ਸੜਕਾਂ ਤੇ ਪਏ ਛੋਟੇ ਖੱਡੇ ਤੁਰੰਤ ਠੀਕ ਕੀਤੇ ਜਾਣ : ਐਨ ਐਸ ਕਲਸੀ

ਸੜਕਾਂ ਤੇ ਪਏ ਛੋਟੇ ਖੱਡੇ ਤੁਰੰਤ ਠੀਕ ਕੀਤੇ ਜਾਣ : ਐਨ ਐਸ ਕਲਸੀ
ਨਗਰ ਨਿਗਮ ਮੁਹਾਲੀ ਦੇ ਮੇਅਰ ਅਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਮੰਗ
ਐਸ ਏ ਐਸ ਨਗਰ, 9 ਜਨਵਰੀ (ਸ.ਬ.) ਐਚ ਐਮ ਹਾਊਸਿਸ ਵੈਲਫੇਅਰ ਐਸੋਸੀਏਸ਼ਨ ਫੇਜ਼ 4 ਮੁਹਾਲੀ ਦੇ ਪ੍ਰਧਾਨ ਰਿਟਾ. ਇੰਜਨੀਅਰ ਐਨ ਐਸ ਕਲਸੀ ਨੇ ਨਗਰ ਨਿਗਮ ਮੁਹਾਲੀ ਦੇ ਮੇ ਅਰ ਅਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਜੋ ਛੋਟੇ ਛੋਟੇ ਖੱਡੇ ਹਨ, ਉਹਨਾਂ ਨੂੰ ਤੁਰੰਤ ਠੀਕ ਕੀਤਾ ਜਾਵੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਲਸੀ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਵਿੱਚ ਜਦੋਂ ਵੀ ਛੋਟੇ ਛੋਟੇ ਖੱਡੇ ਪੈਂਦੇ ਹਨ ਤਾਂ ਉਹਨਾਂ ਖੱਡਿਆਂ ਦੀ ਨਿਗਮ ਅਧਿਕਾਰੀਆਂ ਵਲੋਂ ਤੁਰੰਤ ਮੁਰੰਮਤ ਨਹੀਂ ਕਰਵਾਈ ਜਾਂਦੀ ਜਦੋਂਕਿ ਇਹਨਾਂ ਛੋਟੇ ਖੱਡਿਆਂ ਨੂੰ ਠੀਕ ਕਰਨ ਉੱਪਰ ਘੱਟ ਖਰਚਾ ਹੁੰਦਾ ਹੈ| ਨਿਗਮ ਅਧਿਕਾਰੀ ਇਹਨਾਂ ਖੱਡਿਆਂ ਨੂੰ ਵੱਡਾ ਹੋਣ ਤਕ ਉਡੀਕਦੇ ਰਹਿੰਦੇ ਹਨ ਫਿਰ ਇਹਨਾਂ ਖੱਡਿਆਂ ਨੂੰ ਭਰਨ ਦੀ ਥਾਂ ਸੜਕਾਂ ਦੀ ਰੀਕਾਰਪੈਟਿੰਗ ਕਰਵਾ ਦਿੰਦੇ ਹਨ, ਇਸ ਤਰ੍ਹਾਂ ਨਿਗਮ ਦੇ ਕਰੋੜਾਂ ਰੁਪਏ ਦੀ ਬਰਬਾਦੀ ਹੁੰਦੀ ਹੈ| ਉਹਨਾਂ ਕਿਹਾ ਕਿ ਸੜਕਾਂ ਦੀ ਵਾਰ ਵਾਰ ਰੀਕਾਰਪੈਟਿੰਗ ਕਰਨ ਕਰਕੇ ਸੜਕਾਂ ਦਾ ਲੈਵਲ ਉਚਾ ਹੋ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਦੇ ਲੈਵਲ ਨੀਵਾਂ ਹੋ ਜਾਂਦਾ ਹੈ, ਜਿਸ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਜਾਣ ਲੱਗਦਾ ਹੈ|
ਉਹਨਾਂ ਕਿਹਾ ਕਿ ਇਸ ਸਮੇਂ ਸੈਕਟਰ 66-67, 67-68,68-69 ਨੂੰ ਵੰਡਦੀਆਂ ਸੜਕਾਂ ਉਪਰ ਬਹੁਤ ਮਾਤਰਾ ਵਿੱਚ ਛੋਟੇ ਖੱਡੇ ਪਏ ਹੋਏ ਹਨ ਜੋ ਕਿ 6 ਇੰਚ ਤਕ ਡੂੰਘੇ ਹਨ, ਪਰ ਇਨ੍ਹਾਂ ਦੀ ਮੁਰੰਮਤ ਕਰਵਾਉਣ ਵੱਲ ਨਿਗਮ ਅਧਿਕਾਰੀਆਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਇਹ ਅਧਿਕਾਰੀ ਇਹਨਾਂ ਖੱਡਿਆਂ ਨੂੰ ਵੱਡਾ ਹੋਣਾ ਉਡੀਕ ਰਹੇ ਹਨ| ਉਹਨਾਂ ਕਿਹਾ ਕਿ ਇਹਨਾਂ ਖੱਡਿਆਂ ਵਿੱਚ ਜਦੋਂ ਚਾਰ ਪਹੀਆ ਵਾਹਨ ਦਾ ਟਾਇਰ ਪੈਂਦਾ ਹੈ ਤਾਂ ਉਹ ਅਕਸਰ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਜਦੋਂਕਿ ਇਹਨਾਂ ਖਂੱਡਿਆਂ ਵਿੱਚ ਦੋ ਪਹੀਆ ਵਾਹਨ ਦਾ ਟਾਇਰ ਪੈਣ ਕਾਰਨ ਉਹ ਵਾਹਨ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ| ਉਹਨਾਂ ਕਿਹਾ ਕਿ ਉਪਰੋਕਤ ਸੜਕਾਂ ਉਪਰ ਪਏ ਛੋਟੇ ਛੋਟੇ ਖੱਡਿਆਂ ਨੂੰ ਜੇ ਹੁਣੇ ਠੀਕ ਕਰ ਦਿੱਤਾ ਜਾਵੇ ਤਾਂ ਬਾਅਦ ਵਿੱਚ ਇਨ੍ਹਾਂ ਸੜਕਾਂ ਦੀ ਰੀਕਾਰਪੈਂਟਿੰਗ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਨਗਰ ਨਿਗਮ ਮੁਹਾਲੀ ਦਾ ਕਰੋੜਾਂ ਰੁਪਇਆ ਬਰਬਾਦ ਹੋਣ ਤੋਂ ਬਚ ਜਾਵੇਗਾ|

Leave a Reply

Your email address will not be published. Required fields are marked *