ਸੜਕਾਂ ਕਿਨਾਰੇ ਲੱਗੇ ਰੁੱਖਾਂ ਤੋਂ ਬੱਲਮ ਖੀਰੇ ਤੁੜਵਾਉਣ ਦੀ ਮੰਗ

ਜੇਕਰ ਕੋਈ ਹਾਦਸਾ ਹੋਇਆ ਤਾਂ ਕਮਿਸ਼ਨਰ ਨਿਜੀ ਤੌਰ ਤੇ ਹੋਣਗੇ ਜਿੰਮੇਵਾਰ : ਵਿਨੀਤ ਵਰਮਾ
ਐਸ ਏ ਐਸ ਨਗਰ, 27 ਜੁਲਾਈ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਸੜਕਾਂ ਕਿਨਾਰੇ ਲੱਗੇ ਰੁੱਖਾਂ ਉੱਪਰ ਲਗੇ ਬੱਲਮ ਖੀਰੇ ਤੋੜਨ ਦਾ ਮੁੱਦਾ ਮੁੜ ਚੁਕਦਿਆਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਇਹ ਬੱਲਮ ਖੀਰੇ ਤੁੜਵਾਏ ਜਾਣ|  ਇਸਦੇ ਨਾਲ ਹੀ ਉਹਨਾਂ ਨੇ ਚਿਤਾਵਨੀ ਦਿਤੀ ਹੈ ਕਿ ਇਹਨਾਂ ਬੱਲਮ ਖੀਰਿਆਂ ਕਾਰਨ ਜੇ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਨਗਰ ਨਿਗਮ ਦੇ ਕਮਿਸ਼ਨਰ ਇਸਦੇ ਲਈ ਨਿਜੀ ਤੌਰ ਤੇ ਜਿੰਮੇਵਾਰ ਹੋਣਗੇ|
ਨਗਰ ਨਿਗਮ ਐਸ ਏ ਐਸ ਨਗਰ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਇੱਕ ਮਹੀਨਾ ਪਹਿਲਾਂ ਵੀ ਇਹ ਬੱਲਮ ਖੀਰੇ ਤੋੜਨ ਲਈ ਨਗਰ ਨਿਗਮ ਨੂੰ ਮੰਗ ਪੱਤਰ ਦਿਤਾ ਸੀ ਪਰ ਉਸ ਉੱਪਰ ਕੋਈ ਕਾਰਵਾਈ ਨਹੀਂ ਹੋਈ| ਇਹ ਬੱਲਮ ਖੀਰੇ ਸੜਕਾਂ ਕਿਨਾਰੇ ਲੱਗੇ ਰੁੱਖਾਂ ਉੱਪਰ ਬਹੁਤ ਵੱਡੀ ਗਿਣਤੀ ਵਿੱਚ ਲੱਗੇ ਹੋਏ ਹਨ| ਇਹ ਬੱਲਮ ਖੀਰੇ 5-5, 6-6 ਕਿਲੋ ਭਾਰੇ ਹਨ ਅਤੇ ਅਕਸਰ ਹੀ ਰੁੱਖਾਂ ਨਾਲੋਂ ਟੁੱਟ ਕੇ ਹੇਠਾਂ ਡਿਗਦੇ ਰਹਿੰਦੇ ਹਨ|
ਇਹ ਬੱਲਮ ਖੀਰੇ ਪੱਥਰ ਵਾਂਗ ਸਖਤ ਹੁੰਦੇ ਹਨ| ਇਹਨਾਂ ਬੱਲਮ ਖੀਰਿਆਂ ਕਾਰਨ ਪਿਛਲੇ ਸਮੇਂ ਦੌਰਾਨ ਕਈ ਵਿਅਕਤੀ ਜਖਮੀ ਹੋ ਚੁੱਕੇ ਹਨ| ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਇਹਨਾਂ ਬੱਲਮ ਖੀਰਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ| ਇਹ ਭਾਰੀ ਬੱਲਮ ਖੀਰੇ ਜਦੋਂ ਰੁੱਖਾਂ ਨਾਲੋਂ ਟੁੱਟ ਕੇ ਹੇਠਾਂ ਡਿਗਦੇ ਹਨ ਤਾਂ ਹੇਠਾਂ ਜਾ ਰਹੇ ਵਿਅਕਤੀਆਂ ਦੇ ਸਿਰਾਂ ਵਿੱਚ ਵੱਜਦੇ ਹਨ ਤੇ ਉਸਨੂੰ ਜਖਮੀ ਕਰ ਦਿੰਦੇ ਹਨ| ਇਸ ਤੋਂ ਇਲਾਵਾ ਇਹ ਬੱਲਮ ਖੀਰੇ ਵਾਹਨਾਂ ਉੱਪਰ ਡਿੱਗ ਕੇ ਉਹਨਾਂ ਦਾ ਵੀ ਨੁਕਸਾਨ ਕਰ ਚੁੱਕੇ ਹਨ|
ਉਹਨਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਹੀ ਮੁੱਖ ਸੜਕਾਂ ਕਿਨਾਰੇ ਖੜੇ ਰੁੱਖਾਂ ਉੱਪਰ ਇਹ ਬਲਮ ਖੀਰੇ ਬਹੁਤ ਵੱਡੀ ਮਾਤਰਾ ਵਿੱਚ ਲੱਗੇ ਹੋਏ ਹਨ| ਜੋ ਕਿ ਕਦੇ ਵੀ ਟੁੱਟ ਕੇ ਡਿਗ ਸਕਦੇ ਹਨ|
ਉਹਨਾਂ ਮੰਗ ਕੀਤੀ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਕਰਕੇ ਇਹਨਾਂ ਬੱਲਮ ਖੀਰਿਆਂ ਦੇ ਟੁੱਟਣ ਦਾ ਖਤਰਾ ਵੱਧ ਗਿਆ ਹੈ, ਇਸ ਲਈ ਇਹਨਾਂ ਬੱਲਮ ਖੀਰਿਆਂ ਨੂੰ ਤੁਰੰਤ ਤੁੜਵਾਇਆ ਜਾਵੇ|

Leave a Reply

Your email address will not be published. Required fields are marked *