ਸੜਕਾਂ ਕਿਨਾਰੇ ਲੱਗੇ ਰੁੱਖਾਂ ਉਪਰ ਲਮਕਦੇ ਹਨ ਵੱਡ ਅਕਾਰੀ ਬਲੱਮ ਖੀਰੇ

ਸੜਕਾਂ ਕਿਨਾਰੇ ਲੱਗੇ ਰੁੱਖਾਂ ਉਪਰ ਲਮਕਦੇ ਹਨ ਵੱਡ ਅਕਾਰੀ ਬਲੱਮ ਖੀਰੇ
ਲੋਕਾਂ ਅਤੇ ਵਾਹਨਾਂ ਉਪਰ ਡਿੱਗ ਕੇ ਕਰਦੇ ਰਹੇ ਹਨ ਨੁਕਸਾਨ
ਐਸ ਏ ਐਸ ਨਗਰ, 11 ਅਪ੍ਰੈਲ (ਜਗਮੋਹਨ ਸਿੰਘ) ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸੜਕਾਂ ਕਿਨਾਰੇ ਲੱਗੇ ਹੋਏ ਅਨੇਕਾਂ ਰੁੱਖਾਂ ਉੱਪਰ ਵੱਡੀ ਗਿਣਤੀ ਵਿੱਚ ਵੱਡ ਅਕਾਰੀ ਬਲੱਮ ਖੀਰੇ ਲਮਕੇ ਹੋਏ ਹਨ| ਜੋ ਕਿ ਕਿਸੇ ਵੀ ਸਮੇਂ ਟੁੱਟ ਕੇ ਹੇਠਾਂ ਡਿਗ ਸਕਦੇ ਹਨ| ਇਹ ਬੱਲਮ ਖੀਰੇ ਅੰਦਾਜਨ 5-5 ਕਿਲੋ ਜਾਂ ਇਸ ਤੋਂ ਵੀ ਵਧੇਰੇ ਭਾਰੀ ਹਨ| ਅੱਜ ਕਲ ਮੌਸਮ ਮੀਂਹ ਤੇ ਹਨੇਰੀ ਵਾਲਾ ਬਣਿਆ ਹੋਇਆ ਹੈ| ਜਿਸ ਕਰਕੇ ਇਹਨਾਂ ਬਲਮ ਖੀਰਿਆਂ ਦੇ ਰੁੱਖਾਂ ਦੀਆਂ ਟਾਹਣੀਆਂ ਨਾਲੋਂ ਟੁੱਟ ਕੇ ਹੇਠਾਂ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ| ਕਈ ਵਾਰ ਇਹ ਬਲੱਮ ਖੀਰੇ ਜਦੋਂ ਰੁੱਖ ਤੋਂ ਟੁੱਟ ਕੇ ਹੇਠਾਂ ਡਿੱਗਦੇ ਹਨ ਤਾਂ ਹੇਠਾਂ ਲੰਘਦੇ ਲੋਕਾਂ ਦੇ ਸਿਰਾਂ ਉਪਰ ਵੱਜ ਕੇ ਉਹਨਾਂ ਦੇ ਸੱਟਾਂ ਮਾਰ ਦਿੰਦੇ ਹਨ| ਕਈ ਵਾਰ ਇਹ ਬਲੱਮ ਖੀਰੇ ਵਾਹਨਾਂ ਉਪਰ ਵੀ ਡਿੱਗ ਪੈਂਦੇ ਹਨ ਅਤੇ ਵਾਹਨਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ|
ਬਰਸਾਤ ਦਾ ਮੌਸਮ ਹੋਣ ਕਾਰਨ ਅਕਸਰ ਹੀ ਲੋਕ ਮੀਂਹ ਤੋਂ ਬਚਣ ਲਈ ਸੜਕਾਂ ਕਿਨਾਰੇ ਲੱਗੇ ਰੁੱਖਾਂ ਹੇਠ ਖੜੇ ਹੋ ਜਾਂਦੇ ਹਨ ਪਰ ਇਹਨਾਂ ਰੁੱਖਾਂ ਉਪਰ ਲੱਗੇ ਭਾਰੀ ਬਲਮ ਖੀਰੇ ਅਚਾਨਕ ਹੀ ਟੁੱਟ ਕੇ ਲੋਕਾਂ ਉਪਰ ਡਿੱਗ ਪੈਂਦੇ ਹਨ| ਕਈ ਵਾਰ ਜਿਸ ਵਿਅਕਤੀ ਉਪਰ ਇਹ ਬਲਮ ਖੀਰਾ ਡਿਗਿਆ ਹੁੰਦਾ ਹੈ, ਉਸਦੇ ਸੱਟ ਤਾਂ ਘੱਟ ਵਜਦੀ ਹੈ ਪਰ ਇਕ ਦਮ ਹੀ ਅਸਮਾਣ ਵਿਚੋਂ ਕੋਈ ਭਾਰੀ ਚੀਜ ਉਸਦੇ ਸਿਰ ਵਿੱਚ ਆ ਵੱਜਣ ਕਾਰਨ ਉਹ ਘਬਰਾਹਟ ਵਿੱਚ ਜਰੂਰ ਆ ਜਾਂਦਾ ਹੈ|
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਰੁੱਖਾਂ ਉਪਰ ਲਮਕਦੇ ਇਹਨਾਂ ਭਾਰੀ ਬਲਮ ਖੀਰਿਆਂ ਨੂੰ ਤੁਰੰਤ ਤੁੜਵਾਇਆ ਜਾਵੇ ਅਤੇ ਅੱਗੇ ਤੋਂ ਸ਼ਹਿਰ ਵਿੱਚ ਅਜਿਹੇ ਰੁੱਖ ਨਾ ਹੀ ਲਗਾਏ ਜਾਣ ਜਿਹਨਾਂ ਉਪਰ ਅਜਿਹੇ ਭਾਰੀ ਫਲ ਲਗਦੇ ਹਨ|

Leave a Reply

Your email address will not be published. Required fields are marked *