ਸੋਹਾਣਾ ਪੁਲੀਸ ਨੇ 231 ਪੇਟੀਆਂ ਸ਼ਰਾਬ ਫੜੀ

ਐਸ ਏ ਐਸ ਨਗਰ, 8 ਦਸੰਬਰ (ਸ.ਬ.) ਪੰਚਾਇਤ ਚੋਣਾਂ ਦਾ ਰਸਮੀ ਐਲਾਨ ਹੋਣ ਦੇ ਨਾਲ ਹੀ ਪੁਲੀਸ ਵਲੋਂ ਨਾਜਾਇਜ ਸ਼ਰਾਬ ਦੀ ਫੜੋਫੜੀ ਦਾ ਕੰਮ ਤੇਜ ਕਰ ਦਿੱਤਾ ਗਿਆ ਹੈ| ਇਸ ਦੌਰਾਨ ਸੋਹਾਣਾ ਪੁਲੀਸ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 231 ਪੇਟੀਆਂ ਸਰਾਬ ਬਰਾਮਦ ਕੀਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਮਿਲਣ ਤੇ ਸੋਹਾਣਾ ਪੁਲੀਸ ਨੇ ਏਅਰਪੋਰਟ ਰੋਡ ਉਪਰ ਸੈਕਟਰ 81 ਵਿਖੇ ਨਾਕੇਬੰਦੀ ਦੌਰਾਨ ਚੰਡੀਗੜ੍ਹ ਵਲੋਂ ਆ ਰਹੇ ਇਕ ਟਰੱਕ ਨੂੰ ਕਾਬੂ ਕਰਕੇ ਉਸ ਵਿੱਚ ਲੱਦੀ ਹੋਈ 231ਪੇਟੀਆਂ (2772 ਬੋਤਲਾਂ) ਸ਼ਰਾਬ ਬਰਾਮਦ ਕੀਤੀ ਹੈ| ਇਹ ਸ਼ਰਾਬ ਰਾਜਧਾਨੀ, ਰਾਇਲ ਸਟੈਗ, ਆਫਿਸਰ ਸਟੈਗ ਸਮੇਤ ਚਾਰ ਕਿਸਮਾਂ ਦੀ ਹੈ|
ਸੰਪਰਕ ਕਰਨ ਤੇ ਜਾਂਚ ਅਧਿਕਾਰੀ ਏ ਐਸ ਆਈ ਨੈਬ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਹ ਸੂਚਨਾ ਮਿਲੀ ਸੀ ਕਿ ਅਨਿਲ ਸ਼ਰਮਾ, ਦੀਪਕ ਸ਼ਰਮਾ, ਸਨੀ, ਬੋਨੀ ਚੰਡੀਗੜ੍ਹ ਦੇ ਨਿਸ਼ਾਂਤ ਠੇਕੇ ਦੀ ਮਿਲੀਭੁਗਤ ਨਾਲ ਇਹ ਸ਼ਰਾਬ ਚੰਡੀਗੜ੍ਹ ਤੋਂ ਸਸਤੇ ਰੇਟ ਉਪਰ ਲੈ ਕੇ ਪੰਜਾਬ ਵਿੱਚ ਮਹਿੰਗੇ ਰੇਟ ਉਪਰ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਪਹਿਲਾਂ ਵੀ ਇਕ ਦੋ ਵਾਰੀ ਸ਼ਰਾਬ ਲੈ ਕੇ ਜਾ ਚੁੱਕੇ ਹਨ ਜਿਸਤੋਂ ਬਾਅਦ ਪੁਲੀਸ ਵਲੋਂ ਨਾਕੇਬੰਦੀ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ|
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਿਚੋਂ ਦੋ ਵਿਅਕਤੀ ਕਾਬੂ ਕਰ ਲਏ ਗਏ ਹਨ, ਜਦੋਂਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਹਨਾਂ ਦਾ ਪੁਲੀਸ ਰਿਮਾਂਡ ਲੈ ਕੇ ਪੁਛਗਿਛ ਕੀਤੀ ਜਾਵੇਗੀ|
ਇਸੇ ਦੌਰਾਨ ਸੋਹਾਣਾ ਪੁਲੀਸ ਨੇ ਇੱਕ ਵੱਖਰੇ ਮਾਮਲੇ ਵਿੱਚ ਲਖਨੌਰ ਟੀ ਪੁਆਇੰਟ ਉਪਰ ਨਾਕੇਬੰਦੀ ਦੌਰਾਨ ਐਕਟਿਵਾ ਉਪਰ ਜਾ ਰਹੇ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 12 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ| ਪੁਲੀਸ ਨੇ ਦੋਵਾਂ ਮਾਮਲਿਆਂ ਸਬੰਧੀ ਐਕਸਾਈਜ ਐਕਟ ਦੀ ਧਾਰਾ 61-1-14 ਅਧੀਨ ਵੱਖ ਵੱਖ ਮਾਮਲੇ ਦਰਜ ਕਰ ਲਏ ਹਨ|

Leave a Reply

Your email address will not be published. Required fields are marked *