ਉਕਤ ਕੌਂਸਲਰਾਂ ਨੇ ਵਫਦ ਵਲੋਂ ਮੇਅਰ ਨੂੰ ਦੱਸਿਆ ਗਿਆ ਕਿ ਸ੍ਰ. ਸੋਹਣ ਸਿੰਘ (ਜੋ ਕਿ ਰੇਹੜੀ ਫੜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਨ) ਦੇ ਖਿਲਾਫ ਕੁੱਝ ਭਾਜਪਾ ਵਿਰੋਧੀ ਵਿਅਕਤੀਆਂ (ਜਿਹੜੇ ਮੰਡੀ ਦੇ ਹੀ ਦੁਕਾਨਦਾਰ ਹਨ) ਵਲੋਂ ਸਥਾਨਕ ਪੁਲੀਸ ਨੂੰ ਕੁੱਝ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਜਿਸਦੇ ਆਧਾਰ ਤੇ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾ ਕੇ ਉਹਨਾਂ ਦੀ ਟਾਊਨ ਵੈਂਡਿੰਗ ਕਮੇਟੀ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ| ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਦੀ ਜਾਂਚ ਵਿੱਚ ਇਹ ਸਾਰੀਆਂ ਸ਼ਿਕਾਇਤਾਂ ਝੂਠੀਆਂ ਸਾਬਿਤ ਹੋਈਆਂ ਸੀ ਅਤੇ ਪੁਲੀਸ ਵਲੋਂ ਸ੍ਰ. ਸੋਹਣ ਸਿੰਘ ਨੂੰ ਬੇਕਸੂਰ ਦੱਸਿਆ ਗਿਆ ਸੀ| ਇਸ ਮੌਕੇ ਵਫਦ ਦੇ ਨਾਲ ਗਏ ਸ੍ਰ. ਸੋਹਣ ਸਿੰਘ ਨੇ ਮੇਅਰ ਨੂੰ ਦੱਸਿਆ ਕਿ ਨਗਰ ਨਿਗਮ ਵਲੋਂ ਉਹਨਾਂ ਦੇ ਖਿਲਾਫ ਆਈਆਂ ਝੂਠੀਆਂ ਸ਼ਿਕਾਇਤਾਂ ਬਾਰੇ ਨਿਗਮ ਵਲੋਂ ਉਹਨਾਂ ਤੋਂ ਕੋਈ ਸਪਸ਼ਟੀਕਰਨ ਤੱਕ ਨਹੀਂ ਮੰਗਿਆ ਗਿਆ ਅਤੇ ਉਹਨਾਂ ਨੂੰ ਸਜਾ ਦੇ ਦਿੱਤੀ ਗਈ| ਉਹਨਾਂ ਕਿਹਾ ਕਿ ਸ਼ਿਕਾਇਤ ਕਰਤਾ ਦੋ ਦੁਕਾਨਦਾਰਾਂ ਨੇ ਸ੍ਰ. ਸੋਹਣ ਸਿੰਘ ਖਿਲਾਫ ਪੁਲੀਸ ਕੋਲ ਕੀਤੀਆਂ ਸ਼ਿਕਾਇਤਾਂ ਦੀ ਜਾਂਚ ਐਸ ਪੀ ਸਿਟੀ, ਡੀ ਐਸ ਪੀ ਸਿਟੀ 1 ਅਤੇ ਡੀ ਐਸ ਪੀ ਸਿਟੀ 2 ਵਲੋਂ ਕੀਤੀ ਗਈ ਸੀ ਅਤੇ ਉਹਨਾਂ ਨੇ ਸ੍ਰ. ਸੋਹਣ ਸਿੰਘ ਨੂੰ ਬੇਕਸੂਰ ਕਰਾਰ ਦਿੱਤਾ ਸੀ| ਉਹਨਾਂ ਕਿਹਾ ਕਿ ਜਿਹੜੇ ਦੋ ਦੁਕਾਨਦਾਰਾਂ ਨੇ ਸ੍ਰ. ਸੋਹਣ ਸਿੰਘ ਦੀਆਂ ਸਿਕਾਇਤਾਂ ਕੀਤੀਆਂ ਸਨ ਉਹਨਾਂ ਨੇ ਨਿਜੀ ਖੁੰਦਕ ਵਿੱਚ ਇਹ ਸ਼ਿਕਾਇਤਾਂ ਕੀਤੀਆਂ ਸਨ| ਉਹਨਾਂ ਨਗਰ ਨਿਗਮ ਦੇ ਮੇਅਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਸ੍ਰ. ਸੋਹਣ ਸਿੰਘ ਉਪਰ ਪੂਰਾ ਭਰੋਸਾ ਹੈ ਇਸ ਲਈ ਸ੍ਰ. ਸੋਹਣ ਸਿੰਘ ਨੂੰ ਟਾਊਨ ਵੈਡਿੰਗ ਕਮੇਟੀ ਵਿੱਚ ਮੁੜ ਸ਼ਾਮਲ ਕੀਤਾ ਜਾਵੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਰਬਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਬਾਰੇ ਬਣਾਈ ਟਾਊਨ ਵੈਡਿੰਗ ਕਮੇਟੀ ਵਿੱਚ ਰੇਹੜੀ ਫੜੀ ਵਾਲਿਆਂ ਦੀ ਨੁੰਮਾਇੰਦਗੀ ਕਰਨ ਵਾਸਤੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਸੋਹਣ ਸਿੰਘ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਸੀ ਜਿਹਨਾਂ ਵਲੋਂ ਇਸ ਕਮੇਟੀ ਵਿੱਚ ਆਪਣੀਆਂ ਜਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾ ਰਿਹਾ ਸੀ ਅਤੇ ਉਹਨਾਂ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਣੀ ਚਾਹੀਦੀ ਹੈ| ਉਹਨਾਂ ਦੱਸਿਆ ਕਿ ਮੇਅਰ ਸ੍ਰ. ਕੁਲਵੰਤ ਸਿੰਘ ਨੇ ਵਫਦ ਨੰ ਭਰੋਸਾ ਦਿੱਤਾ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਸ੍ਰੀ ਨਰਿੰਦਰ ਰਾਣਾ, ਜਤਿੰਦਰ ਗੋਇਲ, ਅਨਿਲ ਕੁਮਾਰ ਗੁੱਡੂ, ਉਮਾਕਾਂਤ ਤਿਵਾੜੀ ਅਤੇ ਰਮੇਸ਼ ਵਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *