ਸ੍ਰੀ ਨੈਣਾ ਦੇਵੀ ਵਿਖੇ ਮੁਹਾਲੀ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਹਲਾਕ, ਦੋ ਕਾਬੂ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਪ੍ਰਸਿੱਧ ਸ੍ਰੀ ਨੈਣਾ ਦੇਵੀ ਮੰਦਰ ਵਿੱਚ ਅੱਜ ਸਵੇਰੇ ਮੁਹਾਲੀ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇਕ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਦੋਂਕਿ 2 ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਮੁਹਾਲੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਗੈਂਗਸਟਰ ਸੰਨੀ ਮਸ਼ੀ (ਗੁਰਦਾਸਪੁਰ), ਗੋਲਡੀ ਮਸ਼ੀ (ਡੇਰਾ ਬਾਬਾ ਨਾਨਕ) ਅਤੇ ਅਮਨਪੁਰੀ (ਚਮਕੌਰ ਸਾਹਿਬ) ਦਾ ਸਬੰਧ ਪਠਾਨਕੋਟ ਦੇ ਜੱਗੂ ਗੈਂਗ ਨਾਲ ਹੈ|
ਉਹਨਾਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੇ ਬੀਤੀ ਦੇਰ ਰਾਤ ਪਿੰਡ ਸੋਹਾਣਾ ਤੋਂ ਗੱਡੀ ਖੋਹੀ ਸੀ, ਜਿਸ ਤੋਂ ਬਾਅਦ ਉਹ ਸ੍ਰੀ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਵੱਲ ਭੱਜ ਗਏ ਸਨ| ਗੈਂਗਸਟਰਾਂ ਦਾ ਪਿੱਛਾ ਕਰਨ ਲਈ ਖੁਦ ਐਸ. ਐਸ. ਪੀ. ਕੁਲਦੀਪ ਸਿੰਘ ਪੁਲੀਸ ਪਾਰਟੀ ਦੀ ਅਗਵਾਈ ਕਰ ਰਹੇ ਸਨ| ਫਿਲਮੀ ਸਟਾਈਲ ਵਿੱਚ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਪੁਲੀਸ ਵੀ ਸ੍ਰੀ ਨੈਣਾ ਦੇਵੀ ਪੁੱਜ ਗਈ| ਇੱਥੇ ਗੈਂਗਸਟਰਾਂ ਨੇ ਪੁਲੀਸ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਪੁਲੀਸ ਵਲੋਂ ਵੀ ਜਵਾਬੀ ਫਾਇਰਿੰਗ ਵਿੱਚ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਸੰਨੀ ਮਸ਼ੀ ਦੀ ਮੌਤ ਹੋ ਗਈ, ਜਦੋਂ ਕਿ ਗੋਲਡੀ ਮਸ਼ੀ ਤੇ ਅਮਨਦੀਪ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਉਹਨਾਂ ਦੱਸਿਆ ਕਿ ਉਕਤ ਗੈਂਗਸਟਰਾਂ ਦੇ ਖਿਲਾਫ ਸੋਹਾਣਾ ਥਾਣੇ ਵਿੱਚ ਆਰਮਜ਼ ਐਕਟ ਤਹਿਤ ਸਨੈਚਿੰਗ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ|
ਇੱਥੇ ਜਿਕਰਯੋਗ ਹੈ ਕਿ ਜਦੋਂ ਸ੍ਰੀ ਨੈਣਾ ਦੇਵੀ ਵਿਖੇ ਗੈਂਗਸਟਰਾਂ ਅਤੇ ਪੁਲੀਸ ਵਿਚਾਲੇ ਗੋਲੀਆਂ ਚਲ ਰਹੀਆਂ ਸਨ, ਤਾਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ| ਪੁਲੀਸ ਨੇ ਬੱਸ ਸਟਂੈਡ ਵਾਲਾ ਮੁੱਖ ਰਸਤਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਸ੍ਰੀ ਨੈਣਾ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ|

Leave a Reply

Your email address will not be published. Required fields are marked *