ਸ੍ਰ. ਸੁਖਬੀਰ ਸਿੰਘ ਬਾਦਲ ਦੇ ਹਲਕੇ ਬਾਰੇ ਅਧਿਕਾਰਤ ਐਲਾਨ ਹੋਣ ਤੋਂ ਬਾਅਦ ਹੀ ਹੋਵੇਗਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਐਲਾਨ

ਐਸ ਏ ਐਸ ਨਗਰ, 24 ਦਸੰਬਰ (ਸ  ਬ) : ਵਿਧਾਨ ਸਭਾ ਹਲਕਾ ਮੁਹਾਲੀ ਤੋਂ ਜਿਥੇ ਕਾਂਗਰਸ ਪਾਰਟੀ ਨੇ ਜਿਥੇ ਆਪਣੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿਧੂ ਨੂੰ ਹੀ ਅਗਲੀਆਂ ਚੋਣਾਂ ਲਈ ਟਿਕਟ ਦੇ ਦਿਤੀ ਹੈ , ਉਥੇ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਇਸ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ| ਹਾਲਾਂਕਿ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਹਾਲੀ ਹਲਕੇ ਤੋਂ ਹਿੰਮਤ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਸ੍ਰ. ਸ਼ੇਰਗਿਲ ਵਲੋਂ ਮੁਹਾਲੀ ਹਲਕੇ ਵਿਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿਤਾ ਗਿਆ ਸੀ ਪਰ ਬਾਅਦ ਵਿਚ ਆਮ ਆਦਮੀ ਪਾਰਟੀ ਵਲੋਂ ਸ੍ਰ ਸ਼ੇਰਗਿਲ ਨੁੰ ਮੁਹਾਲੀ ਦੀ ਥਾਂ ਮਜੀਠਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿਤਾ ਗਿਆ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਮੁਹਾਲੀ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ|
ਆਮ ਆਦਮੀ ਪਾਰਟੀ ਦੇ ਅੰਦਰੂਨੀ ਸੂਤਰਾਂ ਅ ਨੁਸਾਰ ਮੁਹਾਲੀ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਉਨੀ ਦੇਰ ਤਕ ਆਪਣੇ ਉਮੀਦਵਾਰ ਦੇ ਨਾਮ ਦਾ ਦਾ ਐਲਾਨ ਨਹੀਂ ਕੀਤਾ ਜਾਵੇਗਾ ਜਦੋਂ ਤਕ ਅਕਾਲੀ ਦਲ ਵਲੋਂ ਮੁਹਾਲੀ ਹਲਕੇ ਤੋਂ ਆਪਣੇ ਉਮੀਦਵਾਰ ਦਾ ਫੈਸਲਾ ਨਹੀਂ ਕੀਤਾ ਜਾਂਦਾ| ਅਸਲ ਵਿਚ ਲੰਮੇ ਸਮੇਂ ਤੋਂ ਇਹ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਰੜ ਜਾਂ ਮੁਹਾਲੀ ਵਿੱਚੋਂ ਕਿਸੇ ਇੱਕ ਹਲਕੇ ਤੋਂ ਚੋਣ ਲੜ ਸਕਦੇ ਹਨ| ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਮੁਹਾਲੀ ਹਲਕੇ ਤੋਂ  ਆਪਣੇ ਉਮੀਦਵਾਰ ਦਾ ਐਲਾਨ ਕਰਨ ਤੋਂ ਟਾਲਾ ਵਟਿਆ ਹੋਇਆ ਹੈ| ਪਾਰਟੀ ਸੁਤਰਾਂ ਮੁਤਾਬਕ ਪਾਰਟੀ ਵਲੋਂ ਐਮ ਪੀ ਭਗਵੰਤ ਮਾਨ ਨੂੰ ਹਰ ਹਾਲ ਵਿੱਚ ਸ੍ਰ. ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਾਈ ਜਾਣੀ ਹੈ ਅਤੇ ਇਸੇ ਲਈ ਆਮ ਆਦਮੀ ਪਾਰਟੀ ਨੇ ਜਲਾਲਾਬਾਦ ਤੋਂ ਭਗਵੰਤ ਮਾਨ ਨੂੰ  ਉਮੀਦਵਾਰ ਬਣਾਇਆ ਹੈ|
ਰਾਜਨੀਤਿਕ ਖੇਤਰਾਂ ਵਿੱਚ ਇਹ ਚਰਚਾ ਭਾਰੂ ਹੈ ਕਿ  ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ੍ਰ ਸ਼ੇਰ ਸਿੰਘ ਘੁਬਾਇਆ ਦੇ ਪੁਤਰ  ਅਤੇ ਭਰਾ ਦੇ ਕਾਂਗਰਸ ਵਿਚ ਜਾਣ ਨਾਲ ਜਲਾਲਾਬਾਦ ਹਲਕੇ ਵਿੱਚ ਅਕਾਲੀ ਦਲ ਦੀ ਸਥਿਤੀ ਕਮਜੋਰ ਹੋ ਗਈ ਹੈ| ਸ੍ਰ. ਘੁਬਾਇਆ ਦਾ ਰਾਏ ਸਿੱਖ ਬਰਾਦਰੀ ਵਿਚ ਚੰਗਾ ਆਧਾਰ ਹੈ ਅਤੇ ਰਾਏ ਸਿੱਖ ਬਰਾਦਰੀ ਜਲਾਲਾਬਾਦ ਵਿਚ ਬਹੁਗਿਣਤੀ ਵਿਚ ਰਹਿੰਦੀ ਹੈ ਅਤੇ ਇਸ ਬਰਾਦਰੀ ਦੀਆਂ ਵੋਟਾਂ ਵੀ ਉਮੀਦਵਾਰ ਦੀ ਜਿੱਤ ਹਾਰ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ|  ਇਹ ਹੀ ਕਾਰਨ ਹੈ ਕਿ ਸ ਘੁਬਾਇਆ ਦੇ ਨਾਰਾਜ ਹੋਣ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ ਦੇ ਕਾਂਗਰਸ ਵਿਚ ਜਾਣ ਨਾਲ ਹੁਣ ਜਲਾਲਾਬਾਦ ਸ੍ਰ. ਸੁਖਬੀਰ ਸਿੰਘ ਬਾਦਲ ਲਈ ਸੁਰਖਿਅਤ ਨਹੀਂ ਰਿਹਾ ਅਤੇ ਇਹੀ ਕਾਰਨ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਦੇ ਇਸ ਵਾਰੀ ਹਲਕਾ ਬਦਲ ਕੇ ਮੁਹਾਲੀ ਜਾਂ ਖਰੜ ਤੋਂ ਚੋਣ ਲੜਨ ਦੀ ਚਰਚਾ ਹੋ ਰਹੀ ਹੈ|
ਇਹਨਾਂ ਹਾਲਾਤਾਂ ਵਿੱਚ ਜੇਕਰ ਸ੍ਰ.  ਸੁਖਬੀਰ ਸਿੰਘ ਬਾਦਲ ਮੁਹਾਲੀ ਹਲਕੇ ਤੋਂ ਚੋਣ ਲੜਨਗੇ ਤਾਂ ਭਗਵੰਤ ਮਾਨ ਵੀ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਹਰ ਹਾਲ ਵਿਚ ਮੁਹਾਲੀ ਹਲਕੇ ਤੋਂ ਹੀ ਚੋਣ ਲੜਨਗੇ| ਜੇ ਸੁਖਬੀਰ ਬਾਦਲ ਖਰੜ ਹਲਕੇ ਤੋਂ ਚੋਣ ਲੜਦੇ ਹਨ ਤਾਂ ਭਗਵੰਤ ਮਾਨ ਵਲੋਂ ਆਪ ਦੀ ਟਿਕਟ ਉਪਰ ਖਰੜ ਹਲਕੇ ਤੋਂ ਚੋਣ ਲੜੀ ਜਾਵੇਗੀ ਅਤੇ ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੁ ਨੂੰ ਮੁਹਾਲੀ ਹਲਕੇ ਤੋਂ ਚੋਣ ਲੜਾਈ ਜਾਵੇਗੀ| ਕੰਵਰ ਸੰਧੁ ਹਿੰਦੋਸਤਾਨ ਟਾਈਮਜ ਦੇ ਸੰਪਾਦਕ ਰਹਿ ਚੁਕੇ ਹਨ ਅਤੇ ਉਹਨਾਂ ਦੀ ਮੁਹਾਲੀ ਹਲਕੇ ਵਿਚ ਵੀ ਕਾਫੀ ਜਾਣ ਪਹਿਚਾਣ ਹੈ|
ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਪਾਰਟੀ ਵਲੋਂ ਮੁਹਾਲੀ ਵਿਧਾਨਸਭਾ ਹਲਕੇ ਤੋਂ ਉਮੀਦਵਾਰ ਦੇ ਨਾਮ ਬਾਰੇ ਫੈਸਲਾ ਕਰਨ ਲਈ ਉੱਚ ਪੱਧਰ ਤੇ ਤਿੰਨ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਪਰੰਤੂ ਇਸ ਸੰਬੰਧੀ ਆਖਿਰੀ ਫੈਸਲਾ ਤਾਂ ਹੀ ਹੋਵੇਗਾਜਦੋਂ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਅਧਿਕਾਰਤ ਤੌਰ ਤੇ ਆਪਣੇ ਹਲਕੇ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਸਤੋਂ ਪਹਿਲਾਂ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਐਲਾਨ ਦੀ ਕੋਈ ਸੰਭਾਵਨਾ ਨਹੀਂ ਹੈ|

Leave a Reply

Your email address will not be published. Required fields are marked *