ਸੋਹਾਣਾ ਦੀ ਵਸਨੀਕ ਰਵਿੰਦਰਪ੍ਰੀਤ ਕੌਰ ਨੇ ਆਈ. ਏ. ਐਸ ਪ੍ਰੀਖਿਆ ਵਿੱਚ ਹਾਸਿਲ ਕੀਤਾ 398ਵਾਂ ਰੈਂਕ

ਐਸ. ਏ. ਐਸ ਨਗਰ, 28 ਅਪ੍ਰੈਲ (ਸ.ਬ.) ਯੂ.ਪੀ. ਐਸ. ਸੀ ਵੱਲੋਂ ਐਲਾਨੇ ਗਏ ਆਈ.ਏ.ਐਸ ਪ੍ਰੀਖਿਆ ਦੇ ਨਤੀਜੇ ਵਿੱਚ ਪਿੰਡ ਸੋਹਾਣਾ ਦੇ ਵਸਨੀਕ ਸ੍ਰ. ਗੁਰਮੀਤ ਸਿੰਘ ਅਤੇ ਸ੍ਰੀਮਤੀ ਸਤਵੰਤ ਕੌਰ ਦੀ ਪੁਤਰੀ ਰਵਿੰਦਰਪ੍ਰੀਤ ਕੌਰ ਨੇ 398ਵਾਂ ਰੈਂਕ ਹਾਸਿਲ ਕੀਤਾ ਹੈ| ਇਸਤੋਂ ਪਹਿਲਾਂ 2016 ਬੈਚ ਵਿੱਚ ਪੀ. ਸੀ. ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਰਵਿੰਦਰ ਕੌਰ ਦਸੱਦੀ ਹੈ ਕਿ ਉਸਦੇ ਵੱਡੇ ਭਰਾ ਅਤੇ ਆਈ.ਪੀ. ਐਸ ਅਧਿਕਾਰੀ ਵਲੋਂ ਕੀਤੀ ਗਈ ਹੌਂਸਲਾ ਅਫਜਾਈ ਅਤੇ ਪ੍ਰੇਰਨਾ ਸਦਕਾ ਉਸਨੇ ਆਈ. ਏ. ਐਸ ਦੀ ਪ੍ਰੀਖਿਆ ਪਾਸ ਕੀਤੀ ਹੈ|
ਰਵਿੰਦਰਪ੍ਰੀਤ ਕੌਰ ਦੇ ਪਿਤਾ ਸ੍ਰ. ਗੁਰਮੀਤ ਸਿੰਘ ਡੀ ਜੀ ਪੀ ਪੰਜਾਬ ਦੇ ਪ੍ਰਾਈਵੇਟ ਸਕੱਤਰ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਜਦੋਂਕਿ ਉਹਨਾਂ ਦੇ ਮਾਤਾ ਸ੍ਰੀਮਤੀ ਸਤਵੰਤ ਕੌਰ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਸੈਕਟਰ 35 ਵਿੱਚ ਇੰਗਲਿਸ਼ ਅਤੇ ਸ਼ੋਸ਼ਲ ਸਟਡੀ ਟੀਚਰ ਸਨ| ਉਹਨਾਂ ਦੇ ਭਰਾ ਸ੍ਰ. ਗੁਰਿੰਦਰਪਾਲ ਸਿੰਘ ਆਈ. ਪੀ. ਐਸ ਹਨ ਜਿਹੜੇ ਇਸ ਵੇਲੇ ਕਸ਼ਮੀਰ ਵਿੱਚ ਤੈਨਾਤ ਹਨ|
ਪੱਤਰਕਾਰਾਂ ਨਾਲ ਗੱਲ ਕਰਦਿਆਂ ਰਵਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਪੀ. ਸੀ ਐਸ 2016 ਬੈਚ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਹਨਾਂ ਈ. ਟੀ. ਉ ਵਜੋਂ ਪੋਸਟਿੰਗ ਹੋ ਗਈ ਸੀ ਪਰੰਤੂ ਉਹਨਾਂ ਦੇ ਵੀਰ ਗੁਰਿੰਦਰਪਾਲ ਸਿੰਘ ਨੇ ਉਹਨਾਂ ਨੂੰ ਆਈ. ਏ. ਐਸ ਦੀ ਪ੍ਰੀਖਿਆ ਪਾਸ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਆਈ. ਏ. ਐਸ ਦੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਹੋਈ ਹੈ|
ਰਵਿੰਦਰਪ੍ਰੀਤ ਕੌਰ ਦੀ ਮਾਤਾ ਸ੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸਨ ਅਤੇ ਇਹਨਾਂ ਨੇ ਵਾਈ. ਪੀ. ਐਸ ਮੁਹਾਲੀ ਤੋਂ ਸਿਖਿਆ ਹਾਸਿਲ ਕੀਤੀ ਹੈ| ਰਵਿੰਦਰਪ੍ਰੀਤ ਕੌਰ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਮੋਹਰੀ ਰਹਿੰਦੀ ਆਈ ਹੈ| ਉਹ 2011 ਵਿੱਚ ਸਰਕਾਰੀ ਕਾਲੇਜ (ਕੁੜੀਆਂ) ਸੈਕਟਰ 11 ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੀ ਗੋਲਡ ਮੈਡਲ ਜੇਤੂ ਹੈ| ਉਹ ਪਿਛਲੇ ਸਮੇਂ ਦੌਰਾਨ ਕਰਵਾਈ ਗਈ ਰੁਕਾਵਟ ਦੌੜ ਡੇਵਿਲ ਸਰਕਟ 2017 ਦੀ ਵੀ ਜੇਤੂ ਹੈ| ਉਹ ਇਸ ਵੇਲੇ ਨੌਕਰੀ ਦੇ ਨਾਲ ਨਾਲ ਐਲ ਐਸ ਬੀ ਦੇ ਆਖਰੀ ਸਾਲ ਦੀ ਪ੍ਰੀਖਿਆ ਵੀ ਦੇ ਰਹੀ ਹੈ|
ਰਵਿੰਦਰਪ੍ਰੀਤ ਕੌਰ ਦੇ ਆਈ ਏ ਐਸ ਪ੍ਰੀਖਿਆ ਪਾਸ ਕਰਨ ਤੇ ਅੱਜ ਸਾਰਾ ਦਿਨ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਉਹਨਾਂ ਦੇ ਪੜੌਸੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ|

Leave a Reply

Your email address will not be published. Required fields are marked *