ਸੋਹਾਣਾ ਦੇ ਵਸਨੀਕਾਂ ਨੇ ਪਾਣੀ ਦੀ ਮਾੜੀ ਸਪਲਾਈ ਕਾਰਨ ਸਰਕਾਰ ਦੇ ਖਿਲਾਫ ਧਰਨਾ ਦਿੱਤਾ

ਸੋਹਾਣਾ ਦੇ ਵਸਨੀਕਾਂ ਨੇ ਪਾਣੀ ਦੀ ਮਾੜੀ ਸਪਲਾਈ ਕਾਰਨ ਸਰਕਾਰ ਦੇ ਖਿਲਾਫ ਧਰਨਾ ਦਿੱਤਾ
ਟਿਊਬਵੈਲ ਅਤੇ ਡਿਸਪੈਂਸਰੀ ਦੇ ਪਾਸ ਮਤਿਆਂ ਤੇ ਲੱਗੀ ਰੋਕ ਦੇ ਖਿਲਾਫ ਲਾਮਬੰਦ ਹੋਏ ਪਿੰਡ ਵਾਸੀ
ਐਸ ਏ ਐਸ ਨਗਰ, 15 ਜਨਵਰੀ (ਸ.ਬ.) ਪਿੰਡ ਸੋਹਾਣਾ ਦੇ ਵਸਨੀਕਾਂ ਨੇ ਅੱਜ ਮਿਉਂਸਪਲ ਕੌਂਸਲਰ ਸ੍ਰ. ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਿੰਡ ਦੀ ਪਾਣੀ ਦੀ ਟੈਂਕੀ ਦੇ ਨੇੜੇ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ| ਪਿੰਡ ਵਾਸੀਆਂ ਦਾ ਇਲਜਾਮ ਹੈ ਕਿ ਪਿੰਡ ਸੋਹਾਣਾ ਵਿੱਚ ਟਿਊਬਵੈਲ ਲਗਵਾਉਣ ਸਮੇਤ ਪਿੰਡ ਦੇ ਵਿਕਾਸ ਦੇ ਮਤਿਆਂ ਨੂੰ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਕਈ ਮਹੀਨਿਆਂ ਤੋਂ ਰੋਕ ਕੇ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ|
ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਡਾਇਰੈਕਟਰ ਸਥਾਨਕ ਸਰਕਾਰ ਦਾ ਦਫਤਰ ਮੁਹਾਲੀ ਨਗਰ ਨਿਗਮ ਦੀ ਚੁਣੀ ਹੋਈ ਨਿਗਮ ਦੇ ਨੁਮਾਇੰਦਿਆਂ ਨਾਲ ਧੱਕਾ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਸੋਹਾਣਾ ਦੇ ਦੋ ਅਹਿਮ ਮਤੇ ਪਾਸ ਕਰਕੇ ਭੇਜਿਆਂ ਨੂੰ ਕਈ ਮਹੀਨੇ ਹੋ ਗਏ ਹਨ ਪਰ ਡਾਇਰੈਕਟਰ ਸਥਾਨਕ ਸਰਕਾਰ ਵਲੋਂ ਇਨ੍ਹਾਂ ਬਾਰੇ ਟੈਂਡਰ ਕੱਢਣ ਲਈ ਜਰੂਰੀ ਸਹਿਮਤੀ ਨਹੀਂ ਭੇਜੀ ਜਾ ਰਹੀ ਜਿਸਦੇ ਵਿਰੋਧ ਵਿਚ ਪਿੰਡ ਵਾਸੀਆਂ ਨੂੰ ਅੱਜ ਧਰਨਾ ਦੇਣਾ ਪੈ ਰਿਹਾ ਹੈ| ਉਨ੍ਹਾਂ ਦੱਸਿਆ ਕਿ ਸੋਹਾਣਾ ਵਿੱਚ ਪਾਣੀ ਦੀ ਸਪਲਾਈ ਲਈ ਲੱਗਿਆ ਇਕ ਟਿਊਬਵੈਲ ਖਰਾਬ ਹੋ ਚੁੱਕਿਆ ਹੈ| ਇਸ ਸਬੰਧੀ ਲੋਕਾਂ ਨੂੰ ਲੋੜੀਂਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਉਨ੍ਹਾਂ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਕਹਿ ਕੇ 9 ਅਕਤੂਬਰ 2018 ਦੀ ਮੀਟਿੰਗ ਵਿੱਚ ਸੋਹਾਣਾ ਵਿੱਚ ਟਿਊਬਵੈਲ ਵਾਸਤੇ ਟੇਬਲ ਆਈਟਮ ਪਾਸ ਕਰਵਾਈ ਸੀ| ਇਸ ਨੂੰ ਚਾਰ ਮਹੀਨੇ ਬੀਤ ਗਏ ਹਨ ਪਰ ਡਾਇਰੈਕਟਰ ਸਥਾਨਕ ਸਰਕਾਰ ਨੇ ਇਸ ਉਤੇ ਕੋਈ ਮੰਜੂਰੀ ਨਹੀਂ ਭੇਜੀ|
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਲਗਭਗ ਡੇਢ ਸਾਲ ਪਹਿਲਾਂ ਸੋਹਾਣਾ ਦੀ ਡਿਸਪੈਂਸਰੀ ਦੀ ਨਰਕਮਈ ਹਾਲਤ ਵਿੱਚ ਸੁਧਾਰ ਲਈ ਇਸਦੀ ਮੁੜ ਉਸਾਰੀ ਦਾ ਮਤਾ 28 ਨਵੰਬਰ 2017 ਨੂੰ ਪਾਇਆ ਗਿਆ ਸੀ ਪਰ ਪਿਛਲੇ ਡੇਢ ਸਾਲ ਤੋਂ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੇ ਇਸਦੇ ਟੈਂਡਰ ਕੱਢਣ ਦੀ ਵੀ ਇਜਾਜਤ ਨਹੀਂ ਦਿੱਤੀ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੌਰੀ ਤੌਰ ਤੇ ਇਨ੍ਹਾਂ ਮਤਿਆਂ ਬਾਰੇ ਕਾਰਵਾਈ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ| ਧਰਨੇ ਵਿੱਚ ਇਲਾਕੇ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਜਰਨੈਲ ਸਿੰਘ, ਚਰਨਜੀਤ ਕੌਰ ਤੇ ਹੋਰ ਪਿੰਡ ਵਾਸੀ ਸ਼ਾਮਿਲ ਹੋਏ|
ਇਸ ਸੰਬੰਧੀ ਸੰਪਰਕ ਕਰਨ ਤੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਕਰੁਣੇਸ਼ ਸ਼ਰਮਾ ਨੇ ਕਿਹਾ ਕਿ ਉਹ ਹੁਣੇ ਬਾਹਰ ਹਨ ਅਤੇ ਇਸ ਸੰਬੰਧੀ ਉਹ ਹੁਣੇ ਕੋਈ ਗੱਲ ਨਹੀਂ ਕਰ ਸਕਦੇ|

Leave a Reply

Your email address will not be published. Required fields are marked *