ਸ੍ਰੀ ਅਕਾਲ ਤਖਤ ਤੇ ਭੁੱਲ ਬਖਸ਼ਾਉਣੀ ਸਹੀ ਫੈਸਲਾ : ਕਿਰਨਬੀਰ ਸਿੰਘ ਕੰਗ

ਐਸ ਏ ਐਸ ਨਗਰ, 8 ਦਸੰਬਰ (ਸ.ਬ.) ਅਕਾਲੀ ਦਲ ਵਲੋਂ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਣੇ ਅਣਜਾਣੇ ਕੀਤੀਆਂ ਗਈਆਂ ਭੁੱਲਾਂ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਠ ਕਰਵਾਉਣ ਅਤੇ ਖਿਮਾ ਮੰਗਣ ਦਾ ਫੈਸਲਾ ਬਿਲਕੁਲ ਸਹੀ ਹੈ| ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਭੁੱਲਾਂ ਬਖਸ਼ਾਉਣ ਲਈ ਪਰਮਾਤਮਾ ਦੀ ਦਰਗਾਹ ਸਭ ਤੋਂ ਉਚੀ ਅਤੇ ਸੁੱਚੀ ਹੈ| ਪਰਮਾਤਮਾ ਹਮੇਸ਼ਾ ਹੀ ਬਖਸ਼ਣਹਾਰ ਹੈ ਅਤੇ ਆਪਣੀ ਸ਼ਰਣ ਵਿੱਚ ਆਉਣ ਵਾਲਿਆਂ ਨੂੰ ਕਦੇ ਨਿਰਾਸ਼ ਨਹੀਂ ਕਰਦਾ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਕਿਰਨਬੀਰ ਸਿੰਘ ਕੰਗ ਨੇ ਇਕ ਬਿਆਨ ਵਿੱਚ ਕੀਤਾ| ਉਹਨਾਂ ਕਿਹਾ ਕਿ ਸਿੱਖ ਸਹਿਚਾਰ ਵਿੱਚ ਨਿਮਾਣਾ ਹੋ ਕੇ ਭੁੱਲ ਬਖਸ਼ਾਉਣੀ ਅਤੇ ਅਰਦਾਸ ਕਰਨ ਨਾਲੋਂ ਉੱਚੀ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਅਕਾਲੀ ਦਲ ਨੇ ਖਿਮਾ ਮੰਗ ਕੇ ਇਸੇ ਵਿਚਾਰਧਾਰਾ ਤੇ ਪਹਿਰਾ ਦਿੱਤਾ ਹੈ|
ਸ੍ਰੀ ਕੰਗ ਨੇ ਕਿਹਾ ਕਿ ਸਿਆਸਤ ਵਿੱਚ ਅਨੇਕਾਂ ਦੋਸ਼ ਲੱਗਦੇ ਹਨ ਅਤੇ ਅਕਾਲੀ ਦਲ ਤੇ ਵੀ ਬੀਤੇ ਸਮੇਂ ਦੌਰਾਨ ਕਈ ਬੇਬੁਨਿਆਦ ਸੱਚੇ ਝੂਠੇ ਦੋਸ਼ ਲੱਗੇ ਹਨ| ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਤੋਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲਣ ਵਾਲੀ ਪਾਰਟੀ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਮੁੱਦਿਆਂ ਦੇ ਉਪਰ ਆਧਾਰਿਤ ਸਿਆਸਤ ਕੀਤੀ ਹੈ| ਪੰਥਕ ਮੁੱਦੇ ਹਮੇਸ਼ਾ ਅਕਾਲੀ ਦਲ ਨੇ ਹੀ ਉਠਾਏ ਹਨ ਅਤੇ ਇਹਨਾਂ ਮੁੱਦਿਆਂ ਦੇ ਹਲ ਲਈ ਵੀ ਯਤਨ ਕੀਤੇ ਹਨ| ਉਹਨਾਂ ਕਿਹਾ ਕਿ ਅਕਾਲੀ ਦਲ ਹੀ ਸਿਰਫ ਅਜਿਹੀ ਪਾਰਟੀ ਹੈ, ਜੋ ਕਿ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ ਅਤੇ ਹਰ ਵਰਗ ਦੇ ਲੋਕਾਂ ਵਲੋਂ ਇਸ ਪਾਰਟੀ ਨੂੰ ਸਮਰਥਣ ਮਿਲ ਰਿਹਾ ਹੈ|

Leave a Reply

Your email address will not be published. Required fields are marked *