ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਸ.ਬ.)ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਚਾਲੀ ਮੁਕਤਿਆਂ ਨੂੰ ਸ਼ਿਜਦਾ ਕਰਨ ਪਹੁੰਚੇ। 40 ਮੁਕਤਿਆਂ ਦੀ ਯਾਦ ਵਿਚ ਲਗਣ ਵਾਲੇ ਇਤਿਹਾਸਕ ਜੋੜ ਮੇਲਾ ਮਾਘੀ ਮੌਕੇ ਅਜ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈ। ਮਾਘੀ ਇਸ਼ਨਾਨ ਬੀਤੀ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਅਤੇ ਲੋਕ ਬੀਤੀ ਰਾਤ ਤੋਂ ਹੀ ਆਪਣੇ ਵਾਹਨਾਂ ਰਾਹੀ ਕਾਫਲੇ ਬਣਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਲੱਗੇ।
ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅੰਮਿ੍ਰਤ ਵੇਲੇ ਤੋਂ ਹੀ ਸੰਗਤਾਂ ਦੀਆਂ ਕਤਾਰਾਂ ਨਜਰ ਆਈਆਂ। ਸੰਗਤ ਦੀ ਆਮਦ ਨੂੰ ਦੇਖ ਕੇ ਪੁਲੀਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ। ਮਾਘੀ ਜੋੜ ਮੇਲੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 12 ਜਨਵਰੀ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਸਵੇਰੇ 6 ਵਜੇ ਭੋਗ ਪਾਏ ਗਏ। ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ 12 ਜਨਵਰੀ ਤੋਂ ਹੀ ਰਾਗੀ, ਢਾਡੀ, ਪ੍ਰਚਾਰਕ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਹਨ। ਜਿਥੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਲੰਗਰ ਦੇ ਵੱਡੇ ਪ੍ਰਬੰਧ ਕੀਤੇ ਗਏ। ਉਥੇ ਹੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਲੰਗਰ ਲਾਏ ਗਏ। ਕੜਾਕੇ ਦੀ ਠੰਡ ਵਿਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸ਼ਰਧਾਲੂਆਂ ਨੂੰ ਦੇਖ ਆਸਥਾ ਇਸ ਠੰਡ ਤੇ ਭਾਰੀ ਪੈਂਦੀ ਨਜਰ ਆਈ।
40 ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਇਸ ਜੋੜ ਮੇਲੇ ਵਿੱਚ ਇਸ ਵਾਰ ਰਾਜਸੀ ਕਾਨਫਰੰਸਾਂ ਨਹੀਂ ਲੱਗੀਆਂ। ਇਸ ਵਾਰ ਮੇਲਾ ਮਾਘੀ ਪੂਰੀ ਤਰਾਂ ਧਾਰਮਿਕ ਰੰਗ ਵਿੱਚ ਰੰਗਿਆ ਨਜਰ ਆਇਆ।