ਸ੍ਰੀਲੰਕਾ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਸਿਗਰਟ ਵਿਕਰੀ ਦਾ ਬਾਈਕਾਟ

ਕੋਲੰਬੋ , 23 ਅਗਸਤ (ਸ.ਬ.) ਸ਼੍ਰੀਲੰਕਾ ਨੂੰ ਤੰਬਾਕੂ ਮੁਕਤ ਬਣਾਉਣ ਦੀ ਦਿਸ਼ਾ ਵਿਚ ਵੱਡੀ ਪਹਿਲ ਕਰਦਿਆਂ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਨੇ ਸਿਗਰਟ ਵੇਚਣੀ ਬੰਦ ਕਰ ਦਿੱਤੀ ਹੈ| ਸਿਹਤ ਮੰਤਰਾਲੇ ਨੇ ਪੂਰੇ ਦੇਸ਼ ਵਿਚ ਸਿਗਰਟ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਵਿਚ ਜਾਗਰੂਕਤਾ ਪ੍ਰੋਗਰਾਮ ਚਲਾਇਆ ਸੀ| ਇਸ ਮਗਰੋਂ ਕਈ ਸ਼ਹਿਰਾਂ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸਿਗਰਟ ਵਿਕਰੀ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ| ਇਕ ਸਮਾਚਾਰ ਏਜੰਸੀ ਮੁਤਾਬਕ ਫਿਲਹਾਲ ਦੇਸ਼ ਦੇ 107 ਸ਼ਹਿਰ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੇ ਹਨ| ਸਿਹਤ ਮੰਤਰੀ ਰੰਜੀਤਾ ਸੈਨਾਰਤਨੇ ਨੇ ਦੱਸਿਆ ਕਿ ਸਾਲ 2019 ਵਿਚ ਇਨ੍ਹਾਂ ਸ਼ਹਿਰਾਂ ਦੀ ਗਿਣਤੀ 200 ਹੋ ਜਾਵੇਗੀ| ਗੌਰਤਲਬ ਹੈ ਕਿ ਸ਼੍ਰੀਲੰਕਾ ਸਰਕਾਰ ਨੇ ਦੇਸ਼ ਵਿਚ ਤੰਬਾਕੂ ਉਤਪਾਦਾਂ ਉਤੇ ਰੋਕ ਲਗਾਉਣ ਲਈ ਕਈ ਕਦਮ ਚੁੱਕੇ ਹਨ| ਤੰਬਾਕੂ ਉਤੇ ਵੱਧ ਤੋਂ ਵੱਧ ਟੈਕਸ 90 ਫੀਸਦੀ ਕਰਨ ਦੇ ਨਾਲ ਹੀ ਸਿਗਰਟ ਦੇ ਪੈਕੇਟ ਦੇ 80 ਫੀਸਦੀ ਹਿੱਸੇ ਵਿਚ ਚਿਤਾਵਨੀ ਚਿੱਤਰ ਛਾਪਣ ਦਾ ਨਿਰਦੇਸ਼ ਦਿੱਤਾ ਗਿਆ ਹੈ| ਜਨਤਕ ਸਥਾਨਾਂ ਉਤੇ ਸਿਗਰਟ ਪੀਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ| ਨਾਲ ਹੀ ਸਕੂਲਾਂ ਦੇ 100 ਮੀਟਰ ਦੇ ਦਾਇਰੇ ਵਿਚ ਇਸ ਦੀ ਵਿਕਰੀ ਉਤੇ ਰੋਕ ਲਗਾ ਦਿੱਤੀ ਗਈ ਹੈ| ਸ਼ੀਲੰਕਾ ਸਰਕਾਰ ਸਾਲ 2020 ਤੱਕ ਤੰਬਾਕੂ ਦੇ ਉਤਪਾਦਨ ਉਤੇ ਰੋਕ ਲਗਾਉਣ ਉਤੇ ਵੀ ਵਿਚਾਰ ਕਰ ਰਹੀ ਹੈ|

Leave a Reply

Your email address will not be published. Required fields are marked *