ਸ੍ਰੀ ਸਤਿਆ ਨਰਾਇਣ ਮੰਦਰ ਧਰਮਸ਼ਾਲਾ ਨੂੰ ਪ੍ਰਾਪਰਟੀ ਟੈਕਸ ਦਾ ਨੋਟਿਸ ਦੇਣ ਦੀ ਨਿਖੇਧੀ

ਚੰਡੀਗੜ੍ਹ, 16 ਜੁਲਾਈ (ਸ.ਬ.) ਸਥਾਨਕ ਸੈਕਟਰ 22 ਸੀ ਸਥਿਤ ਸ੍ਰੀ ਸਤਿਆ ਨਰਾਇਣ ਮੰਦਰ ਧਰਮਸ਼ਾਲਾ ਨੂੰ ਨਗਰ ਨਿਗਮ ਚੰਡੀਗੜ੍ਹ ਵਲੋਂ 20 ਲੱਖ ਰੁਪਏ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਨੂੰ ਦਿੱਤੇ ਨੋਟਿਸ ਦੀ ਹਿੰਦੂ ਪਰਵ ਮਹਾ ਸਭਾ ਚੰਡੀਗੜ੍ਹ ਨੇ ਨਿਖੇਧੀ ਕੀਤੀ ਹੈ|
ਇਕ ਬਿਆਨ ਵਿੱਚ ਸਭਾ ਦੇ ਪ੍ਰਧਾਨ ਬੀ ਪੀ ਅਰੋੜਾ ਨੇ ਕਿਹਾ ਕਿ ਅਜਿਹੀਆਂ ਧਰਮਸ਼ਾਲਾਵਾਂ ਨੂੰ ਪ੍ਰਸ਼ਾਸਨ ਵਲੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਸ੍ਰੀ ਸਤਿਆ ਨਰਾਇਣ ਮੰਦਰ ਧਰਮਸ਼ਾਲਾ ਨੂੰ ਨਗਰ ਨਿਗਮ ਚੰਡੀਗੜ੍ਹ ਵਲੋਂ 20 ਲੱਖ ਰੁਪਏ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਨੂੰ ਦਿੱਤੇ ਨੋਟਿਸ ਕਾਰਨ ਉਹਨਾਂ ਨੂੰ ਕਾਫੀ ਠੇਸ ਪਹੁੰਚੀ ਹੈ| ਇਸ ਮੌਕੇ ਸ੍ਰੀ ਸਤਿਆ ਨਰਾਇਣ ਮੰਦਰ ਸਭਾ ਸੈਕਟਰ 22 ਸੀ ਚੰਡੀਗੜ੍ਹ ਦੇ ਚੇਅਰਮੈਨ ਕੈਲਾਸ਼ ਜੈਨ ਨੇ ਕਿਹਾ ਕਿ ਧਰਮਸ਼ਾਲਾ ਚੈਰੀਟੇਬਲ ਰੂਪ ਵਿੱਚ ਨਾ ਲਾਭ ਨਾ ਹਾਣੀ ਦੇ ਆਧਾਰ ਉਪਰ ਚਲਾਈ ਜਾਂਦੀ ਹੈ| ਇਸ ਲਈ ਇਸ ਉਪਰ ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਲਗਾਉਣਾ ਠੀਕ ਨਹੀਂ ਹੈ|
ਇਸ ਮੌਕੇ ਹਿੰਦੂ ਪਰਵ ਮਹਾ ਸਭਾ ਦੇ ਕਾਨੂੰਨੀ ਸਲਾਹਕਾਰ ਪੰਕਜ ਗੁਪਤਾ ਨੇ ਕਿਹਾ ਕਿ ਧਰਮਸ਼ਾਲ ਉਪਰ ਟੈਕਸ ਲਗਾਉਣਾ ਠੀਕ ਨਹੀਂ ਹੈ, ਕਿਉਂਕਿ ਪ੍ਰਾਪਰਟੀ ਟੈਕਸ ਸਿਫਰ ਵਪਾਰਕ, ਉਦਯੋਗਿਕ, ਰਿਹਾਇਸੀ ਪ੍ਰਾਪਰਟੀ ਉਪਰ ਹੀ ਲਗਾਇਆ ਜਾ ਸਕਦਾ ਹੈ| ਇਸ ਮੌਕੇ ਮੰਦਰ ਸਭਾ ਦੇ ਪ੍ਰਧਾਨ ਗਿਰਧਾਰੀ ਲਾਲ ਨੇ ਕਿਹਾ ਕਿ ਧਰਮਸ਼ਾਲਾ ਦੇ ਖਰਚੇ ਲੋਕਾਂ ਵਲੋਂ ਦਿਤੇ ਗਏ ਦਾਨ ਨਾਲ ਹੀ ਚਲਦੇ ਹਨ ਅਤੇ ਅਜਿਹੇ ਵਿੱਚ ਨਿਗਮ ਵਲੋਂ ਧਰਮਸ਼ਾਲਾ ਨੂੰ ਪ੍ਰਾਪਰਟੀ ਟੈਕਸ ਲਗਾਉਣਾ ਹੀ ਗਲਤ ਹੈ|

Leave a Reply

Your email address will not be published. Required fields are marked *