ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਆਧੁਨਿਕ ਤਕਨਾਲੋਜੀ ਦੀ ਕੀਤੀ ਜਾਵੇਗੀ ਵਰਤੋਂ : ਅਰੁਨਾ ਚੌਧਰੀ

ਚੰਡੀਗੜ੍ਹ, 4 ਦਸੰਬਰ (ਸ.ਬ.) ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੜਕੀ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ| ਇਹ ਗੱਲ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਇਥੇ ਪੰਜਾਬ ਰਾਜ ਸਟੇਟ ਰੋਡ ਸੇਫਟੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਉਪਰੰਤ ਜਾਰੀ ਬਿਆਨ ਵਿੱਚ ਕਹੀ|
ਇਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਸ੍ਰੀਮਤੀ ਚੌਧਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਿਕੰਜਾ ਕਸਿਆ ਜਾਵੇ| ਈ-ਚਲਾਨਿੰਗ ਦੇ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਰੋਕਣ ਲਈ ਮਸ਼ੀਨਾਂ ਦੀ ਵਰਤੋਂ, ਤੇਜ਼ ਸਪੀਡ ਵਾਲੇ ਵਾਹਨਾਂ ਦੀ ਸ਼ਨਾਖਤ ਲਈ ਸਪੀਡ ਗੰਨਜ਼ ਅਤੇ ਓਵਰ ਲੋਡਿੰਗ ਨੂੰ ਰੋਕਣ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਤੇਜ਼ ਸਪੀਡ ਨੂੰ ਰੋਕਣ ਲਈ ਚੰਡੀਗੜ੍ਹ-ਨੰਗਲ ਮੁੱਖ ਮਾਰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਲੈਂਦੇ ਹੋਏ ਇਥੇ ਦੁਰਘਟਨਾ ਦੀ ਸੰਭਾਵਨਾਵਾਂ ਵਾਲੀਆਂ ਥਾਵਾਂ ਉਤੇ ਸਪੀਡ ਕੈਮਰੇ ਲਗਾਏ ਜਾਣ| ਉਨ੍ਹਾਂ ਕਿਹਾ ਕਿ ਓਵਰ ਲੋਡਿੰਗ ਦੀ ਸਮੱਸਿਆ ਨੂੰ ਰੋਕਣ ਲਈ ਟੋਲ ਪਲਾਜ਼ਿਆਂ ਤੋਂ ਇਲਾਵਾ ਹੋਰ ਵੀ ਸਥਾਨਾਂ ਉਤੇ ਵਾਹਨਾਂ ਦੇ ਭਾਰ ਚੈਕ ਕੀਤੇ ਜਾਣ|
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੜਕੀ ਸੁਰੱਖਿਆ ਨਿਯਮਾਂ ਦੀ ਪਾਲਣਾ ਜਿੱਥੇ ਸਖਤੀ ਨਾਲ ਲਾਗੂ ਕਰਨ ਨਾਲ ਹੋ ਸਕਦੀ ਹੈ ਉਥੇ ਸਭ ਤੋਂ ਜ਼ਰੂਰੀ ਹੈ ਕਿ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਵਿੱਢੀ ਜਾਵੇ| ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਖਾਸ ਤੌਰ ਤੇ ਜਾਗਰੂਕ ਕੈਂਪ ਲਗਾਏ ਜਾਣ| ਇਸ ਸਬੰਧੀ ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਸੜਕੀ ਸੁਰੱਖਿਆ ਨਿਯਮਾਂ ਨੂੰ ਸ਼ਾਮਲ ਕਰਨ ਦੇ ਨਾਲ ਸਵੇਰ ਦੀਆਂ ਪ੍ਰਾਥਨਾ ਸਭਾ ਵਿੱਚ ਵੀ ਜਾਣਕਾਰੀ ਦਿੱਤੀ ਜਾਵੇ| ਉਨ੍ਹਾਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਾਹਨ ਬਿਨਾਂ ਰਿਫੈਲਕਟਰਾਂ ਦੇ ਸੜਕ ਉਪਰ ਨਾ ਚੱਲੇ|
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਨਿਰਮਲਜੀਤ ਸਿੰਘ ਕਲਸੀ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸ਼ਿਵਾ ਪ੍ਰਸ਼ਾਦ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਦਿਲਰਾਜ ਸਿੰਘ, ਏ.ਡੀ.ਜੀ.ਪੀ. (ਟ੍ਰੈਫਿਕ) ਡਾ. ਸ਼ਰਦ ਚੌਹਾਨ, ਪੰਜਾਬ ਪੁਲਿਸ ਦੇ ਟ੍ਰੈਫਿਕ ਸਲਾਹਕਾਰ ਸ੍ਰੀ ਨਵਦੀਪ ਅਸੀਜਾ, ਸ੍ਰੀ ਹਰਮਨ ਸਿੰਘ ਸਿੱਧੂ ਸਮੇਤ ਵੱਖ-ਵੱਖ ਵਿਭਾਗ ਜਿਵੇਂ ਕਿ ਵਿੱਤ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਸਿਹਤ, ਸਥਾਨਕ ਸਰਕਾਰਾਂ, ਪੀ.ਆਰ.ਬੀ. ਡੀ.ਬੀ, ਪੰਜਾਬ ਮੰਡੀਕਰਨ ਬੋਰਡ ਦੇ ਨੁਮਾਇੰਦੇ ਵੀ ਹਾਜ਼ਰ ਸਨ|
ਹਾੜ੍ਹੀ ਦੇ ਮੌਸਮ ਲਈ ਨਹਿਰਾਂ ਵਿੱਚ ਪਾਣੀ ਛੱਡਣ ਦੇ ਵੇਰਵੇ ਜਾਰੀ
ਚੰਡੀਗੜ, 4 ਦਸੰਬਰ (ਸ.ਬ.) ਜਲ ਸ੍ਰੋਤ ਵਿਭਾਗ ਵੱਲੋਂ ਹਾੜ੍ਹੀ ਦੇ ਮੌਸਮ ਦੌਰਾਨ 10 ਦਸੰਬਰ ਤੱਕ ਨਹਿਰੀ ਪਾਣੀ ਛੱਡਣ ਦੇ ਵੇਰਵੇ ਜਾਰੀ ਕੀਤੇ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਹਿੰਦ ਕੈਨਾਲ ਸਿਸਟਮ ਜਿਵੇਂ ਕਿ ਅਬੋਹਰ ਬ੍ਰਾਂਚ, ਪਟਿਆਲਾ ਫੀਡਰ, ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ ਅਤੇ ਸਿੱਧਵਾਂ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ ਦੇ ਆਧਾਰ ਤੇ ਚੱਲਣਗੀਆਂ|
ਉਨ੍ਹਾਂ ਦੱਸਿਆ ਕਿ ਘੱਗਰ ਲਿੰਕ ਅਤੇ ਇਸ ਵਿਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਜੋ ਕਿ ਗਰੁੱਪ ਬੀ ਵਿਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ਤੇ ਪੂਰਾ ਪਾਣੀ ਮਿਲੇਗਾ| ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ ਜੋ ਕਿ ਗਰੁੱਪ ਏ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਅਧਾਰ ਤੇ ਬਾਕੀ ਬਚਦਾ ਪਾਣੀ ਮਿਲੇਗਾ|
ਹਰੀਕੇ ਅਤੇ ਫਿਰੋਜ਼ਪੁਰ ਹੈਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਅਤੇ ਬ੍ਰਾਂਚਾਂ ਯਾਨੀ ਕਿ ਸਰਹੰਦ ਫੀਡਰ ਵਿਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਜਿਹੜੇ ਕਿ ਗਰੁੱਪ ਬੀ ਵਿਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ਤੇ ਪੂਰਾ ਪਾਣੀ ਮਿਲੇਗਾ| ਸਰਹੰਦ ਫੀਡਰ ਵਿਚੋਂ ਨਿਕਲਦੇ ਸਾਰੇ ਰਜਬਾਹੇ ਜਿਹੜੇ ਕਿ ਗਰੁੱਪ ਏ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ਤੇ ਬਾਕੀ ਬਚਦਾ ਪਾਣੀ ਮਿਲੇਗਾ|
ਉਨ੍ਹਾਂ ਦੱਸਿਆ ਕਿ ਲਾਹੌਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਪਾਣੀ ਦਿੱਤਾ ਜਾਵੇਗਾ ਜਦ ਕਿ ਮੇਨ ਬਰਾਂਚ ਲੋਅਰ, ਸਭਰਾਓ ਬ੍ਰਾਂਚ, ਕਸੂਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ|

Leave a Reply

Your email address will not be published. Required fields are marked *