ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ

ਚੰਡੀਗੜ੍ਹ, 10 ਅਗਸਤ (ਸ.ਬ) ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਨੂੰ ਜੋੜਦੇ ਬੇਹੱਦ ਵੱਕਾਰੀ ਰੋਪਵੇਅ ਪ੍ਰਾਜੈਕਟ ਦਾ ਰਾਹ ਪੱਧਰਾ ਹੋ ਗਿਆ ਹੈ| ਇੱਕ ਵਾਰ ਸ਼ੁਰੂ ਹੋਣ ਤੇ ਇਹ ਪ੍ਰਾਜੈਕਟ ਨਾ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਪੱਖੋਂ ਮੀਲ ਦਾ ਪੱਥਰ ਸਾਬਿਤ ਹੋਵੇਗਾ ਸਗੋਂ ਹਿੰਦੂ-ਸਿੱਖ ਤੰਦਾਂ ਨੂੰ ਹੋਰ ਮਜ਼ਬੂਤ ਵੀ ਕਰੇਗਾ|
ਅੱਜ ਇੱਥੇ ਪੰਜਾਬ ਮਿਉਂਸਪਲ ਭਵਨ ਵਿਖੇ ਹਿਮਾਚਲ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਸੱਭਿਆਚਾਰ ਤੇ ਸੈਰ ਸਪਾਟਾ) ਸ੍ਰੀ ਰਾਮ ਸੁਭਾਗ ਸਿੰਘ ਨਾਲ ਇਸ ਰੋਪਵੇਅ ਪ੍ਰਾਜੈਕਟ ਦੀ ਮੁੜ ਸ਼ੁਰੂਆਤ ਕਰਨ ਬਾਰੇ ਗੰਭੀਰ ਵਿਚਾਰ ਚਰਚਾ ਮਗਰੋਂ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਦਰਮਿਆਨ ਇੱਕ ਇਕਰਾਰਨਾਮਾ (ਐਮ.ਓ.ਯੂ.) ਹਸਤਾਖ਼ਰਿਤ ਕੀਤਾ ਗਿਆ ਸੀ ਪਰ ਇਹ 2014 ਵਿੱਚ ਠੰਢੇ ਬਸਤੇ ਵਿੱਚ ਪੈ ਗਿਆ ਸੀ| ਇਸ ਦੀ ਮੁੜ ਸ਼ੁਰੂਆਤ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਨੂੰ ਨਿਰਦੇਸ਼ ਦਿੱਤੇ ਹਨ| ਸ. ਸਿੱਧੂ ਨੇ ਕਿਹਾ ਕਿ ਇਸ ਇਕਰਾਰਨਾਮੇ ਉੱਤੇ ਇਸੇ ਮਹੀਨੇ ਦੌਰਾਨ ਸਹੀ ਪਾਈ ਜਾਵੇਗੀ ਜਿਸ ਨਾਲ ਇਹ ਪ੍ਰੋਜੈਕਟ ਰਫ਼ਤਾਰ ਫੜੇਗਾ|
ਮੀਟਿੰਗ ਦੇ ਦੌਰਾਨ ਸ੍ਰੀ ਰਾਮ ਸੁਭਾਗ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬੀਤੇ ਦਿਨੀਂ ਹੋਈ ਆਪਣੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਦੇ ਦਿੱਤੀ ਗਈ ਹੈ| ਇਸ ਉੱਤੇ ਸ. ਸਿੱਧੂ ਨੇ ਕਿਹਾ ਕਿ ਪੰਜਾਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ|
ਸ੍ਰ. ਸਿੱਧੂ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 200 ਕਰੋੜ ਰੁਪਏ ਹੋਵੇਗੀ ਅਤੇ ਇਹ 3.5 ਕਿਲੋਮੀਟਰ ਦਾ ਫਾਸਲਾ ਤੈਅ ਕਰੇਗਾ| ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਇੱਕ ਅਜਿਹੀ ਉਚ ਕੋਟੀ ਦੀ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜਿਸਦਾ ਰਿਕਾਰਡ ਹਾਦਸਿਆਂ ਤੋਂ ਰਹਿਤ ਹੋਵੇਗਾ| ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਰੌਸ਼ਨ ਸੰਕਾਰੀਆ ਅਤੇ ਡਾਇਰੈਕਟਰ ਸ. ਮਲਵਿੰਦਰ ਸਿੰਘ ਜੱਗੀ ਵੀ ਮੌਜੂਦ ਸਨ|

Leave a Reply

Your email address will not be published. Required fields are marked *