ਸੌਫਟ ਸਕਿਲਜ਼ ਨਾਲ ਹੋਵੇਗਾ ਚੰਗੀ ਸ਼ਖਸੀਅਤ ਦਾ ਵਿਕਾਸ

ਸ਼ਿਵ ਖੇੜਾ ਦੇ ਵਿਚਾਰ ਅਨੁਸਾਰ ”ਸਾਡੀ ਸਿੱਖਿਆ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਜੋ ਸਾਨੂੰ ਰੋਜੀ ਰੋਟੀ ਕਮਾਉਣਾ ਨਹੀਂ ਬਲਕਿ ਜਿਉਂਣ ਦਾ ਤਰੀਕਾ ਵੀ ਸਿਖਾਵੇ| ਲੇਖਕ ਦੀ ਗੱਲ ਸੋਲਾਂ ਆਨੇ ਸੱਚ ਜਾਪਦੀ ਹੈ ਕਿਉਂਕਿ ਮਨੁੱਖ ਇੱਕ ਸਮਾਜਿਕ ਜੀਵ ਹੈ| ਸਮਾਜ ਤੋਂ ਬਿਨ੍ਹਾਂ ਉਸਦੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ| ਆਪਣੇ ਜੀਵਨ ਨੂੰ ਸਹੀ ਢੰਗ ਨਾਲ ਜਿਉਂਣ ਦੇ ਲਈ ਵਿਅਕਤੀ ਦੇ ਅੰਦਰ ਕੁੱਝ ਵਿਸ਼ੇਸ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ| ਆਪਣੀਆਂ ਇਹਨਾਂ ਵਿਸ਼ੇਸਤਾਵਾਂ ਕਰਕੇ ਜਿੱਥੇ ਉਹ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੈ ਉਥੇ ਉਹ ਹੋਰਾਂ ਲੋਕਾਂ ਦੇ ਲਈ ਵੀ ਮਾਰਗ ਦਰਸ਼ਕ ਦਾ ਕੰਮ ਕਰਦਾ ਹੈ|
ਦਰਅਸਲ ਇਹ ਗੁਣਾਂ ਦੀ ਪ੍ਰਾਪਤੀ ਕੇਵਲ ਸਕੂਲੀ ਪੱਧਰ ਤੇ ਦਿੱਤੀ ਜਾਣ ਵਾਲੀ ਸਿੱਖਿਆ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਬੱਚਿਆਂ ਦਾ ਮਨ ਕੋਰੀ ਸਲੇਟ ਹੁੰਦਾ ਹੈ ਉਸ ਉਪਰ ਜੋ ਕੁੱਝ ਵੀ ਲਿਖ ਦਿੱਤਾ ਜਾਵੇ ਉਹਨਾਂ ਦਾ ਵਿਵਹਾਰ, ਆਦਤਾਂ , ਉਸੇ ਪ੍ਰਕਾਰ ਦੀਆ ਹੋ ਜਾਂਦੀਆ ਹਨ| ਸਾਡੀ ਸਿੱਖਿਆ ਪ੍ਰਣਾਲੀ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਦੀ ਪ੍ਰਾਥਮਿਕਤਾ ਦੇਣਾ ਹੀ ਹੋਣਾ ਚਾਹੀਦਾ ਹੈ| ਬੱਚਿਆਂ ਦਾ ਆਚਰਨ ਉਚ ਪੱਧਰ ਦਾ ਹੋਵੇ| ਪਰ ਇਹ ਮੰਦਭਾਗਾ ਹੈ ਕਿ ਵਰਤਮਾਨ ਵਿਦਿਆਰਥੀਆਂ ਅੰਦਰ ਸਹਿਣਸ਼ੀਲਤਾ, ਟੀਮ ਦੇ ਵਿੱਚ ਮਿਲ ਕੇ ਕੰਮ ਕਰਨਾ, ਨੈਤਿਕ ਕਦਰਾਂ ਕੀਮਤਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ| ਉਹ ਸਮਾਜ ਅਤੇ ਪਰਿਵਾਰ ਪ੍ਰਤਿ ਬਣਦੇ ਆਪਣੇ ਕਰਤੱਵਾਂ ਅਤੇ ਫਰਜ਼ਾਂ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ| ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸ਼ੇ ਪੀਵੇ ਵਾਲੀ ਗੱਲ ਹੈ| ਉਹਨਾਂ ਦਾ ਇਹ ਵਰਤਾਰਾ ਸਮਾਜ ਦੇ ਪ੍ਰਤਿ ਘਾਤਕ ਹੈ| ਇਸ ਲਈ ਸਮੇਂ ਦੀ ਮੰਗ ਅਨੁਸਾਰ ਸਕੂਲੀ ਪਾਠਕ੍ਰਮ ਵਿੱਚ ਤਬਦੀਲੀ ਕਰਦੇ ਹੋਏ ਅਜਿਹੇ ਪਾਠਕ੍ਰਮ ਜ਼ਾਂ ਕਿਰਿਆਵਾਂ ਨੂੰ ਸ਼ਾਮਿਲ ਕੀਤਾ ਜਾਵੇ ਜਿਸ ਨਾਲ ਵਿਦਿਆਰਥੀਆਂ ਦਾ ਸਮਾਜਿਕ ਵਿਕਾਸ ਹੋ ਸਕੇ|
ਜ਼ੌਨ ਕਿਊ ਐਡਮਜ਼ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੰਮ ਦੂਸਰਿਆਂ ਨੂੰ ਹੋਰ ਸੁਪਨਿਆਂ ਦੇ ਲਈ, ਜਿਆਦਾ ਸਿੱਖਣ , ਵੱਧ ਕਰਨ, ਵੱਡਾ ਬਣਨ ਦੇ ਲਈ ਪ੍ਰੇਰਿਤ ਕਰਦੇ ਹਨ ਤਾਂ ਤੁਸੀ ਇੱਕ ਮਹਾਨ ਲੀਡਰ ਹੋ| ਲੀਡਰਸ਼ਿਪ ਨਾਲ ਬੱਚਿਆਂ ਅੰਦਰ ਅਨੋਖੀ ਕਿਸਮ ਦਾ ਜੋਸ਼ ਪੈਦਾ ਹੁੰਦਾ ਹੈ ਜੋ ਕਿ ਸਮਾਜ ਦੇ ਲਈ ਕਲਿਆਣਕਾਰੀ ਸਿੱਧ ਹੁੰਦਾ ਹੈ| ਹੁਣ ਸਿੱਖਿਆ ਵਿਭਾਗ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸੂਬੇ ਦੇ ਨੌਵੀ ਤੋਂ ਬਾਰਵੀਂ ਸ਼੍ਰੇਣੀ ਦੇ ਬੱਚਿਆਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਗਾਉਣ ਦੇ ਲਈ ਸੌਫਟ ਸਕਿਲਜ਼ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਲਾਗੂ ਕਰ ਦਿੱਤਾ ਹੈ| ਸੌਫਟ ਸਕਿਲਜ਼ ਰਾਹੀਂ ਬੱਚੇ ਦੇ ਸਰਵਪੱਖੀ ਵਿਕਾਸ ਦੇ ਉਪਰ ਜ਼ੋਰ ਦਿੱਤਾ ਜਾਂਦਾ ਹੈ| ਜਿੱਥੇ ਪ੍ਰਤਿਭਾਸ਼ਾਲੀ ਬੱਚੇ ਆਪਣਾ ਹੁਨਰ ਦਿਖਾਉਂਦੇ ਹਨ ਉਥੇ ਨਾਲ ਹੀ ਦੂਜੇ ਬੱਚਿਆਂ ਦੇ ਲਈ ਰੋਲ ਮਾਡਲ ਬਣ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਹਨ| ਸਧਾਰਨ ਸ਼ਬਦਾਂ ਵਿੱਚ ਸੌਫਟ ਸਕਿਲਜ਼ ਦੇ ਰਾਹੀਂ ਵਿਦਿਆਰਥੀਆਂ ਦੇ ਅੰਦਰ ਸੋਚਣ ਸ਼ਕਤੀ ਦਾ ਇਜ਼ਾਫਾ, ਦਿਮਾਗੀ ਕੁਸ਼ਲਤਾ ਦਾ ਤੇਜ਼ ਵਿਕਾਸ, ਸਿਰਜਣਾਤਮਿਕਤਾ, ਲੀਡਰਸ਼ਿਪ ਦਾ ਨਿਰਮਾਣ, ਸਮੇਂ ਦੀ ਯੋਜਨਾਬੰਦੀ ਕਰਨਾ, ਗਰੁੱਪ ਵਿੱਚ ਕੰਮ ਕਰਨ ਦੀ ਭਾਵਨਾ ਦਾ ਵਿਕਾਸ, ਸਮੱਸਿਆ ਦਾ ਹੱਲ ਕਰਨਾ, ਸੰਚਾਰ ਸਬੰਧੀ ਯੋਗਤਾ ਨੂੰ ਪ੍ਰਫੁਲਿਤ ਕਰਨਾ, ਆਪਣੀ ਗੱਲ ਨੂੰ ਰੱਖਣ / ਕਹਿਣ ਦੀ ਕਲਾ, ਆਤਮ ਵਿਸ਼ਵਾਸ ਵਧਾਉਣਾ, ਸਹੀ ਅਤੇ ਗਲਤ ਦਾ ਗਿਆਨ ਕਰਵਾਉਣਾ ਆਦਿ ਉਪਰ ਜ਼ੋਰ ਦੇ ਕੇ ਵਧੇਰੇ ਯੋਗ ਬਣਾਇਆ ਜਾਂਦਾ ਹੈ| ਸਟੇਟ ਕੋਆਰਡੀਨੇਟਰ ਅੰਗਰੇਜੀ ਸ੍ਰੀਮਤੀ ਹਰਪ੍ਰੀਤ ਕੌਰ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਣਥੱਕ ਯਤਨ ਕਰ ਰਹੇ ਹਨ| ਜਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਸੌਫਟ ਸਕਿਲਜ਼ ਸਬੰਧੀ ਆਪਣਾ ਬਣਦਾ ਰੋਲ ਬਾਖੂਬੀ ਨਿਭਾਇਆ ਜਾ ਰਿਹਾ ਹੈ|
ਸਰਕਾਰੀ ਸਕੂਲਾਂ ਦੇ ਵਿੱਚ ਸੌਫਟ ਸਕਿਲ ਲਾਗੂ ਹੋਣ ਤੇ ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ| ਵਿਦਿਆਰਥੀਆਂ ਅੰਦਰ ਅੰਗਰੇਜੀ ਭਾਸ਼ਾ ਦਾ ਡਰ ਖਤਮ ਹੋਣ ਲੱਗਾ ਹੈ| ਸ਼ੁਰੂਆਤ ਸਮੇਂ ਅਧਿਆਪਕ ਵਰਗ ਨੂੰ ਇਸਦੇ ਸਫਲ ਹੋਣ ਦੀ ਘੱਟ ਸੰਭਾਵਨਾ ਲੱਗਦੀ ਸੀ| ਉਹ ਸੋਚਦੇ ਸੀ ਕਿ ਸਾਡੇ ਬੱਚੇ ਕਿਸ ਤਰ੍ਹਾਂ ਅੰਗਰੇਜੀ ਵਿੱਚ ਪ੍ਰਦਰਸ਼ਨ/ਕ੍ਰਿਆਵਾਂ ਕਰਨਗੇ | ਕਿਸੇ ਵੀ ਪ੍ਰੋਜੈਕਟ ਜਾਂ ਪ੍ਰੋਗਰਾਮ ਨੂੰ ਲਾਗੂ ਕਰਨ ਤੋਂ ਪਹਿਲਾ ਹੀ ਅਸਫਲ ਕਹਿ ਦੇਣਾ ਬੁੱਧੀਮਾਨੀ ਨਹੀਂ ਹੈ| ਹੁਣ ਸਾਡੇ ਵਿਦਿਆਰਥੀ ਇਹਨਾਂ ਕਿਰਿਆਵਾਂ ਦੇ ਤਹਿਤ ਸਵੇਰ ਦੀ ਸਭਾ ਦੇ ਵਿੱਚ ਅੰਗਰੇਜੀ ਦਾ ਨਿਊਜ਼ ਪੇਪਰ ਪੜ੍ਹ ਰਹੇ ਹਨ ਜਿਸ ਨਾਲ ਉਹਨਾਂ ਦਾ ਸਟੇਜ਼ ਉਤੇ ਬੋਲਣ ਦਾ ਆਤਮਵਿਸ਼ਵਾਸ ਅਤੇ ਸ਼ਬਦਾਵਲੀ ਵਿੱਚ ਇਜ਼ਾਫਾ ਹੋ ਰਿਹਾ ਹੈ| ਉਹ ਰੋਲ ਪਲੇਅ ਦੀ ਮੱਦਦ ਨਾਲ ਵਿਸ਼ੇ ਦੀ ਬਾਰੀਕੀ ਅਤੇ ਟੀਮ ਵਿੱਚ ਕੰਮ ਕਰਨ ਦੀ ਭਾਵਨਾ ਦਾ ਵਿਕਾਸ ਕਰ ਰਹੇ ਹਨ| ਪੇਪਰ ਰੀਡਿੰਗ ਨਾਲ ਲੀਡਰਸ਼ਿਪ ਦੀ ਭਾਵਨਾ ਉਤਪੰਨ ਹੋ ਰਹੀ ਹੈ| ਗਰੁੱਪ ਚਰਚਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਦਿਮਾਗੀ ਵਿਕਾਸ ਹੁੰਦਾ ਹੈ| ਅੰਗਰੇਜੀ ਵਿੱਚ ਕਵਿਤਾ ਨੂੰ ਲਿਖਣਾ ਅਤੇ ਗਾਉਣਾ, ਗਰੁੱਪਾਂ ਵਿੱਚ ਵੰਡ ਕਰਕੇ ਕਿਸੇ ਵਿਸ਼ੇ ਦੇ ਉਪਰ ਬਹਿਸ ਕਰਨੀ, ਮੌਕੇ ਤੇ ਹੀ ਵਿਸ਼ਾ ਦੱਸਦੇ ਹੋਏ ਉਸ ਉਪਰ ਬੋਲਣ ਦੇ ਲਈ ਕਹਿਣਾ ਆਦਿ ਨਾਲ ਬੱਚਿਆਂ ਦੇ ਵਿਵਹਾਰ, ਆਦਤਾਂ ਵਿੱਚ ਸੁਧਾਰ ਆ ਰਿਹਾ ਹੈ ਜਿਸਦੇ ਸਿੱਟੇ ਵਜ਼ੋਂ ਵਿਦਿਆਰਥੀਆਂ ਨੇ ਆਪਣੀ ਸ਼ਖਸੀਅਤ ਨੂੰ ਹੋਰ ਚੰਗੇਰਾ ਬਣਾਇਆ ਹੈ| ਨਿਰਸੰਦੇਹ ਸੌਫਟ ਸਕਿਲਜ਼ ਸਿੱਖਿਆ ਵਿਭਾਗ ਦੁਆਰਾ ਚੁੱਕਿਆ ਗਿਆ ਇੱਕ ਵਧੀਆ ਉਪਰਾਲਾ ਹੈ ਪਰ ਵਿਭਾਗ ਦੀ ਜਿੰਮੇਵਾਰੀ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਹੈ| ਇਹਨਾਂ ਸੌਫਟ ਸਕਿਲਜ ਦੇ ਮੁਕਾਬਲੇ ਆਯੋਜਿਤ ਕਰਵਾ ਕੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਪੁਰਸਕਾਰ ਦਿੱਤੇ ਜਾਣੇ ਚਾਹੀਦੇ ਹਨ| ਅਧਿਆਪਕ ਵਰਗ ਨੂੰ ਵੀ ਪ੍ਰਸੰਸਾ ਪੱਤਰ ਦਿੱਤੇ ਜਾਣ ਤਾਂ ਉਹ ਹੋਰ ਉਤਸਾਹਿਤ ਹੋ ਕੇ ਕੋਸ਼ਿਸਾਂ ਕਰਦੇ ਹੋਏ ਵਿਭਾਗ ਦੇ ਕ੍ਰਾਂਤੀਕਾਰੀ ਕਦਮ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਣ|
ਚਮਨਦੀਪ ਸ਼ਰਮਾ

Leave a Reply

Your email address will not be published. Required fields are marked *