ਸੋਹਾਣਾ ਵਿੱਚ ਨੌਜਵਾਨਾਂ ਦੇ ਹਮਲੇ ਵਿੱਚ ਇੱਕ ਜ਼ਖਮੀ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਵਿਖੇ ਲੱਖ ਦਾਤਾ ਪੀਰ ਲਾਲਾ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਉੱਪਰ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿੱਤਾ ਗਿਆ, ਉਹਨਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਜਸਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰ. ਜਸਵੰਤ ਸਿੰਘ ਰੋਜਾਨਾ ਵਾਂਗ ਲੱਖ ਦਾਤਾ ਪੀਰ ਲਾਲਾ ਵਾਲਾ ਦੀ ਮਜਾਰ ਉਪਰ ਮੱਥਾ ਟੇਕਣ ਆਏ ਸਨ| ਉਹਨਾਂ ਨਾਲ ਉਹਨਾਂ ਦੀ ਪਤਨੀ ਵੀ ਸੀ| ਜਦੋਂ ਉਹ ਮਜਾਰ ਉਪਰ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਸੋਹਾਣਾ ਦੇ ਵਸਨੀਕ ਨੌਜਵਾਨ ਲਾਲੀ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਅੱਜ ਜਾਣ ਨਹੀਂ ਦੇਣਾ, ਇਸਦੇ ਨਾਲ ਹੀ ਲਾਲੀ ਅਤੇ ਉਸਦੇ 10-12 ਸਾਥੀਆਂ ਵਲੋਂ ਉਸ ਉਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ|
ਉਹਨਾਂ ਦੱਸਿਆ ਕਿ ਹਮਲਾਵਰਾਂ ਵਲੋਂ ਜਸਵੰਤ ਸਿੰਘ ਦੇ ਸਿਰ ਉਪਰ ਕਿਰਪਾਨ ਨਾਲ ਵਾਰ ਕੀਤਾ ਗਿਆ| ਉਹ ਆਪਣਾ ਸਿਰ ਤਾਂ ਬਚਾ ਗਏ ਪਰ ਕਿਰਪਾਨ ਉਹਨਾਂ ਦੇ ਨੱਕ ਉਪਰ ਜਾ ਵੱਜੀ| ਇਹ ਸਭ ਵੇਖ ਕੇ ਉਹਨਾਂ ਦੀ ਪਤਨੀ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ|
ਇਸ ਸੰਬੰਧੀ ਸੰਪਰਕ ਕਰਨ ਤੇ ਸੋਹਾਣਾ ਥਾਣੇ ਦੇ ਐਸ ਐਚ ਓ. ਸ੍ਰ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਪੀੜਿਤ ਦੇ ਬਿਆਨ ਦਰਜ ਕੀਤੇ ਜਾਣ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|

Leave a Reply

Your email address will not be published. Required fields are marked *